ਜੰਡਿਆਲਾ ਗੁਰੂ ‘ਚ ਦੇਰ ਰਾਤ ਗੋਲੀਆਂ ਦੀਆਂ ਗੂੰਜਾਂ, ਐਮਸੀ ਚੋਣਾਂ ਨਾਲ ਜੋੜਿਆ ਜਾ ਰਿਹਾ ਮਾਮਲਾ

Published: 

20 Apr 2026 14:05 PM IST

ਇਹ ਹਮਲਾ ਉਸ ਸਮੇਂ ਹੋਇਆ ਜਦੋਂ ਇਲਾਕੇ 'ਚ ਨਗਰ ਕੌਂਸਲ ਚੋਣਾਂ ਦੀ ਤਿਆਰੀ ਜ਼ੋਰਾਂ ਤੇ ਹੈ ਤੇ ਇਸ ਨੂੰ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲਰ ਦੀ ਸੀਟ ਤੇ ਚੋਣ ਲੜ ਰਹੇ ਸੁਰਿੰਦਰ ਸਿੰਘ ਸੋਨੂੰ ਨੂੰ ਪਹਿਲਾਂ ਵੀ ਧਮਕੀਆਂ ਮਿਲ ਰਹੀਆਂ ਸਨ।

ਜੰਡਿਆਲਾ ਗੁਰੂ ਚ ਦੇਰ ਰਾਤ ਗੋਲੀਆਂ ਦੀਆਂ ਗੂੰਜਾਂ, ਐਮਸੀ ਚੋਣਾਂ ਨਾਲ ਜੋੜਿਆ ਜਾ ਰਿਹਾ ਮਾਮਲਾ

ਜੰਡਿਆਲਾ ਗੁਰੂ ‘ਚ ਇੱਕ ਵਾਰ ਫਿਰ ਤੋਂ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ, ਜਿਸ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਕੁੱਝ ਅਣਪਛਾਤੇ ਨੌਜਵਾਨਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਲਗਭਗ 10 ਤੋਂ 12 ਫਾਇਰ ਕੀਤੇ ਗਏ। ਗੋਲੀਆਂ ਸਿੱਧੀਆਂ ਘਰ ਦੇ ਗੇਟ ਤੇ ਲੱਗੀਆਂ, ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਬਚ ਗਿਆ।

ਇਹ ਹਮਲਾ ਉਸ ਸਮੇਂ ਹੋਇਆ ਜਦੋਂ ਇਲਾਕੇ ‘ਚ ਨਗਰ ਕੌਂਸਲ ਚੋਣਾਂ ਦੀ ਤਿਆਰੀ ਜ਼ੋਰਾਂ ਤੇ ਹੈ ਤੇ ਇਸ ਨੂੰ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲਰ ਦੀ ਸੀਟ ਤੇ ਚੋਣ ਲੜ ਰਹੇ ਸੁਰਿੰਦਰ ਸਿੰਘ ਸੋਨੂੰ ਨੂੰ ਪਹਿਲਾਂ ਵੀ ਧਮਕੀਆਂ ਮਿਲ ਰਹੀਆਂ ਸਨ।

ਉਨ੍ਹਾਂ ਦੇ ਮੁਤਾਬਕ, ਪਹਿਲਾਂ ਇੱਕ ਫੋਨ ਕਾਲ ਰਾਹੀਂ ਧਮਕੀ ਦਿੱਤੀ ਗਈ ਸੀ ਕਿ ਉਹ ਚੋਣ ਨਾ ਲੜਨ। ਇਸ ਤੋਂ ਬਾਅਦ ਉਨ੍ਹਾਂ ਦੀ ਗੱਡੀ ਤੇ ਵੀ ਹਮਲਾ ਕੀਤਾ ਗਿਆ ਸੀ, ਜਿਸ ਦੇ ਮੱਦੇਨਜ਼ਰ ਪੁਲਿਸ ਵੱਲੋਂ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ। ਤਾਜ਼ਾ ਘਟਨਾ ‘ਚ ਚਾਰ ਅਣਪਛਾਤੇ ਨੌਜਵਾਨਾਂ ਵੱਲੋਂ ਘਰ ਦੇ ਬਾਹਰ ਆ ਕੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ ਤੇ ਬਾਅਦ ‘ਚ ਉਹ ਮੌਕੇ ਤੋਂ ਫ਼ਰਾਰ ਹੋ ਗਏ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਦੀ ਪਛਾਣ ਕੀਤੀ ਜਾ ਸਕੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹੀ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Follow Us