ਜਲੰਧਰ ਨਿਊਜ: ਜਲੰਧਰ ਜਿਮਨੀ ਚੋਣ ਨੂੰ ਲੈ ਕੇ ਕੁਝ ਦਿਨ ਪਹਿਲਾਂ ਈਸਾਈ ਭਾਈਚਾਰੇ ਵੱਲੋਂ ਯੂਨਾਈਟਿਡ ਪੰਜਾਬ ਪਾਰਟੀ (United Punjab Party) ਦਾ ਗਠਨ ਕੀਤਾ ਗਿਆ ਸੀ। ਉਸ ਵੇਲ੍ਹੇ ਦਾਅਵਾ ਕੀਤਾ ਸੀ ਕਿ ਆਪਣੇ ਭਾਈਚਾਰੇ ਦੀ ਆਵਾਜ ਚੁੱਕਣ ਲਈ ਉਨ੍ਹਾਂ ਵੱਲੋਂ ਇਸ ਪਾਰਟੀ ਦਾ ਗਠਨ ਕੀਤਾ ਗਿਆ ਹੈ। ਪਰ ਚੋਣ ਤੋਂ ਪਹਿਲਾਂ ਹੀ ਹੁਣ ਯੂਨਾਈਟਿਡ ਪੰਜਾਬ ਨੇ ਆਮ ਆਦਮੀ ਪਾਰਟੀ (ਆਪ) ਦਾ ਸਾਥ ਦੇਣ ਦਾ ਐਲਾਨ ਕੀਤਾ ਹੈ। ਪਾਰਟੀ ਵੱਲੋਂ ਲਏ ਗਏ ਫੈਸਲੇ ਮੁਤਾਬਕ, ਆਉਣ ਵਾਲੀ ਜ਼ਿਮਨੀ ਚੋਣ ਵਿੱਚ ਯੂਨਾਈਟਿਡ ਪੰਜਾਬ ਪਾਰਟੀ ਆਪਦਾ ਸਾਥ ਦੇਵੇਗੀ।
ਯੂਨਾਈਟਿਡ ਪੰਜਾਬ ਪਾਰਟੀ ਦੇ ਮੁਖੀ ਅਲਬਰਟ ਦੁਆ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਮੰਨਣ ਦਾ ਵਾਅਦਾ ਕੀਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ 2024 ਵਿੱਚ ਉਹ ਆਪਣੇ ਦਮ ਤੇ ਸਾਰੇ 13 ਲੋਕ ਸਭਾ ਹਲਕਿਆਂ ਤੋਂ ਚੋਣ ਲੜਨਗੇ।
‘ਮੰਗਾਂ ਮੰਨੇ ਜਾਣ ਦੇ ਭਰੋਸੇ ਤੋਂ ਬਾਅਦ ਲਿਆ ਫੈਸਲਾ’
ਪਾਰਟੀ ਦੇ ਜਰਨਲ ਸਕੱਤਰ ਰੋਸ਼ਨ ਜੌਰਜ ਨੇ ਇਹ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਰਹੀ ਹੈ ਅਤੇ ਇਹ ਸਮਰਥਨ ਕਿਸੇ ਦਬਾਅ ਹੇਠ ਨਹੀਂ ਦਿੱਤਾ ਜਾ ਰਿਹਾ ਹੈ ਪਰ ਉਨ੍ਹਾਂ ਨੇ ਕੈਬਿਨੇਟ ਮੰਤਰੀ ਹਰਪਾਲ ਚੀਮਾ ਨਾਲ ਮੀਟਿੰਗ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੀਆਂ ਸਾਰੇ ਮੰਗਾਂ ਮੰਨੀਆਂ ਜਾਣਗੀਆਂ। ਇਸ ਭਰੋਸੇ ਤੋਂ ਬਾਅਦ ਹੀ ਪਾਰਟੀ ਵੱਲੋਂ ਉਨ੍ਹਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ। ਈਸਾਈ ਭਾਈਚਾਰੇ ਦੇ ਲੋਕਾਂ ਬਾਰੇ ਉਨ੍ਹਾਂ ਕਿਹਾ ਕਿ 60 ਤੋਂ 70 ਫੀਸਦੀ ਲੋਕ ਉਨ੍ਹਾਂ ਦੀ ਸਲਾਹ ‘ਤੇ ਵੋਟ ਪਾਉਣਗੇ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ