ਜਲੰਧਰ ਨਿਊਜ: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਤੋਂ ਪਹਿਲਾ ਪਾਰਟੀਆਂ ਬਦਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਲੰਧਰ ਦੇ ਪੱਛਮੀ ਹਲਕੇ ਤੋਂ ਸਾਬਕਾ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਬੁੱਧਵਾਰ ਨੂੰ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਿੰਕੂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੌਕੇ ਰਾਜਸਭਾ ਮੈਂਬਰ ਰਾਘਵ ਚੱਢਾ ਅਤੇ ਪਾਰਟੀ ਦੇ ਹੋਰ ਕਈ ਉੱਘੇ ਆਗੂ ਵੀ ਮੌਜੂਦ ਰਹੇ।
ਦੱਸ ਦੇਈਏ ਕਿ ਕਾਂਗਰਸ ਨੇ ਰਿੰਕੂ ਨੂੰ ਝਟਕਾ ਦਿੰਦੇ ਹੋਏ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਹੈ। ਪੱਤਰ ਜਾਰੀ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਹਰੀਸ਼ ਚੌਧਰੀ ਨੇ ਲਿਖਿਆ ਕਿ ਸੁਸ਼ੀਲ ਰਿੰਕੂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਬਾਹਰ ਦਾ ਰਾਹ ਵਿਖਾਇਆ ਗਿਆ ਹੈ।
ਬਹੁਤ ਜਲਦੀ ਉਮੀਦਵਾਰ ਦਾ ਐਲਾਨ ਕਰਾਂਗੇ – ਸੀਐੱਮ
ਸੁਸ਼ੀਲ ਰਿੰਕੂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਉਣ ਤੋਂ ਬਾਅਦ ਮੀਡੀਆ ਨੂੰ ਮੁਖਾਤਿਬ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਛੇਤੀ ਹੀ ਜਲੰਧਰ ਲੋਕ ਸਭਾ ਦੀ ਜਿਮਣੀ ਚੋਣ ਲਈ ਉਮੀਦਵਾਰ ਦੇ ਨਾਂ ਦਾ ਐਲਾਨ ਕਰੇਗੀ। ਨਾਲ ਹੀ ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਵਾਰ ਜੰਲਧਰ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੀ ਐੱਮਪੀ ਬਣ ਕੇ ਲੋਕ ਸਭਾ ਵਿੱਚ ਜਾਵੇਗਾ।
ਆਪ ਜਿੱਤੇਗੀ ਜਲੰਧਰ ਲੋਕ ਸਭਾ ਸੀਟ – ਕੇਜਰੀਵਾਲ
ਉੱਧਰ ਇਸ ਮੌਕੇ ਮੌਜੂਦ ਅਰਵਿੰਦ ਕੇਜਰੀਵਾਲ ਨੇ ਵੀ ਜਲੰਧਰ ਜਿਮਨੀ ਚੋਣ ਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਦਾਅਵਾ ਠੋਕਿਆ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਭਗਵੰਤ ਮਾਨ ਸਰਕਾਰ ਨੇ ਜਿਸ ਤਰ੍ਹਾਂ ਨਾਲ ਪੰਜਾਬ ਵਿੱਚ ਕੰਮ ਕੀਤਾ ਹੈ ਉਹ ਬਹੁਤ ਸ਼ਾਨਦਾਰ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਜਿੰਨ੍ਹੀਆਂ ਵੀ ਸਰਕਾਰਾਂ ਆਈਆਂ ਨੇ, ਉਹ ਰਾਜੇ-ਮਹਾਰਾਜਿਆਂ ਜਾਂ ਪਰਿਵਾਰਾਂ ਦੀਆਂ ਸਰਕਾਰਾਂ ਸਨ, ਪਹਿਲੀ ਵਾਰ ਅਜਿਹੀ ਸਰਕਾਰ ਆਈ ਹੈ ਜਦੋਂ ਇੱਕ ਸਧਾਰਨ ਟੀਚਰ ਦਾ ਪੁੱਤਰ ਸੂਬੇ ਦਾ ਮੁੱਖ ਮੰਤਰੀ ਬਣਿਆ ਹੈ। ਕਿਸਾਨ ਦਾ ਪੁੱਤਰ ਹੋਣ ਦੇ ਨਾਤੇ ਉਸ ਨੂੰ ਪਤਾ ਹੈ ਕਿ ਕਿਸਾਨਾਂ ਦੀਆਂ ਪਰੇਸ਼ਾਨੀਆਂ ਕੀ ਹੁੰਦੀਆਂ ਹਨ। ਉਨ੍ਹਾਂ ਉਮੀਦ ਜਤਾਈ ਕਿ ਜਲੰਧਰ ਦੇ ਲੋਕ ਇਸ ਸੀਟ ਨੂੰ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾ ਕੇ ਪਾਰਟੀ ਦਾ ਹੌਂਸਲਾ ਵਧਾਉਣਗੇ।
ਹਰ ਜਿੰਮੇਦਾਰੀ ਨੂੰ ਇਮਾਨਦਾਰੀ ਨਾਲ ਨਿਭਾਵਾਂਗਾ -ਰਿੰਕੂ
ਇਸ ਮੌਕੇ ਰਿੰਕੂ ਨੇ ਕਿਹਾ ਕਿ ਪਾਰਟੀ ਜੋ ਵੀ ਜਿੰਮੇਦਾਰੀ ਉਨ੍ਹਾਂ ਨੂੰ ਦੇਵੇਗੀ, ਉਸ ਨੂੰ ਉਹ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਜਲੰਧਰ ਤੋਂ ਲੋਕ ਸਭਾ ਜਿਮਨੀ ਚੋਣ ਲਈ ਉਮੀਦਵਾਰ ਚੁਣੇ ਜਾਣ ਦੇ ਸਵਾਲ ਤੇ ਰਿੰਕੂ ਨੇ ਕਿਹਾ ਕਿ ਇਹ ਫੈਸਲਾ ਪਾਰਟੀ ਕਰੇਗੀ। ਜੇਕਰ ਪਾਰਟੀ ਉਨ੍ਹਾਂ ਨੂੰ ਉਮੀਦਵਾਰ ਐਲਾਨਦੀ ਹੈ ਤਾਂ ਉਹ ਪਾਰਟੀ ਦੀ ਝੋਲੀ ਵਿੱਚ ਇਹ ਸੀਟ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਚੋਣ ਦੇ ਨਤੀਜੇ ਪਾਜੇਟਿਵ ਹੀ ਆਉਣਗੇ। ਆਪ ਦਾ ਪੱਲਾ ਫੜਣ ਦੀ ਵਜ੍ਹਾ ਪੁੱਛਣ ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਦਾ ਅਨੁਸ਼ਾਸਨ ਬਹੁਤ ਪਸੰਦ ਆਇਆ ਹੈ।
ਛੇਤੀ ਹੋ ਸਕਦਾ ਹੈ ਰਿੰਕੂ ਦੇ ਨਾਂ ਦਾ ਐਲਾਨ
ਸੂਤਰਾਂ ਦਾ ਮੰਨੀਏ ਤਾਂ ਆਮ ਆਦਮੀ ਪਾਰਟੀ ਬਹੁਤ ਛੇਤੀ ਜਲੰਧਰ ਲੋਕ ਸਭਾ ਜਿਮਨੀ ਚੋਣ ਲਈ ਸੁਸ਼ੀਲ ਰਿੰਕੂ ਨੂੰ ਮੈਦਾਨ ਵਿੱਚ ਉਤਾਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਰਿੰਕੂ ਦਾ ਨਾਂ ਤਕਰੀਬਨ ਤਕਰੀਬਨ ਤੈਅ ਹੈ। ਪਰ ਇਸ ਲਈ ਪਾਰਟੀ ਨੂੰ ਪਹਿਲਾਂ ਤੋਂ ਨਰਾਜ ਚੱਲ ਰਹੇ ਆਗੂ ਸ਼ੀਤਲ ਅਬਰਾਲ ਨੂੰ ਮਣਾਉਣਾ ਹੋਵੇਗਾ। ਕਿਉਂਕਿ ਸ਼ੀਤਲ ਅਬਰਾਲ ਨੇ ਰਿੰਕੂ ਨੂੰ ਵਿਧਾਨਸਭਾ ਚੋਣਾਂ ਵਿੱਚ ਹਰਾਇਆ ਸੀ। ਹਾਲਾਂਕਿ, ਸ਼ੀਤਲ ਨੇ ਹੁਣ ਸਾਰੀ ਨਰਾਜਗੀ ਦੂਰ ਹੋਣ ਦੀ ਗੱਲ ਕਹਿੰਦਿਆਂ ਪਾਰਟੀ ਦੇ ਫੈਸਲੇ ਨੂੰ ਸਿਰ ਮੱਥੇ ਲਿਆ ਹੈ।
ਅਕਾਲੀ- ਬਸਪਾ ਗਠਜੋੜ ‘ਚ ਲੜਣਗੇ ਚੋਣ
ਉੱਧਰ ਅਕਾਲੀ ਦੱਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਗਠਜੋੜ ਵਿੱਚ ਇਹ ਚੋਣ ਲੜਣਗੇ। ਬੁੱਧਵਾਰ ਨੂੰ ਹੋਈ ਦੋਵਾਂ ਪਾਰਟੀ ਦੀ ਸੰਯੁਕਤ ਬੈਠਕ ਵਿੱਚ ਫੈਸਲਾ ਲਿਆ ਗਿਆ ਕਿ ਉਮੀਦਵਾਰ ਦਾ ਨਾਂ ਬਸਪਾ ਸੁਪਰੀਮੋ ਮਾਇਆਵਦੀ ਤੈਅ ਕਰਨਗੇ। ਇਸ ਲਈ ਦੋਵੇਂ ਪਾਰਟੀਆਂ ਉਮੀਦਵਾਰ ਦੇ ਨਾਂ ਤੇ ਸਹਿਮਤੀ ਬਣਨ ਤੋਂ ਬਾਅਦ ਹੀ ਕੋਈ ਐਲਾਨ ਕਰਨਗੇ। ਜਦਕਿ, ਕਾਂਗਰਸ ਨੇ ਪਹਿਲਾਂ ਹੀ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਨੂੰ ਆਪਣਾ ਉਮੀਦਵਾਰ ਐਲਾਨਿਆ ਹੋਇਆ ਹੈ।
ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ