ਪੰਜਾਬ ਨਿਊਜ: ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਕੱਲ ਫੇਰ ਵਿਜੀਲੈਂਸ ਬਿਊਰੋ (Vigilance Bureau) ਦੇ ਸਾਹਮਣੇ ਪੇਸ਼ ਹੋਣਾ ਹੈ। ਇਸ ਸਬੰਧੀ ਚਰਨਜੀਤ ਸਿੰਘ ਚੰਨੀ ਨੇ ਇੱਕ ਵਾਰ ਮੁੜ ਤੋਂ ਸੂਬਾ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਉਹ ਮੇਰੇ ‘ਤੇ ਦਬਾਅ ਬਣਾਉਣਾ ਚਾਹੁੰਦੇ ਹਨ। ਮੈਨੂੰ ਖ਼ਰਾਬ ਕਰਨਾ ਚਾਹੁੰਦੇ ਹਨ ਅਤੇ ਜੇਲ੍ਹ ਵਿੱਚ ਵੀ ਡੱਕਣਾ ਚਾਹੁੰਦੇ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾ 14 ਅਪ੍ਰੈਲ ਨੂੰ ਛੁੱਟੀ ਵਾਲੇ ਦਿਨ ਅਚਾਨਕ ਚੰਨੀ ਨੂੰ ਵਿਜਿਲੈਂਸ ਵਿਭਾਗ ਨੇ ਤਲਬ ਕਰ ਲਿਆ ਸੀ। ਉਦੋਂ ਚੰਨੀ ਨੇ ਸੰਮਨ ਦੀ ਟਾਈਮਿੰਗ ‘ਤੇ ਸਵਾਲ ਚੁੱਕਦਿਆਂ ਕਿਹਾ ਸੀ ਕਿ ਜਦੋਂ ਵਿਸਾਖੀ ਦੀ ਛੁੱਟੀ ‘ਤੇ ਸਾਰੇ ਦਫ਼ਤਰ ਬੰਦ ਹਨ ਤਾਂ ਉਹ ਇਕੱਲੇ ਹੀ ਵਿਜੀਲੈਂਸ ਦੇ ਦਫ਼ਤਰ ਜਾਵਾਂਗਾ।
ਇਹ ਵੀ ਦੱਸ ਦੇਈਏ ਕਿ ਬੀਤੀ 7 ਮਾਰਚ ਨੂੰ ਵਿਜੀਲੈਂਸ ਬਿਊਰੋ ਨੇ ਚਰਨਜੀਤ ਸਿੰਘ ਚੰਨੀ ਖਿਲਾਫ ਲੁੱਕਆਊਟ ਸਰਕੂਲਰ ਨੋਟਿਸ ਜਾਰੀ ਕਰਦਿਆਂ ਉਨ੍ਹਾਂ ਦੇ ਦੇਸ਼ ਤੋਂ ਬਾਹਰ ਜਾਣ ਤੇ ਰੋਕ ਲਗਾ ਦਿੱਤੀ ਸੀ। ਇਸ ਨੋਟਿਸ ਤੋਂ ਬਾਅਦ ਚੰਨੀ ਨੇ ਆਪਣਾ ਅਮਰੀਕਾ ਦੌਰਾ ਰੱਦ ਕਰ ਦਿੱਤਾ ਸੀ।
ਅਮ੍ਰਿਤਪਾਲ ਦੀ ਪਤਨੀ ਨੂੰ ਰੋਕਣ ਤੇ ਕੀ ਬੋਲੇ ਚੰਨੀ
ਵੀਰਵਾਰ ਨੂੰ ਅੰਮ੍ਰਿਤਸਰ ਏਅਰਪੋਰਟ ਤੇ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਨੂੰ ਰੋਕਣ ਨੂੰ ਲੈ ਕੇ ਵੀ ਚੰਨੀ ਨੇ ਸਰਕਾਰ ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਉਨ੍ਹਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕਰ ਰਿਹਾ ਹੈ। ਉਸ ਦੀ ਪਤਨੀ ਇਕ ਮਹੀਨੇ ਤੋਂ ਘਰ ਵਿਚ ਸੀ, ਫਿਰ ਉਸ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ। ਸਬੂਤਾਂ ਦੀ ਘਾਟ ਕਾਰਨ ਸਰਕਾਰ ਜਾਣਬੁੱਝ ਕੇ ਪ੍ਰੇਸ਼ਾਨ ਕਰ ਰਹੀ ਹੈ।
ਸੂਬੇ ਦੀ ਕਾਨੂੰਨ ਵਿਵਸਥਾ ਤੇ ਚੁੱਕੇ ਸਵਾਲ
ਮੁਖਤਾਰ ਅੰਸਾਰੀ ਤੇ ਮੁੱਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਗਏ ਟਵੀਟ ‘ਤੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ 55 ਲੱਖ ਰੁਪਏ ਦੇਵੇ ਜਾਂ ਨਾ ਦੇਵੇ ਇਸ ਨਾਲ ਸੂਬੇ ਦਾ ਕੋਈ ਨੁਕਸਾਨ ਨਹੀਂ ਹੈ। ਇਹ ਸਭ ਡਰਾਮਾ ਹੈ, ਅਜਿਹੀਆਂ ਗੱਲਾਂ ਨੂੰ ਮੀਡੀਆ ਵਿੱਚ ਲਿਆਉਣ ਦੀ ਜਾਂ ਟਵੀਟ ਕਰਨ ਦੀ ਲੋੜ ਨਹੀਂ ਹੁੰਦੀ ਹੈ। ਨਾਲ ਹੀ ਉਨ੍ਹਾਂ ਨੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਵੱਡੇ ਸਵਾਲ ਚੁੱਕੇ ਹਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ