ਜਲੰਧਰ: ਰੇਲਵੇ ਲਾਈਨ ਨੇੜ੍ਹੇ ਅਣਪਛਾਤੇ ਹਮਲਵਾਰ ਨੇ ਨੌਜਵਾਨ ਨੂੰ ਮਾਰੀ ਗੋਲੀ, ਸੀਸੀਟੀਵੀ ਵੀਡੀਓ ‘ਚ ਕੈਦ ਹੋਈ ਖੌਫ਼ਨਾਕ ਘਟਨਾ
ਫੋਨ 'ਤੇ ਜਾਣਕਾਰੀ ਦਿੰਦੇ ਹੋਏ ਮਨਜਿੰਦਰ ਸਿੰਘ ਬੱਸੀ ਨੇ ਦੱਸਿਆ ਕਿ ਕਮਲ ਵਿਹਾਰ ਇਲਾਕਾ ਉਨ੍ਹਾਂ ਦੇ ਥਾਣੇ ਅਧੀਨ ਆਉਂਦਾ ਹੈ ਅਤੇ ਜਦੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਤਾਂ ਉਹ ਤੁਰੰਤ ਮੌਕੇ 'ਤੇ ਪਹੁੰਚੇ। ਪਰ ਇਹ ਘਟਨਾ ਰੇਲਵੇ ਲਾਈਨ 'ਤੇ ਵਾਪਰੀ, ਇਸ ਲਈ ਜੀਆਰਪੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਾਮਲੇ ਸਬੰਧੀ ਜੀਆਰਪੀ ਪੁਲਿਸ ਵੱਲੋਂ ਐਫਆਈਆਰ ਦਰਜ ਕਰ ਲਈ ਗਈ ਹੈ।
ਪੰਜਾਬ ਦੇ ਜਲੰਧਰ ਦੇ ਥਾਣਾ ਰਾਮਾ ਮੰਡੀ ਅਧੀਨ ਪੈਂਦੇ ਕਮਲ ਵਿਹਾਰ ਇਲਾਕੇ ‘ਚ ਸ਼ਨੀਵਾਰ ਦੇਰ ਰਾਤ ਰੇਲਵੇ ਲਾਈਨ ਤੋਂ ਲੰਘ ਰਹੇ ਇੱਕ ਨੌਜਵਾਨ ਦੇ ਪੇਟ ‘ਚ ਗੋਲੀ ਮਾਰ ਦਿੱਤੀ ਗਈ। ਵਾਰਦਾਤ ਕਰਨ ਤੋਂ ਬਾਅਦ ਮੁਲਜ਼ਮ ਉੱਥੋਂ ਫ਼ਰਾਰ ਹੋ ਗਿਆ। ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਜ਼ਖਮੀ ਨੌਜਵਾਨ ਨੂੰ ਗੰਭੀਰ ਹਾਲਤ ‘ਚ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਨੌਜਵਾਨ ਦੀ ਪਛਾਣ ਮਨੀਸ਼ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਮੁਹੱਲਾ ਨਾਰਾਇਣ ਸਿੰਘ ਕਮਲ ਵਿਹਾਰ, ਬਸ਼ੀਰਪੁਰਾ ਵਜੋਂ ਹੋਈ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਗੋਲੀ ਕਿਉਂ ਚਲਾਈ ਗਈ।
ਦੱਸਿਆ ਜਾ ਰਿਹਾ ਹੈ ਕਿ ਮਨੀਸ਼ ਕੇਬਲ ਆਪਰੇਟਰ ਵਜੋਂ ਕੰਮ ਕਰਦਾ ਹੈ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ। ਪੁਲਿਸ ਵੱਲੋਂ ਸੀਸੀਟੀਵੀ ਵੀਡੀਓ ਵੀ ਚੈੱਕ ਕੀਤੇ ਜਾ ਰਹੇ ਹਨ, ਜਦੋਂ ਕਿ ਇੱਕ ਹੋਰ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ 4 ਤੋਂ 5 ਨੌਜਵਾਨ ਇੱਕ ਗਲੀ ਵਿੱਚ ਖੜ੍ਹੇ ਹਨ, ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਨੌਜਵਾਨਾਂ ‘ਚੋਂ ਇੱਕ ਨੇ ਰੇਲਵੇ ਲਾਈਨ ‘ਤੇ ਮਨੀਸ਼ ਨੂੰ ਗੋਲੀ ਮਾਰ ਦਿੱਤੀ ਹੈ। ਕਮਲ ਵਿਹਾਰ ‘ਚ ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਰਾਮਾ ਮੰਡੀ ਥਾਣਾ ਇੰਚਾਰਜ ਮਨਜਿੰਦਰ ਸਿੰਘ ਬੱਸੀ ਪੁਲਿਸ ਪਾਰਟੀ ਨਾਲ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਫੋਨ ‘ਤੇ ਜਾਣਕਾਰੀ ਦਿੰਦੇ ਹੋਏ ਮਨਜਿੰਦਰ ਸਿੰਘ ਬੱਸੀ ਨੇ ਦੱਸਿਆ ਕਿ ਕਮਲ ਵਿਹਾਰ ਇਲਾਕਾ ਉਨ੍ਹਾਂ ਦੇ ਥਾਣੇ ਅਧੀਨ ਆਉਂਦਾ ਹੈ ਅਤੇ ਜਦੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਤਾਂ ਉਹ ਤੁਰੰਤ ਮੌਕੇ ‘ਤੇ ਪਹੁੰਚੇ। ਪਰ ਇਹ ਘਟਨਾ ਰੇਲਵੇ ਲਾਈਨ ‘ਤੇ ਵਾਪਰੀ, ਇਸ ਲਈ ਜੀਆਰਪੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਾਮਲੇ ਸਬੰਧੀ ਜੀਆਰਪੀ ਪੁਲਿਸ ਵੱਲੋਂ ਐਫਆਈਆਰ ਦਰਜ ਕਰ ਲਈ ਗਈ ਹੈ।
ਗੋਲੀਬਾਰੀ ਦੀ ਘਟਨਾ ਬਾਰੇ ਫੋਨ ‘ਤੇ ਜਾਣਕਾਰੀ ਦਿੰਦੇ ਹੋਏ ਜਲੰਧਰ ਦੇ ਥਾਣਾ ਜੀਆਰਪੀ ਦੇ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਰੇਲਵੇ ਲਾਈਨ ‘ਤੇ ਇੱਕ ਅਣਪਛਾਤੇ ਹਮਲਾਵਰ ਨੇ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ। ਦੇਰ ਰਾਤ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਭੇਜਿਆ ਗਿਆ, ਜਿੱਥੇ ਉਸਦੀ ਸਰਜਰੀ ਹੋਈ ਅਤੇ ਉਸਨੂੰ ਆਈਸੀਯੂ ਵਿੱਚ ਰੱਖਿਆ ਗਿਆ। ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਜ਼ਖਮੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲ ਕੀਤੀ ਗਈ ਹੈ। ਮਨੀਸ਼ ਦੀ ਹਾਲਤ ਇਸ ਸਮੇਂ ਸਹੀ ਨਹੀਂ ਹੈ ਤੇ ਅਸੀਂ ਹਸਪਤਾਲ ਦੇ ਡਾਕਟਰ ਦਾ ਬਿਆਨ ਲੈਣ ਲਈ ਅਰਜ਼ੀ ਦਿੱਤੀ ਹੈ। ਫਿਲਹਾਲ ਸੀਸੀਟੀਵੀ ਵੀਡੀਓਜ਼ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਣਪਛਾਤੇ ਹਮਲਾਵਰਾਂ ਬਾਰੇ ਜਾਣਕਾਰੀ ਮੰਗੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਖਮੀ ਮਨੀਸ਼ ਦੇ ਹੋਸ਼ ਵਿੱਚ ਆਉਣ ਤੋਂ ਬਾਅਦ ਹੀ ਬਿਆਨ ਲਿਆ ਜਾਵੇਗਾ ਅਤੇ ਸਿਰਫ਼ ਮਨੀਸ਼ ਹੀ ਦੱਸ ਸਕੇਗਾ ਕਿ ਕਿਸੇ ਅਣਪਛਾਤੇ ਨੌਜਵਾਨ ਨੇ ਉਸ ਨੂੰ ਗੋਲੀ ਮਾਰੀ ਸੀ।