ਮੁੜ ਵਿਵਾਦ ‘ਚ ਜਲੰਧਰ ਦਾ ਸਿਵਲ ਹਸਪਤਾਲ, ਪਰਿਵਾਰਕ ਮੈਂਬਰਾਂ ਦਾ ਗੰਭੀਰ ਇਲਜ਼ਾਮ, ਪੋਸਟਮਾਰਟਮ ਕਰਵਾਉਣ ਲਈ ਮੁਰਦਾਘਰ ਦੇ ਸਟਾਫ਼ ਨੇ ਮੰਗੇ ਪੈਸੇ

Updated On: 

12 Dec 2023 19:13 PM

ਮ੍ਰਿਤਕ ਐਨਆਰਆਈ ਦੀ ਲਾਸ਼ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਜਲੰਧਰ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਦੇ ਪੋਸਟਮਾਰਟਮ ਸਟਾਫ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਮੁਰਦਾਘਰ ਵਿੱਚ ਪੋਸਟਮਾਰਟਮ ਕਰਨ ਵਾਲੇ ਸਟਾਫ ਨੇ ਉਨ੍ਹਾਂ ਕੋਲੋਂ ਪੈਸੇ ਮੰਗੇ ਅਤੇ ਪੂਰੀ ਰਾਤ ਲਾਸ਼ ਨੂੰ ਖ਼ਰਾਬ ਹਾਲਤ ਵਿੱਚ ਰੱਖਿਆ। ਜਲੰਧਰ ਸਿਵਲ ਹਸਪਤਾਲ ਦੀ ਐਮ.ਐਸ ਡਾਕਟਰ ਗੀਤਾ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬੁਲਾ ਕੇ ਇਸ ਦੀ ਜਾਂਚ ਕਰ ਅਗਲੀ ਕਾਰਵਾਈ ਕੀਤੀ ਜਾਵੇਗੀ।

ਮੁੜ ਵਿਵਾਦ ਚ ਜਲੰਧਰ ਦਾ ਸਿਵਲ ਹਸਪਤਾਲ, ਪਰਿਵਾਰਕ ਮੈਂਬਰਾਂ ਦਾ ਗੰਭੀਰ ਇਲਜ਼ਾਮ, ਪੋਸਟਮਾਰਟਮ ਕਰਵਾਉਣ ਲਈ ਮੁਰਦਾਘਰ ਦੇ ਸਟਾਫ਼ ਨੇ ਮੰਗੇ ਪੈਸੇ
Follow Us On

ਜਲੰਧਰ ਦੇ ਇੱਕ ਨਿੱਜੀ ਰਿਜ਼ੋਰਟ ਵਿੱਚ ਸ਼ਨੀਵਾਰ ਦੇਰ ਰਾਤ ਜਨਮ ਦਿਨ ਦੀ ਪਾਰਟੀ ਵਿੱਚ ਹੋਏ ਐਨਆਰਆਈ ਕਤਲ ਕਾਂਡ ਦੇ ਮੁਲਜ਼ਮ ਨੇ ਆਤਮ ਸਮਰਪਣ ਕਰ ਦਿੱਤਾ ਹੈ। ਇਸੇ ਦੌਰਾਨ ਮ੍ਰਿਤਕ ਐਨਆਰਆਈ ਦੀ ਲਾਸ਼ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਜਲੰਧਰ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਦੇ ਪੋਸਟਮਾਰਟਮ ਸਟਾਫ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਮੁਰਦਾਘਰ ਵਿੱਚ ਪੋਸਟਮਾਰਟਮ ਕਰਨ ਵਾਲੇ ਸਟਾਫ ਨੇ ਉਨ੍ਹਾਂ ਕੋਲੋਂ ਪੈਸੇ ਮੰਗੇ ਅਤੇ ਪੂਰੀ ਰਾਤ ਲਾਸ਼ ਨੂੰ ਖ਼ਰਾਬ ਹਾਲਤ ਵਿੱਚ ਰੱਖਿਆ ਗਿਆ। ਜਿਸ ਨੂੰ ਉਨ੍ਹਾਂ ਨੇ ਸਵੇਰੇ ਸਾਫ਼ ਕਰਕੇ ਠੀਕ ਕਰ ਦਿੱਤਾ।

ਐਨਆਰਆਈ ਦੇ ਰਿਸ਼ਤੇਦਾਰਾਂ ਨੇ ਮੁਰਦਾਘਰ ਦੇ ਫਰੀਜ਼ਰ ਦੀ ਵੀਡੀਓ ਬਣਾ ਕੇ ਮੀਡੀਆ ਨੂੰ ਦਿੱਤੀ ਜਿਸ ਵਿੱਚ ਫਰੀਜ਼ਰ ਬਿਲਕੁਲ ਖਾਲੀ ਪਿਆ ਸੀ।

ਪੋਸਟਮਾਰਟਮ ਕਰਵਾਉਣ ਲਈ ਕੀਤੀ ਪੈਸੀਆਂ ਦੀ ਮੰਗ

ਮ੍ਰਿਤਕ ਐਨਆਰਆਈ ਦਿਲਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਪੋਸਟਮਾਰਟਮ ਕਰਵਾਉਣ ਵਾਲੇ ਮੁਰਦਾਘਰ ਦੇ ਸਟਾਫ ਤੇ ਇਲਜ਼ਾਮ ਲਾਏ ਹਨ। ਪਰਿਵਾਰਕ ਮੈਂਬਰਾਂ ਨੇ ਮੀਡੀਆ ਨੂੰ ਦੱਸਿਆ ਹੈ ਕਿ ਐਨਆਰਆਈ ਦਿਲਜੀਤ ਸਿੰਘ ਦਾ ਕਤਲ ਕੀਤਾ ਗਿਆ ਸੀ ਅਤੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸ਼ਨੀਵਾਰ ਦੇਰ ਰਾਤ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਲਿਆਂਦਾ ਗਿਆ ਸੀ ਪਰ ਲਾਸ਼ ਨੂੰ ਮਾੜੇ ਪ੍ਰਬੰਧਾਂ ਵਿੱਚ ਰੱਖਿਆ ਗਿਆ ਸੀ ਅਤੇ ਲਾਸ਼ ਦੀ ਬੇਕਦਰੀ ਕੀਤੀ ਗਈ ਸੀ। ਉਨ੍ਹਾਂ ਇਲਜ਼ਾਮ ਲਾਇਆ ਕਿ ਮੁਰਦਾਘਰ ਵਿੱਚ ਪੋਸਟਮਾਰਟਮ ਕਰਨ ਵਾਲੇ ਸਟਾਫ਼ ਨੇ ਪੋਸਟਮਾਰਟਮ ਕਰਵਾਉਣ ਲਈ ਚਾਰ ਤੋਂ ਪੰਜ ਰੁਪਏ ਦੀ ਮੰਗਾਂ ਕੀਤੀਆਂ।

ਐਨਆਰਆਈ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੁਰਦਾਘਰ ਵਿੱਚ ਲਾਸ਼ ਨੂੰ ਫਰੀਜ਼ਰ ਵਿੱਚ ਰੱਖਣ ਦੀ ਬਜਾਏ ਬਾਹਰ ਰੱਖਿਆ ਗਿਆ ਸੀ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਮੁਰਦਾਘਰ ਦੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਅੰਦਰ ਆਉਣ ਤੋਂ ਰੋਕਿਆ ਅਤੇ ਅੰਦਰ ਨਹੀਂ ਜਾਣ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਹਸਪਤਾਲ ਪ੍ਰਸ਼ਾਸਨ ਨੂੰ ਇਸ ਪਾਸੇ ਹੋਰ ਧਿਆਨ ਦੇਣਾ ਚਾਹੀਦਾ ਹੈ ਅਤੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।

ਜਾਂਚ ਦੇ ਅਧਾਰ ‘ਤੇ ਹੋਵੇਗੀ ਕਾਰਵਾਈ- ਡਾਕਟਰ ਗੀਤਾ

ਜਲੰਧਰ ਸਿਵਲ ਹਸਪਤਾਲ ਦੀ ਐਮ.ਐਸ ਡਾਕਟਰ ਗੀਤਾ ਨੇ ਕਿਹਾ ਕਿ ਇਹ ਮਾਮਲਾ ਹੁਣ ਉਹਨਾਂ ਦੇ ਧਿਆਨ ਵਿੱਚ ਆਇਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬੁਲਾ ਕੇ ਇਸ ਦੀ ਜਾਂਚ ਕਰਕੇ ਅਗਲੀ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਪੋਸਟਮਾਰਟਮ ਸਟਾਫ਼ ਨੇ ਉਨ੍ਹਾਂ ਤੋਂ ਪੈਸੇ ਦੀ ਮੰਗ ਕੀਤੀ ਤਾਂ ਮ੍ਰਿਤਕ ਐਨਆਰਆਈ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਦੇਣ ਤਾਂ ਉਹ ਤੁਰੰਤ ਇਸ ‘ਤੇ ਕਾਰਵਾਈ ਕਰਨਗੇ।

ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੀਤਾ ਕਤਲ

ਐਨਆਰਆਈ ਕਤਲ ਕੇਸ ਸਬੰਧੀ ਜਲੰਧਰ ਦੇ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਇੱਕ ਮੁਲਜ਼ਮ ਨੇ ਪੁਲਿਸ ਕੋਲ ਸਰੰਡਰ ਕਰ ਦਿੱਤਾ ਹੈ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਮੁਲਜ਼ਮ ਦਾ ਦੋ ਦਿਨ ਦਾ ਰਿਮਾਂਡ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ ਅਤੇ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਹੈ ਕਿ ਪੁਰਾਣੀ ਰੰਜਿਸ਼ ਕਾਰਨ ਉਸ ਨੇ ਐਨਆਰਆਈ ਦਿਲਜੀਤ ਸਿੰਘ ਦਾ ਗੋਲੀ ਮਾਰ ਕੇ ਕਤਲ ਕੀਤਾ ਹੈ।