ਜਲੰਧਰ ‘ਚ ਲਾਟਰੀ ਕਰਿੰਦੇ ਨੇ ਪਹਿਲਾ ਬਣਾਈ ਵੀਡੀਓ ਫਿਰ ਕੀਤੀ ਖ਼ੁਦਕੁਸ਼ੀ, ਕੀਤੇ ਕਈ ਵੱਡੇ ਖੁਲਾਸੇ

Updated On: 

09 May 2026 22:08 PM IST

ਬਸਤੀ ਬਾਵਾ ਖੇਲ ਦੀ ਮੱਛੀ ਮਾਰਕੀਟ ਸਥਿਤ ਇੱਕ ਲਾਟਰੀ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਕਰਿੰਦੇ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ 45 ਸਾਲਾ ਅਰੁਣ ਕੁਮਾਰ ਉਰਫ਼ ਲੱਕੀ ਪੁੱਤਰ ਮੂਲਖ ਰਾਜ, ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਜੋਂ ਹੋਈ ਹੈ।

ਜਲੰਧਰ ਚ ਲਾਟਰੀ ਕਰਿੰਦੇ ਨੇ ਪਹਿਲਾ ਬਣਾਈ ਵੀਡੀਓ ਫਿਰ ਕੀਤੀ ਖ਼ੁਦਕੁਸ਼ੀ, ਕੀਤੇ ਕਈ ਵੱਡੇ ਖੁਲਾਸੇ

ਬਸਤੀ ਬਾਵਾ ਖੇਲ ਦੀ ਮੱਛੀ ਮਾਰਕੀਟ ਸਥਿਤ ਇੱਕ ਲਾਟਰੀ ਦੀ ਦੁਕਾਨ ‘ਤੇ ਕੰਮ ਕਰਨ ਵਾਲੇ ਕਰਿੰਦੇ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ 45 ਸਾਲਾ ਅਰੁਣ ਕੁਮਾਰ ਉਰਫ਼ ਲੱਕੀ ਪੁੱਤਰ ਮੂਲਖ ਰਾਜ, ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਅਰੁਣ ਨੇ ਵਾਲੀਆ ਦੀ ਦੁਕਾਨ ‘ਤੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕੀਤੀ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਮ੍ਰਿਤਕ ਨੇ ਇੱਕ ਵੀਡੀਓ ਬਣਾਈ, ਜਿਸ ਵਿੱਚ ਉਸ ਨੇ ਆਪਣੀ ਮੌਤ ਲਈ ਜ਼ਿੰਮੇਵਾਰ ਹਾਲਾਤਾਂ ਅਤੇ ਵਿਅਕਤੀਆਂ ਬਾਰੇ ਕਈ ਸਨਸਨੀਖੇਜ਼ ਖੁਲਾਸੇ ਕੀਤੇ ਹਨ।

ਵੀਡੀਓ ਵਿੱਚ ਦਰਦ ਬਿਆਨ

ਮਰਨ ਤੋਂ ਪਹਿਲਾਂ ਜਾਰੀ ਕੀਤੀ ਵੀਡੀਓ ਵਿੱਚ ਅਰੁਣ ਨੇ ਭਾਬੀ ਰਸ਼ਮੀ, ਕਮਾਂਡੋ ਪਾਜੀ ਦੇ ਪਰਿਵਾਰਕ ਮੈਂਬਰਾਂ ਅਤੇ ਸੁਧੀਰ ਦਾ ਨਾਮ ਲੈਂਦਿਆਂ ਕਿਹਾ ਕਿ ਉਸ ਦੇ ਸਿਰ ‘ਤੇ ਕੋਈ ਬਹੁਤ ਜ਼ਿਆਦਾ ਕਰਜ਼ਾ ਨਹੀਂ ਸੀ, ਪਰ ਉਸ ਨੂੰ ਬੇਹੱਦ ਪਰੇਸ਼ਾਨ ਕੀਤਾ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਉਹ 10-10 ਫ਼ੀਸਦੀ ਵਿਆਜ ਨਹੀਂ ਦੇ ਸਕਦਾ ਸੀ, ਹਾਲਾਂਕਿ ਉਹ ਪਹਿਲਾਂ ਹੀ ਕਾਫ਼ੀ ਵਿਆਜ ਭਰ ਚੁੱਕਾ ਸੀ। ਭਰੇ ਮਨ ਨਾਲ ਅਰੁਣ ਨੇ ਕਿਹਾ, “ਮੇਰੀਆਂ ਦੋ ਬੇਟੀਆਂ ਹਨ, ਉਨ੍ਹਾਂ ਨੂੰ ਜ਼ਿੰਦਗੀ ਜੀ ਲੈਣ ਦਿਓ। ਉਨ੍ਹਾਂ ਦਾ ਕੋਈ ਹੋਰ ਸਹਾਰਾ ਨਹੀਂ ਹੈ, ਇੱਕੋ-ਇੱਕ ਸਹਾਰਾ ਸੀ ਜੋ ਹੁਣ ਖੋਹਿਆ ਜਾ ਰਿਹਾ ਹੈ।” ਉਸ ਨੇ ਅੱਗੇ ਕਿਹਾ ਕਿ ਪੈਸੇ ਕਿਸੇ ਨੇ ਨਾਲ ਨਹੀਂ ਲੈ ਕੇ ਜਾਣੇ, ਪਰ ਕਿਸੇ ਦਾ ਘਰ ਬਰਬਾਦ ਨਹੀਂ ਕਰਨਾ ਚਾਹੀਦਾ।

ਕਰੋੜਾਂ ਦੇ ਬਰਾਬਰ ਹੋ ਗਿਆ ਸੀ ਇੱਕ ਲੱਖ ਦਾ ਕਰਜ਼ਾ

ਵੀਡੀਓ ਵਿੱਚ ਅਰੁਣ ਨੇ ਖੁਲਾਸਾ ਕੀਤਾ ਕਿ ਉਸ ਨੇ ਸਿਰਫ਼ ਇੱਕ ਲੱਖ ਰੁਪਏ ਉਧਾਰ ਲਏ ਸਨ, ਪਰ ਅੱਜ ਉਹ ਇੱਕ ਲੱਖ ਉਸ ਲਈ ਕਰੋੜਾਂ ਰੁਪਏ ਦੇ ਬਰਾਬਰ ਬਣ ਚੁੱਕਾ ਸੀ। ਜਦੋਂ ਵੀ ਉਹ ਕੰਮ ‘ਤੇ ਹੁੰਦਾ ਸੀ, ਉਸ ਨੂੰ ਫ਼ੋਨ ਕਰਕੇ ਤੰਗ ਕੀਤਾ ਜਾਂਦਾ ਸੀ। ਉਸ ਨੇ ਅਫ਼ਸੋਸ ਜਤਾਉਂਦਿਆਂ ਕਿਹਾ ਕਿ ਲਾਟਰੀ ਦੇ ਕੰਮ ਕਾਰਨ ਉਸ ਦੀ ਬਦਨਾਮੀ ਹੋਈ ਅਤੇ ਇਸ ਕੰਮ ਨੇ ਉਸ ਦਾ ਸਭ ਕੁਝ ਬਰਬਾਦ ਕਰ ਦਿੱਤਾ। ਉਸ ‘ਤੇ ਕੇਸ ਕਰਵਾ-ਕਰਵਾ ਕੇ ਪੈਸੇ ਵਸੂਲੇ ਜਾਂਦੇ ਰਹੇ, ਜਿਸ ਕਾਰਨ ਉਹ ਦਿਨ-ਰਾਤ ਘਰੋਂ ਬਾਹਰ ਰਹਿਣ ਲਈ ਮਜਬੂਰ ਸੀ।

ਪਰਿਵਾਰ ਦੇ ਚੈੱਕਾਂ ਦੀ ਦੁਰਵਰਤੋਂ ਦਾ ਡਰ

ਅਰੁਣ ਨੇ ਰਸ਼ਮੀ ਭਾਬੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਨੇ ਉਸ ਨੂੰ ਮਾਂ ਸਮਝਿਆ ਸੀ, ਪਰ ਭਾਬੀ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਉਹ ਉਸ ਦੇ ਘਰ ਦਾ ਜਲੂਸ ਕੱਢੇਗੀ ਅਤੇ ਉਸ ਨੂੰ ਮਾਰ ਦੇਵੇਗੀ। ਉਸ ਨੇ ਕਿਹਾ ਕਿ ਤੁਹਾਡੇ ਕੋਲ ਮੇਰੇ ਪਰਿਵਾਰ ਦੇ ਚੈੱਕ ਪਏ ਹਨ, ਉਨ੍ਹਾਂ ਦੀ ਗਲਤ ਵਰਤੋਂ ਨਾ ਕਰਨਾ ਕਿਉਂਕਿ ਤੁਹਾਡੇ ਘਰ ਵੀ ਬੇਟੀਆਂ ਹਨ।

ਉਸ ਨੇ ਮੋਹਿਤ ਨਾਂ ਦੇ ਵਿਅਕਤੀ ਨੂੰ ਅਪੀਲ ਕੀਤੀ ਕਿ ਉਸ ਦੀ ਮੌਤ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਅਤੇ ਰਸਮਾਂ ਸਹੀ ਤਰੀਕੇ ਨਾਲ ਕਰ ਦਿੱਤੀਆਂ ਜਾਣ ਕਿਉਂਕਿ ਉਸ ਦਾ ਪਰਿਵਾਰ ਇਹ ਸਭ ਕਰਨ ਦੇ ਸਮਰੱਥ ਨਹੀਂ ਹੈ। ਉਸ ਨੇ ਆਪਣੀ ਭੈਣ ਨੂੰ ਹੱਸਦੇ ਰਹਿਣ ਅਤੇ ਉਸ ਦੀਆਂ ਧੀਆਂ ਦਾ ਖ਼ਿਆਲ ਰੱਖਣ ਦੀ ਗੱਲ ਵੀ ਕਹੀ।

ਪੁਲਿਸ ਦੀ ਕਾਰਵਾਈ ਅਤੇ ਪਤਨੀ ਦਾ ਬਿਆਨ

ਦੂਜੇ ਪਾਸੇ ਮ੍ਰਿਤਕ ਦੀ ਪਤਨੀ ਸੋਨੀਆ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਸੋਨੀਆ ਨੇ ਦੱਸਿਆ ਕਿ ਉਸ ਦੇ ਪਤੀ ਨੇ ਬੇਟੀ ਦੇ ਇਲਾਜ ਲਈ 2 ਤੋਂ 4 ਲੋਕਾਂ ਤੋਂ ਪੈਸੇ ਉਧਾਰ ਲਏ ਸਨ, ਜੋ ਉਸ ਨੂੰ ਲਗਾਤਾਰ ਪਰੇਸ਼ਾਨ ਕਰ ਰਹੇ ਸਨ। ਥਾਣਾ 1 ਦੇ ਇੰਚਾਰਜ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਮੌਕੇ ਤੋਂ ਇੱਕ ਸੁਸਾਈਡ ਨੋਟ ਬਰਾਮਦ ਕੀਤਾ ਹੈ ਅਤੇ ਵਟਸਐਪ ਰਾਹੀਂ ਭੇਜੀ ਗਈ ਵੀਡੀਓ/ਵਾਇਸ ਰਿਕਾਰਡਿੰਗ ਨੂੰ ਕਬਜ਼ੇ ਵਿੱਚ ਲੈ ਲਿਆ ਹੈ।

ਥਾਣਾ ਇੰਚਾਰਜ ਮੁਤਾਬਕ ਅਰੁਣ ਕੁਮਾਰ ਨੇ ਗੁਲਾਬ ਦੇਵੀ ਰੋਡ ਸਥਿਤ ਦੁਕਾਨ ‘ਤੇ ਪੱਖੇ ਨਾਲ ਫਾਹਾ ਲਿਆ। ਸੁਸਾਈਡ ਨੋਟ ਵਿੱਚ ਉਨ੍ਹਾਂ ਵਿਅਕਤੀਆਂ ਦੇ ਨਾਮ ਦਰਜ ਹਨ ਜੋ ਉਸ ਨੂੰ ਤੰਗ ਕਰ ਰਹੇ ਸਨ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Follow Us