ਫ਼ਰੀਦਕੋਟ ਜੇਲ੍ਹ ‘ਚ ਅਚਾਨਕ ਛਾਪੇਮਾਰੀ, 5 ਹਵਾਲਾਤੀਆਂ ਤੋਂ 4 ਫ਼ੋਨ ਹੋਏ ਬਰਾਮਦ; ਪੁਲਿਸ ਪ੍ਰੋਡਕਸ਼ਨ ਵਾਰੰਟ ‘ਤੇ ਕਰੇਗੀ ਪੁੱਛਗਿੱਛ
ਫ਼ਰੀਦਕੋਟ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਕੋਲੋਂ ਮੋਬਾਈਲ ਫ਼ੋਨ ਮਿਲਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਜੇਲ੍ਹ ਪ੍ਰਸ਼ਾਸਨ ਵੱਲੋਂ ਵਿੱਢੀ ਗਈ ਤਲਾਸ਼ੀ ਮੁਹਿੰਮ ਦੌਰਾਨ ਇੱਕ ਵਾਰ ਫਿਰ ਵੱਖ-ਵੱਖ ਬੈਰਕਾਂ ਵਿੱਚੋਂ ਚਾਰ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ।
ਫ਼ਰੀਦਕੋਟ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਕੋਲੋਂ ਮੋਬਾਈਲ ਫ਼ੋਨ ਮਿਲਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਜੇਲ੍ਹ ਪ੍ਰਸ਼ਾਸਨ ਵੱਲੋਂ ਵਿੱਢੀ ਗਈ ਤਲਾਸ਼ੀ ਮੁਹਿੰਮ ਦੌਰਾਨ ਇੱਕ ਵਾਰ ਫਿਰ ਵੱਖ-ਵੱਖ ਬੈਰਕਾਂ ਵਿੱਚੋਂ ਚਾਰ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਵਿੱਚ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ‘ਤੇ ਪੁਲਿਸ ਨੇ 5 ਹਵਾਲਾਤੀਆਂ ਵਿਰੁੱਧ ਜੇਲ੍ਹ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
ਰਾਤ ਸਮੇਂ ਹੋਈ ਅਚਨਚੇਤ ਚੈਕਿੰਗ
ਪੁਲਿਸ ਨੂੰ ਭੇਜੀ ਗਈ ਰਿਪੋਰਟ ਵਿੱਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਕਰਮਜੀਤ ਸਿੰਘ ਨੇ ਦੱਸਿਆ ਕਿ ਜੇਲ੍ਹ ਸੁਪਰਡੈਂਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੇਲ੍ਹ ਮੁਲਾਜ਼ਮਾਂ ਦੀ ਇੱਕ ਵਿਸ਼ੇਸ਼ ਟੀਮ ਵੱਲੋਂ ਸ਼ੁੱਕਰਵਾਰ ਰਾਤ ਨੂੰ ਵੱਖ-ਵੱਖ ਬੈਰਕਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਸੀ। ਇਸ ਤਲਾਸ਼ੀ ਅਭਿਆਨ ਦੌਰਾਨ ਜੇਲ੍ਹ ਵਿੱਚ ਬੰਦ ਹਵਾਲਾਤੀ ਦਲੇਰ ਸਿੰਘ (ਨਿਵਾਸੀ ਬਠਿੰਡਾ), ਜਸ਼ਨਪ੍ਰੀਤ ਸਿੰਘ (ਨਿਵਾਸੀ ਫਾਜ਼ਿਲਕਾ), ਅਮਰਜੀਤ ਸਿੰਘ, ਦਿਲਬਾਗ ਸਿੰਘ ਅਤੇ ਹਰਜੀਤ ਸਿੰਘ (ਤਿੰਨੋਂ ਨਿਵਾਸੀ ਮੋਗਾ) ਕੋਲੋਂ ਚਾਰ ਮੋਬਾਈਲ ਫ਼ੋਨ ਬਰਾਮਦ ਹੋਏ। ਥਾਣਾ ਸਿਟੀ ਪੁਲਿਸ ਨੇ ਇਨ੍ਹਾਂ ਪੰਜਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਹੋਵੇਗੀ ਪੁੱਛਗਿੱਛ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜੇਲ੍ਹ ਇਨਵੈਸਟੀਗੇਸ਼ਨ ਸੈੱਲ ਦੇ ਇੰਚਾਰਜ ਅਤੇ ਜਾਂਚ ਅਧਿਕਾਰੀ ਏ.ਐਸ.ਆਈ. ਗੁਰਪਾਲ ਸਿੰਘ ਨੇ ਦੱਸਿਆ ਕਿ ਨਾਮਜ਼ਦ ਕੀਤੇ ਗਏ ਹਵਾਲਾਤੀਆਂ ਨੂੰ ਜਲਦ ਹੀ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰੇਗੀ ਕਿ ਸਖ਼ਤ ਸੁਰੱਖਿਆ ਦੇ ਬਾਵਜੂਦ ਜੇਲ੍ਹ ਦੇ ਅੰਦਰ ਮੋਬਾਈਲ ਫ਼ੋਨ ਕਿਸ ਤਰ੍ਹਾਂ ਪਹੁੰਚ ਰਹੇ ਹਨ।
ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਇਸ ਮਾਮਲੇ ਵਿੱਚ ਕਿਸੇ ਵੀ ਜੇਲ੍ਹ ਅਧਿਕਾਰੀ ਜਾਂ ਕਰਮਚਾਰੀ ਦੀ ਮਿਲੀਭੁਗਤ ਸਾਹਮਣੇ ਆਉਂਦੀ ਹੈ, ਤਾਂ ਉਸ ਨੂੰ ਵੀ ਕੇਸ ਵਿੱਚ ਨਾਮਜ਼ਦ ਕਰਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇਗਾ। ਪੁਲਿਸ ਵੱਲੋਂ ਇਸ ਨੈੱਟਵਰਕ ਨੂੰ ਤੋੜਨ ਲਈ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।
