ਜਲਾਲਾਬਾਦ ‘ਚ 50 ਹਜ਼ਾਰ ਦੇ ਲੈਣ-ਦੇਣ ਪਿੱਛੇ ਬਜ਼ੁਰਗ ਨੂੰ ਬੰਨ੍ਹ ਕੇ ਕੁੱਟਿਆ, ਅੱਖਾਂ ‘ਚ ਪਾਈਆਂ ਮਿਰਚਾਂ; ਹੋਈ ਮੌਤ

Updated On: 

29 Sep 2026 18:21 PM IST

ਜਲਾਲਾਬਾਦ ਅਧੀਨ ਪੈਂਦੇ ਪਿੰਡ ਸੁਆਹਵਾਲਾ ਵਿਖੇ 50 ਹਜ਼ਾਰ ਰੁਪਏ ਦੇ ਪੁਰਾਣੇ ਲੈਣ-ਦੇਣ ਦੇ ਵਿਵਾਦ ਨੂੰ ਲੈ ਕੇ ਇੱਕ ਬਜ਼ੁਰਗ ਨੂੰ ਘਰ ਵਿੱਚ ਬੰਧਕ ਬਣਾ ਕੇ ਅਣਮਨੁੱਖੀ ਤਸ਼ੱਦਦ ਢਾਹੁਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਏ ਗਏ ਬਜ਼ੁਰਗ ਹੰਸਾ ਸਿੰਘ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।

ਜਲਾਲਾਬਾਦ ਚ 50 ਹਜ਼ਾਰ ਦੇ ਲੈਣ-ਦੇਣ ਪਿੱਛੇ ਬਜ਼ੁਰਗ ਨੂੰ ਬੰਨ੍ਹ ਕੇ ਕੁੱਟਿਆ, ਅੱਖਾਂ ਚ ਪਾਈਆਂ ਮਿਰਚਾਂ;  ਹੋਈ ਮੌਤ

ਜਲਾਲਾਬਾਦ ਅਧੀਨ ਪੈਂਦੇ ਪਿੰਡ ਸੁਆਹਵਾਲਾ ਵਿਖੇ 50 ਹਜ਼ਾਰ ਰੁਪਏ ਦੇ ਪੁਰਾਣੇ ਲੈਣ-ਦੇਣ ਦੇ ਵਿਵਾਦ ਨੂੰ ਲੈ ਕੇ ਇੱਕ ਬਜ਼ੁਰਗ ਨੂੰ ਘਰ ਵਿੱਚ ਬੰਧਕ ਬਣਾ ਕੇ ਅਣਮਨੁੱਖੀ ਤਸ਼ੱਦਦ ਢਾਹੁਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਏ ਗਏ ਬਜ਼ੁਰਗ ਹੰਸਾ ਸਿੰਘ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਭਾਰੀ ਤਣਾਅ ਦਾ ਮਾਹੌਲ ਬਣ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਜਥੇਬੰਦੀਆਂ ਨੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਾਲ-ਨਾਲ ਮੌਕੇ ਤੇ ਢਿੱਲ-ਮੱਠ ਵਰਤਣ ਵਾਲੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਵੀ ਤੁਰੰਤ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ।

ਬਕਾਇਆ ਰਕਮ ਮੰਗਣ ਤੇ ਬਣਾਇਆ ਬੰਧਕ

ਮ੍ਰਿਤਕ ਦੇ ਭਰਾ ਫ਼ੁਮਣ ਸਿੰਘ ਵੱਲੋਂ ਦਿੱਤੇ ਬਿਆਨਾਂ ਮੁਤਾਬਕ, ਹੰਸਾ ਸਿੰਘ ਦਾ ਪਿੰਡ ਦੇ ਹੀ ਰਹਿਣ ਵਾਲੇ ਬਿੱਟੂ ਸਿੰਘ ਅਤੇ ਉਸ ਦੇ ਪਰਿਵਾਰ ਨਾਲ 50 ਹਜ਼ਾਰ ਰੁਪਏ ਦਾ ਪੁਰਾਣਾ ਲੈਣ-ਦੇਣ ਚੱਲ ਰਿਹਾ ਸੀ। ਹੰਸਾ ਸਿੰਘ ਲਗਾਤਾਰ ਆਪਣੇ ਪੈਸੇ ਵਾਪਸ ਮੰਗ ਰਹੇ ਸਨ। ਇਲਜ਼ਾਮ ਹੈ ਕਿ ਐਤਵਾਰ ਸ਼ਾਮ ਨੂੰ ਵਿਰੋਧੀ ਧਿਰ ਵੱਲੋਂ ਉਨ੍ਹਾਂ ਨੂੰ ਜ਼ਬਰਦਸਤੀ ਫੜ ਕੇ ਆਪਣੇ ਘਰ ਲਿਜਾਇਆ ਗਿਆ। ਉੱਥੇ ਉਨ੍ਹਾਂ ਨੂੰ ਲੋਹੇ ਦੀਆਂ ਜ਼ੰਜੀਰਾਂ ਅਤੇ ਮੋਟੀਆਂ ਰੱਸੀਆਂ ਨਾਲ ਬੰਨ੍ਹ ਕੇ ਡੰਡਿਆਂ ਤੇ ਲਾਠੀਆਂ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ।

ਅੱਖਾਂ ਚ ਮਿਰਚਾਂ ਪਾ ਕੇ ਢਾਹਿਆ ਅਣਮਨੁੱਖੀ ਤਸ਼ੱਦਦ

ਪਰਿਵਾਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਬਜ਼ੁਰਗ ਦੇ ਮੂੰਹ ਅਤੇ ਅੱਖਾਂ ਵਿੱਚ ਲਾਲ ਮਿਰਚਾਂ ਦਾ ਪਾਊਡਰ ਪਾ ਕੇ ਉੱਤੋਂ ਪਾਣੀ ਪਾਇਆ। ਕਰੀਬ ਢਾਈ ਘੰਟੇ ਤੱਕ ਬਜ਼ੁਰਗ ਨੂੰ ਤੜਫ਼ਾ-ਤੜਫ਼ਾ ਕੇ ਤਸੀਹੇ ਦਿੱਤੇ ਗਏ। ਜਦੋਂ ਇੱਕ ਗੁਆਂਢਣ ਔਰਤ ਨੇ ਰੌਲਾ ਸੁਣ ਕੇ ਬਜ਼ੁਰਗ ਨੂੰ ਬਚਾਉਣ ਦਾ ਯਤਨ ਕੀਤਾ ਤਾਂ ਹਮਲਾਵਰਾਂ ਨੇ ਉਸ ਦੀ ਵੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਉਂਗਲ ਟੁੱਟ ਗਈ। ਬਾਅਦ ਵਿੱਚ ਜਦੋਂ ਪੀੜਤ ਪਰਿਵਾਰ ਦੇ ਹੋਰ ਮੈਂਬਰ ਮੌਕੇ ਤੇ ਪੁੱਜੇ ਤਾਂ ਮੁਲਜ਼ਮਾਂ ਨੇ ਉਨ੍ਹਾਂ ਨਾਲ ਵੀ ਹੱਥੋਪਾਈ ਕੀਤੀ।

ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੇ ਭੜਕੀ ਕਿਸਾਨ ਯੂਨੀਅਨ

ਰੌਲਾ ਪੈਣ ਤੇ ਪਰਿਵਾਰਕ ਮੈਂਬਰਾਂ ਸਮੇਤ 112 ਐਮਰਜੈਂਸੀ ਪੁਲਿਸ ਟੀਮ ਮੌਕੇ ਤੇ ਪਹੁੰਚੀ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਮੀਤ ਪ੍ਰਧਾਨ ਜਗਸੀਰ ਸਿੰਘ ਉਗਰਾਹਾਂ ਅਤੇ ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਜਗਸੀਰ ਸਿੰਘ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਜੇਕਰ ਪੁਲਿਸ ਟੀਮ ਸਮਾਂ ਰਹਿੰਦੇ ਬਜ਼ੁਰਗ ਨੂੰ ਦੋਸ਼ੀਆਂ ਦੇ ਚੁੰਗਲ ਵਿੱਚੋਂ ਛੁਡਵਾ ਕੇ ਹਸਪਤਾਲ ਪਹੁੰਚਾ ਦਿੰਦੀ ਤਾਂ ਸ਼ਾਇਦ ਉਨ੍ਹਾਂ ਦੀ ਜਾਨ ਬਚਾਈ ਜਾ ਸਕਦੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਮੌਕੇ ਤੇ ਪਹੁੰਚਣ ਤੋਂ ਬਾਅਦ ਵੀ ਹਮਲਾਵਰ ਬਜ਼ੁਰਗ ਤੇ ਤਸ਼ੱਦਦ ਕਰਦੇ ਰਹੇ, ਪਰ ਮੌਜੂਦ ਏ.ਐੱਸ.ਆਈ. (ASI) ਨੇ ਕੋਈ ਸਖ਼ਤ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ।

ਚਾਰ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ

ਪੁਲਿਸ ਨੇ ਮ੍ਰਿਤਕ ਦੇ ਭਰਾ ਫ਼ੁਮਣ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਚਾਰ ਨਾਮਜ਼ਦ ਮੁਲਜ਼ਮਾਂ ਬਿੱਟੂ ਸਿੰਘ, ਰਾਜ ਰਾਣੀ, ਜੱਗਾ ਸਿੰਘ ਅਤੇ ਗੀਤਾ ਰਾਣੀ ਵਿਰੁੱਧ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਦੂਜੇ ਪਾਸੇ, ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਘਟਨਾ ਵਾਲੀ ਥਾਂ ਤੇ ਲਾਪਰਵਾਹੀ ਵਰਤਣ ਵਾਲੇ ਪੁਲਿਸ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਕੇ ਉਨ੍ਹਾਂ ਖ਼ਿਲਾਫ਼ ਵੀ ਤੁਰੰਤ ਵਿਭਾਗੀ ਤੇ ਕਾਨੂੰਨੀ ਕਦਮ ਚੁੱਕੇ ਜਾਣ।

Loading...
Unable to load recommendations.
Follow Us