Israel Iran War: ਇਜ਼ਰਾਈਲ-ਈਰਾਨ ਜੰਗ ਦਾ ਪੰਜਾਬ ‘ਚ ਅਸਰ, ਅੰਮ੍ਰਿਤਸਰ ਤੋਂ ਖਾੜੀ ਦੇਸ਼ਾਂ ਦੀਆਂ 10 ਉਡਾਣਾਂ ਰੱਦ, ਯਾਤਰੀ ਪਰੇਸ਼ਾਨ
Israel Iran War: ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਉੱਤੇ ਕੀਤੇ ਗਏ ਸਾਂਝੇ ਹਮਲਿਆਂ ਨੇ ਮਿਡਲ ਈਸਟ ਵਿੱਚ ਹਾਲਾਤ ਬੇਹੱਦ ਨਾਜ਼ੁਕ ਬਣਾ ਦਿੱਤੇ ਹਨ। ਇਸ ਜੰਗ ਦਾ ਸਿੱਧਾ ਅਸਰ ਹੁਣ ਭਾਰਤ, ਖ਼ਾਸ ਕਰਕੇ ਪੰਜਾਬ ਅਤੇ ਚੰਡੀਗੜ੍ਹ ਦੀ ਹਵਾਈ ਆਵਾਜਾਈ ਤੇ ਸਾਫ਼ ਨਜ਼ਰ ਆਉਣ ਲੱਗ ਪਿਆ ਹੈ।
israel iran war impacts amritsar airport flights cancelled
ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਉੱਤੇ ਕੀਤੇ ਗਏ ਸਾਂਝੇ ਹਮਲਿਆਂ ਨੇ ਮਿਡਲ ਈਸਟ ਵਿੱਚ ਹਾਲਾਤ ਬੇਹੱਦ ਨਾਜ਼ੁਕ ਬਣਾ ਦਿੱਤੇ ਹਨ। ਇਸ ਜੰਗ ਦਾ ਸਿੱਧਾ ਅਸਰ ਹੁਣ ਭਾਰਤ, ਖ਼ਾਸ ਕਰਕੇ ਪੰਜਾਬ ਅਤੇ ਚੰਡੀਗੜ੍ਹ ਦੀ ਹਵਾਈ ਆਵਾਜਾਈ ਤੇ ਸਾਫ਼ ਨਜ਼ਰ ਆਉਣ ਲੱਗ ਪਿਆ ਹੈ। ਸੁਰੱਖਿਆ ਕਾਰਨਾਂ ਅਤੇ ਕਈ ਦੇਸ਼ਾਂ ਵੱਲੋਂ ਆਪਣੇ ਏਅਰਸਪੇਸ ਬੰਦ ਕੀਤੇ ਜਾਣ ਕਾਰਨ ਸੰਯੁਕਤ ਅਰਬ ਅਮੀਰਾਤ, ਦੁਬਈ, ਸ਼ਾਰਜਾਹ, ਕਤਰ ਅਤੇ ਹੋਰ ਖਾੜੀ ਦੇਸ਼ਾਂ ਵੱਲ ਜਾਣ ਵਾਲੀਆਂ ਉਡਾਣਾਂ ਵੱਡੇ ਪੱਧਰ ‘ਤੇ ਰੱਦ ਕਰ ਦਿੱਤੀਆਂ ਗਈਆਂ ਹਨ।
ਏਅਰਪੋਰਟ ‘ਤੇ ਯਾਤਰੀਆਂ ਦੀ ਵਧੀ ਪਰੇਸ਼ਾਨੀ
ਇਸ ਖ਼ਰਾਬ ਸਥਿਤੀ ਕਾਰਨ ਅੱਜ ਐਤਵਾਰ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਵਿਖੇ ਪਹੁੰਚਣ ਵਾਲੇ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੁਬਈ, ਸ਼ਾਰਜਾਹ ਅਤੇ ਹੋਰ ਮਿਡਲ ਈਸਟ ਦੇਸ਼ਾਂ ਨੂੰ ਜਾਣ ਵਾਲੇ ਸੈਂਕੜੇ ਯਾਤਰੀ ਏਅਰਪੋਰਟ ਤੇ ਫਸੇ ਹੋਏ ਹਨ। ਉਡਾਣਾਂ ਅਚਾਨਕ ਰੱਦ ਹੋਣ ਅਤੇ ਅਗਲੇ ਸ਼ਡਿਊਲ ਬਾਰੇ ਕੋਈ ਸਪਸ਼ਟ ਜਾਣਕਾਰੀ ਨਾ ਮਿਲਣ ਕਾਰਨ ਯਾਤਰੀਆਂ ਵਿੱਚ ਭਾਰੀ ਰੋਸ ਅਤੇ ਚਿੰਤਾ ਪਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ ਵੱਖ-ਵੱਖ ਖਾੜੀ ਦੇਸ਼ਾਂ ਲਈ ਚੱਲਣ ਵਾਲੀਆਂ ਕਰੀਬ 10 ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਹੋਈਆਂ ਹਨ।
ਏਅਰਪੋਰਟ ਨਿਰਦੇਸ਼ਕ ਵੱਲੋਂ ਪੁਸ਼ਟੀ
ਅੰਮ੍ਰਿਤਸਰ ਏਅਰਪੋਰਟ ਦੇ ਨਿਰਦੇਸ਼ਕ ਭੂਪਿੰਦਰ ਸਿੰਘ ਨੇ ਵੀ ਇਸ ਸਬੰਧੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੌਜੂਦਾ ਹਾਲਾਤਾਂ ਕਾਰਨ ਅੰਤਰਰਾਸ਼ਟਰੀ ਉਡਾਣਾਂ ‘ਤੇ ਅਸਰ ਪਿਆ ਹੈ। ਉਨ੍ਹਾਂ ਨੇ ਪਹਿਲਾਂ ਹੀ ਮੀਡੀਆ ਰਾਹੀਂ ਯਾਤਰੀਆਂ ਨੂੰ ਹਾਲਾਤ ਬਾਰੇ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਫਿਰ ਵੀ ਕਈ ਯਾਤਰੀ ਏਅਰਪੋਰਟ ‘ਤੇ ਪਹੁੰਚ ਰਹੇ ਹਨ ਜਿਨ੍ਹਾਂ ਦੀ ਸਹੂਲਤ ਲਈ ਏਅਰਲਾਈਨਜ਼ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਰੁਜ਼ਗਾਰ ‘ਤੇ ਮੰਡਰਾਇਆ ਖ਼ਤਰਾ: ਯਾਤਰੀਆਂ ਦੀ ਹੱਡਬੀਤੀ
ਏਅਰਪੋਰਟ ‘ਤੇ ਮੌਜੂਦ ਯਾਤਰੀਆਂ ਨੇ ਆਪਣਾ ਦੁੱਖੜਾ ਸੁਣਾਉਂਦਿਆਂ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਨੌਕਰੀ ਖੁੱਸਣ ਦਾ ਡਰ ਸਤਾ ਰਿਹਾ ਹੈ। ਪਿਛਲੇ ਦੋ ਸਾਲਾਂ ਤੋਂ ਦੋਹਾ (ਕਤਰ) ਵਿੱਚ ਲੇਬਰ ਦਾ ਕੰਮ ਕਰ ਰਹੇ ਅਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਇੱਕ ਮਹੀਨਾ ਪਹਿਲਾਂ ਅੰਮ੍ਰਿਤਸਰ ਆਏ ਸਨ। ਅੱਜ ਜਦੋਂ ਉਹ ਵਾਪਸ ਜਾਣ ਲਈ ਏਅਰਪੋਰਟ ਪਹੁੰਚੇ ਤਾਂ ਏਅਰ ਇੰਡੀਆ ਨੇ ਉਡਾਣ ਰੱਦ ਹੋਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੰਪਨੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਪਰ ਅਗਲੀ ਉਡਾਣ ਦਾ ਪਤਾ ਨਾ ਹੋਣ ਕਾਰਨ ਉਹ ਭਾਰੀ ਮਾਨਸਿਕ ਪਰੇਸ਼ਾਨੀ ਵਿੱਚ ਹਨ।
ਪਿੰਡ ਕਲਾਨੌਰ ਦੇ ਰਹਿਣ ਵਾਲੇ ਜਗਦੀਪ ਸਿੰਘ, ਜੋ ਪਿਛਲੇ 10 ਸਾਲਾਂ ਤੋਂ ਮਸਕਟ ਵਿੱਚ ਕੰਮ ਕਰ ਰਹੇ ਹਨ, ਨੇ ਦੱਸਿਆ ਕਿ ਉਨ੍ਹਾਂ ਦੀ ਉਡਾਣ ਵੀ ਜੰਗ ਕਾਰਨ ਰੱਦ ਹੋ ਗਈ ਹੈ। ਉਨ੍ਹਾਂ ਨੇ ਅੰਮ੍ਰਿਤਸਰ ਤੋਂ ਦਿੱਲੀ ਅਤੇ ਫਿਰ ਦਿੱਲੀ ਤੋਂ ਮਸਕਟ ਜਾਣਾ ਸੀ। ਹੁਣ ਕੋਈ ਵੀ ਉਡਾਣ ਨਾ ਚੱਲਣ ਕਾਰਨ ਉਹ ਆਪਣੇ ਕੰਮ ‘ਤੇ ਵਾਪਸ ਨਹੀਂ ਪਰਤ ਸਕਦੇ।
