the nutrition of mid-day meal of schools Punjabi news - TV9 Punjabi

ਬੱਚਿਆਂ ਦੇ ਮਿਡ ਡੇ ਮੀਲ ਦੀ ਪੌਸ਼ਟਿਕਤਾ ਵਿੱਚ ਹੋਵੇਗਾ ਸੁਧਾਰ :ਰੈੱਡੀ

Published: 

09 Feb 2023 17:48 PM

ਬੱਚਿਆਂ ਦੇ ਮਿਡ ਡੇ ਮੀਲ ਦੀ ਪੌਸ਼ਟਿਕਤਾ ਵਿੱਚ ਹੋਵੇਗਾ ਸੁਧਾਰ :ਰੈੱਡੀ
Follow Us On

ਚੰਡੀਗੜ੍ਹ। ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪੜਦੇ ਬੱਚਿਆਂ ਨੂੰ ਮੁਹੱਈਆ ਕਰਵਾਏ ਜਾ ਰਹੇ ਮਿਡ ਡੇ ਮੀਲ ਵਿੱਚ ਹੋਰ ਵਧੇਰੇ ਪੌਸ਼ਟਿਕ ਤੱਤਾਂ ਨੂੰ ਯਕੀਨੀ ਬਣਾਉਣ ਤੇ ਜ਼ੋਰ ਦਿੰਦਿਆਂ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਡੀ.ਪੀ. ਰੈੱਡੀ ਨੇ ਕਿਹਾ ਕਿ ਖਾਣਾ ਪਕਾਉਣ ਲਈ ਤਾਇਨਾਤ ਕੁੱਕ (ਰਸੋਈਏ) ਵੱਲੋਂ ਲੋੜੀਂਦੀ ਸਾਫ-ਸਫਾਈ ਨੂੰ ਯਕੀਨੀ ਬਣਾਇਆ ਜਾਵੇ।

ਮਿਡ ਡੇ ਮੀਲ ਸਬੰਧੀ ਮੀਟਿੰਗ

ਇੱਥੇ ਮਗਸੀਪਾ ਵਿਖੇ ਸਕੂਲ ਸਿੱਖਿਆ ਵਿਭਾਗ ਨਾਲ ਸੂਬੇ ਵਿੱਚ ਮਿਡ ਡੇ ਮੀਲ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਰੈੱਡੀ ਨੇ ਕਿਹਾ ਕਿ ਸਮੇਂ-ਸਮੇਂ ਤੇ ਬੱਚਿਆਂ ਦੀ ਸਿਹਤ ਜਾਂਚ ਕਰਨਾ ਵੀ ਸਮੇਂ ਦੀ ਲੋੜ ਹੈ। ਇਸ ਤੋਂ ਇਲਾਵਾ ਬੱਚਿਆਂ ਦਾ ਹੈਲਥ ਪ੍ਰੋਫਾਈਲ (ਸਿਹਤ ਸਬੰਧੀ ਵੇਰਵੇ) ਬਣਾਉਣ ਸਬੰਧੀ ਲੋੜੀਂਦੇ ਕਦਮ ਚੁੱਕੇ ਜਾਣ ਤਾਂ ਜੋ ਬੱਚਿਆਂ ਦੀ ਤੰਦਰੁਸਤੀ ਬਾਰੇ ਸਹੀ ਮੁਲਾਂਕਣ ਕੀਤਾ ਜਾ ਸਕੇ।

ਫੰਡਾਂ ਦਾ ਪ੍ਰਬੰਧ ਕਰਨ ਦੇ ਨਿਰਦੇਸ਼

ਚੇਅਰਮੈਨ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਕਾਰਪੋਰੇਟ ਸਮਾਜਿਕ ਜਿੰਮੇਵਾਰੀ (ਸੀਐਸਆਰ) ਤਹਿਤ ਫੰਡਾਂ ਦਾ ਪ੍ਰਬੰਧ ਕਰਨ ਲਈ ਵੀ ਕਿਹਾ ਤਾਂ ਜੋ ਆਉਣ ਵਾਲੇ 6 ਮਹੀਨਿਆਂ ਵਿੱਚ ਸੂਬੇ ਭਰ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਆਰਓ ਲਗਾਏ ਜਾਣ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਸ੍ਰੀ ਰੈਡੀ ਨੇ ਇਹ ਵੀ ਕਿਹਾ ਕਿ ਕਮਿਸ਼ਨ ਵੱਲੋਂ ਮਿਡ ਡੇ ਮੀਲ ਸਬੰਧੀ ਬਣਾਈ ਗਈ ਲਘੂ ਫਿਲਮ ਵਿਭਾਗ ਦੇ ਐਜੂਸੈਟ ਪਲੇਟਫਾਰਮ ਤੇ ਅਪਲੋਡ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੁੱਕ ਅਤੇ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਧੂੰਏਂ ਤੋਂ ਛੁਟਕਾਰਾ ਪਾਉਣ ਲਈ ਪ੍ਰਾਪਤ ਸਰੋਤਾਂ ਮੁਤਾਬਕ, ਐਗਜ਼ਾਸਟ ਫੈਨ ਪ੍ਰਦਾਨ ਕੀਤੇ ਜਾਣ ।

ਵਧੀਆ ਅਭਿਆਸਾਂ ਤੋਂ ਸਿੱਖਣ ਦੀ ਮਹੱਤਤਾ ‘ਤੇ ਜੋਰ

ਰੈੱਡੀ ਨੇ ਇਸ ਸਬੰਧ ਵਿਚ ਦੂਜੇ ਰਾਜਾਂ ਦੁਆਰਾ ਅਪਣਾਏ ਗਏ ਵਧੀਆ ਅਭਿਆਸਾਂ ਤੋਂ ਸਿੱਖਣ ਦੀ ਮਹੱਤਤਾ ਤੇ ਜੋਰ ਦਿੱਤਾ।ਕਮਿਸ਼ਨ ਦੀ ਗਤੀਵਿਧੀਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਸੋਸ਼ਲ ਮੀਡੀਆ ਦੀ ਮਹੱਤਤਾ ਤੇ ਜੋਰ ਦਿੰਦਿਆਂ ਚੇਅਰਮੈਨ ਨੇ ਸਿੱਖਿਆ ਵਿਭਾਗ ਨੂੰ ਕਮਿਸ਼ਨ ਦੇ ਸੋਸ਼ਲ ਮੀਡੀਆ ਹੈਂਡਲਾਂ ਦੀ ਪਾਲਣਾ ਕਰਨ ਲਈ ਕਿਹਾ ਤਾਂ ਜੋ ਕਮਿਸ਼ਨ ਦੀਆਂ ਵੱਖ-ਵੱਖ ਪਹਿਲਕਦਮੀਆਂ ਲਈ ਵਿਆਪਕ ਪਹੁੰਚ ਨੂੰ ਯਕੀਨੀ ਬਣਾਇਆ ਜਾ ਸਕੇ। ਲੋਕਾਂ ਵਲੋਂ ਸੁਝਾਅ ਦੇਣ ਅਤੇ ਜਾਗਰੂਕਤਾ ਫੈਲਾਉਣ ਦੇ ਮੱਦੇਨਜ਼ਰ ਸਾਰੀਆਂ ਥਾਵਾਂ ਉੱਤੇ ਨੋਟਿਸ ਬੋਰਡ ਅਤੇ ਸ਼ਿਕਾਇਤ ਬਾਕਸ ਲਗਾਏ ਜਾਣ ਦੀ ਵੀ ਤਾਕੀਦ ਕੀਤੀ ਗਈ।

ਚੇਅਰਮੈਨ ਅਤੇ ਮੈਂਬਰਾਂ ਨੇ ਫੀਲਡ ਦੌਰੇ ਦੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਕੁਝ ਮਹੱਤਵਪੂਰਨ ਸੁਝਾਅ ਦਿੱਤੇ। ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਇਸ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ ਅਤੇ ਸੁਚੱਜੇ ਢੰਗ ਨਾਲ ਇਸ ਉੱਤੇ ਅਮਲ ਕੀਤਾ ਜਾਵੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਏ.ਕੇ. ਸ਼ਰਮਾ, ਆਈਆਰਐਸ (ਸੇਵਾਮੁਕਤ), ਪ੍ਰੀਤੀ ਚਾਵਲਾ, ਇੰਦਰਾ ਗੁਪਤਾ, ਵਿਜੇ ਦੱਤ, ਚੇਤਨ ਪ੍ਰਕਾਸ਼ ਧਾਲੀਵਾਲ, ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਅਤੇ ਅਧਿਕਾਰੀ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਨੈ ਬੁਬਲਾਨੀ ਅਤੇ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।

Exit mobile version