ਵਿਧਾਨ ਸਭਾ ਸਪੀਕਰ ਨੇ ਕੀਤੀ ਸਕੂਲ ‘ਚ ਮਿਡ ਡੇਅ ਮੀਲ ਦੀ ਚੈਕਿੰਗ, ਬੱਚਿਆਂ ਨਾਲ ਬਹਿ ਕੇ ਖਾਧਾ ਖਾਣਾ

Published: 

06 Feb 2023 19:23 PM

ਹਲਕਾ ਕੋਟਕਪੂਰਾ ਦੇ ਪਿੰਡ ਰੱਤੀ ਰੋਡ਼ੀ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪੁੱਜੇ ਸੰਧਵਾਂ ਨੇ ਖਾਣੇ ਦੀ ਗੁਣਵੱਤਾ ਪ੍ਰਤੀ ਸੰਤੁਸ਼ਟੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਬੱਚਿਆਂ ਨੂੰ ਮਿਆਰੀ ਸਿੱਖਿਆ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।

ਵਿਧਾਨ ਸਭਾ ਸਪੀਕਰ ਨੇ ਕੀਤੀ ਸਕੂਲ ਚ ਮਿਡ ਡੇਅ ਮੀਲ ਦੀ ਚੈਕਿੰਗ, ਬੱਚਿਆਂ ਨਾਲ ਬਹਿ ਕੇ ਖਾਧਾ ਖਾਣਾ
Follow Us On

ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਕੋਟਕਪੂਰਾ ਨੇੜਲੇ ਪਿੰਡ ਰੱਤੀ ਰੋਡ਼ੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਮਿਡ-ਡੇਅ ਮੀਲ ਸਕੀਮ ਅਧੀਨ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਖਾਣਾ ਚੈਕ ਕੀਤਾ ਅਤੇ ਨੰਨ੍ਹੇ-ਮੁੰਨੇ ਬੱਚਿਆਂ ਨਾਲ ਬਹਿ ਕੇ ਭੋਜਨ ਛਕਿਆ।

ਦੁਪਹਿਰ ਵੇਲੇ ਹਲਕਾ ਕੋਟਕਪੂਰਾ ਦੇ ਪਿੰਡ ਰੱਤੀ ਰੋਡ਼ੀ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪੁੱਜੇ ਸ. ਸੰਧਵਾਂ ਨੇ ਖਾਣੇ ਦੀ ਗੁਣਵੱਤਾ ਪ੍ਰਤੀ ਸੰਤੁਸ਼ਟੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਬੱਚਿਆਂ ਨੂੰ ਮਿਆਰੀ ਸਿੱਖਿਆ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਸ ਲੜੀ ਤਹਿਤ ਸਕੂਲਾਂ ਵਿੱਚ ਮਿਲਦੇ ਖਾਣੇ ਦੀ ਨਿਰੰਤਰ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਮੁੜ ਪੈਰਾਂ ਸਿਰ ਕਰਕੇ ਉਨ੍ਹਾਂ ਨੂੰ ਸ਼ਾਨਦਾਰ ਬਣਾਉਣਾ ਸਾਡਾ ਮੁੱਖ ਮਨੋਰਥ ਹੈ।

ਜ਼ਿਲ੍ਹਾ ਫ਼ਰੀਦਕੋਟ ਦੇ ਸਰਕਾਰੀ ਸਕੂਲਾਂ ਦੇ ਆਪਣੇ ਦੌਰੇ ਦੌਰਾਨ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਵੱਖ-ਵੱਖ ਚਾਰ ਸਰਕਾਰੀ ਸਕੂਲਾਂ ਨੂੰ 8 ਲੱਖ ਰੁਪਏ ਦੀ ਰਾਸ਼ੀ ਦੇ ਚੈਕ ਸੌਂਪੇ। ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਦੁਆਰੇਆਣਾ, ਸਰਕਾਰੀ ਹਾਈ ਸਕੂਲ ਵਾੜਾ ਦਰਾਕਾ, ਸਰਕਾਰੀ ਪ੍ਰਾਇਮਰੀ ਸਕੂਲ ਡੱਗੋ ਰੋਮਾਣਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਰੱਤੀ ਰੋੜੀ ਨੂੰ 2-2 ਲੱਖ ਰੁਪਏ ਦੇ ਚੈੱਕ ਦਿੱਤੇ। ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਨੂੰ 1 ਲੱਖ ਰੁਪਏ ਦੀ ਰਾਸ਼ੀ ਕਲੱਬ ਦਾ ਸਾਮਾਨ ਖ਼ਰੀਦਣ ਲਈ ਦਿੱਤੀ ਗਈ।

ਸਕੂਲਾਂ ਵਿੱਚ ਆਪਣੇ ਸੰਬੋਧਨ ਦੌਰਾਨ ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਹੋਰ ਉਚਾ ਚੁੱਕਣ ਲਈ ਵੱਡੀ ਪੱਧਰ ‘ਤੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਹੋਰ ਨਿਖਾਰਣ ਦੇ ਮਕਸਦ ਨਾਲ ਸਰਕਾਰ ਨੇ 36 ਸਕੂਲ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਸਥਿਤ ਕੌਮਾਂਤਰੀ ਅਧਿਆਪਕ ਸਿਖਲਾਈ ਕੇਂਦਰ ਵਿਖੇ ਟ੍ਰੇਨਿੰਗ ਲਈ ਭੇਜਿਆ ਹੈ, ਜੋ ਸਿਖਲਾਈ ਲੈਣ ਉਪਰੰਤ ਬੱਚਿਆਂ ਨੂੰ ਵਿਸ਼ਵ ਪੱਧਰੀ ਆਧੁਨਿਕ ਢੰਗ-ਤਰੀਕਿਆਂ ਨਾਲ ਸਿੱਖਿਆ ਮੁਹੱਈਆ ਕਰਵਾ ਸਕਣ ਦੇ ਯੋਗ ਹੋਣਗੇ।