ਹੁਸ਼ਿਆਰਪੁਰ ‘ਚ ਹੈਡਮਾਸਟਰ 3 ਮਹੀਨੇ ਤਕ ਮਾਸੂਮ ਨਾਲ ਕਰਦਾ ਰਿਹਾ ਦਰਿੰਦਗੀ, ਦਿੰਦਾ ਸੀ ਫੇਲ ਕਰਨ ਦੀ ਧਮਕੀ; ਬਿਆਨ ਦਰਜ

Updated On: 

04 Sep 2026 09:20 AM IST

ਹੁਸ਼ਿਆਰਪੁਰ ਦੇ ਇੱਕ ਸਰਕਾਰੀ ਸਕੂਲ ਵਿੱਚ 12 ਸਾਲਾਂ ਦੀ ਮਾਸੂਮ ਬੱਚੀ ਨਾਲ ਵਾਪਰੇ ਜਬਰ-ਜ਼ਨਾਹ ਮਾਮਲੇ ਵਿੱਚ ਪੀੜਤ ਬੱਚੀ ਦੇ ਪਿਤਾ ਅਤੇ ਉਸ ਦਾ ਇਲਾਜ ਕਰ ਰਹੀ ਡਾਕਟਰ ਵੱਲੋਂ ਕਈ ਸਨਸਨੀਖੇਜ਼ ਖੁਲਾਸੇ ਕੀਤੇ ਗਏ ਹਨ। ਬੱਚੀ ਇਸ ਸਮੇਂ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਅਤੇ ਉਸ ਦੀ ਸਿਹਤ ਵਿੱਚ ਹੌਲੀ-ਹੌਲੀ ਸੁਧਾਰ ਆ ਰਿਹਾ ਹੈ।

ਹੁਸ਼ਿਆਰਪੁਰ ਚ ਹੈਡਮਾਸਟਰ 3 ਮਹੀਨੇ ਤਕ ਮਾਸੂਮ ਨਾਲ ਕਰਦਾ ਰਿਹਾ ਦਰਿੰਦਗੀ, ਦਿੰਦਾ ਸੀ ਫੇਲ ਕਰਨ ਦੀ ਧਮਕੀ; ਬਿਆਨ ਦਰਜ

ਸੰਕੇਤਕ ਤਸਵੀਰ

ਹੁਸ਼ਿਆਰਪੁਰ ਦੇ ਇੱਕ ਸਰਕਾਰੀ ਸਕੂਲ ਵਿੱਚ 12 ਸਾਲਾਂ ਦੀ ਮਾਸੂਮ ਬੱਚੀ ਨਾਲ ਵਾਪਰੇ ਜਬਰ-ਜ਼ਨਾਹ ਮਾਮਲੇ ਵਿੱਚ ਪੀੜਤ ਬੱਚੀ ਦੇ ਪਿਤਾ ਅਤੇ ਉਸ ਦਾ ਇਲਾਜ ਕਰ ਰਹੀ ਡਾਕਟਰ ਵੱਲੋਂ ਕਈ ਸਨਸਨੀਖੇਜ਼ ਖੁਲਾਸੇ ਕੀਤੇ ਗਏ ਹਨ। ਬੱਚੀ ਇਸ ਸਮੇਂ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਅਤੇ ਉਸ ਦੀ ਸਿਹਤ ਵਿੱਚ ਹੌਲੀ-ਹੌਲੀ ਸੁਧਾਰ ਆ ਰਿਹਾ ਹੈ। ਇਲਾਜ ਕਰ ਰਹੀ ਮਹਿਲਾ ਡਾਕਟਰ ਅਨੁਸਾਰ ਜੇਕਰ ਪਰਿਵਾਰਕ ਮੈਂਬਰ 27 ਅਗਸਤ ਨੂੰ ਬੱਚੀ ਨੂੰ ਹਸਪਤਾਲ ਨਾ ਲੈ ਕੇ ਆਉਂਦੇ ਤਾਂ ਸ਼ਾਇਦ ਉਸ ਦੀ ਜਾਨ ਬਚਾਉਣਾ ਬੇਹੱਦ ਮੁਸ਼ਕਲ ਹੋ ਜਾਂਦਾ।

ਡਾਕਟਰ ਵੱਲੋਂ ਕੀਤੇ ਗਏ ਅਹਿਮ ਖੁਲਾਸੇ

ਡਾਕਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਬੱਚੀ ਨੂੰ ਹਸਪਤਾਲ ਲਿਆਂਦਾ ਗਿਆ ਸੀ, ਤਾਂ ਉਸ ਵੇਲੇ ਪਰਿਵਾਰ ਨੂੰ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਉਸ ਨਾਲ ਕੀ ਕੁਝ ਵਾਪਰ ਚੁੱਕਾ ਹੈ। ਬੱਚੀ ਨੂੰ ਬਹੁਤ ਜ਼ਿਆਦਾ ਖੂਨ ਵਹਿ ਰਿਹਾ ਸੀ। ਮੈਡੀਕਲ ਜਾਂਚ ਦੌਰਾਨ ਡਾਕਟਰ ਤੁਰੰਤ ਸਮਝ ਗਏ ਕਿ ਇਹ ਜਿਣਸੀ ਸ਼ੋਸ਼ਣ ਦਾ ਮਾਮਲਾ ਹੈ। ਡਾਕਟਰ ਮੁਤਾਬਕ ਬੱਚੀ ਬੇਹੱਦ ਸਹਿਮੀ ਹੋਈ ਸੀ ਅਤੇ ਕੁਝ ਵੀ ਬੋਲਣ ਦੀ ਸਥਿਤੀ ਵਿੱਚ ਨਹੀਂ ਸੀ, ਕਿਉਂਕਿ ਸਕੂਲ ਦੇ ਹੈੱਡਮਾਸਟਰ ਨੇ ਉਸ ਨੂੰ ਇਸ ਹੱਦ ਤੱਕ ਡਰਾਇਆ ਹੋਇਆ ਸੀ ਕਿ ਉਹ ਆਪਣੇ ਨਾਲ ਹੋਈ ਦਰਿੰਦਗੀ ਬਾਰੇ ਚੁੱਪ ਧਾਰੀ ਬੈਠੀ ਸੀ। ਜਦੋਂ ਡਾਕਟਰਾਂ ਨੇ ਉਸ ਨੂੰ ਭਰੋਸਾ ਦਿੱਤਾ ਅਤੇ ਹੌਸਲਾ ਵਧਾਇਆ ਤਾਂ ਉਸ ਨੇ ਖੁਲਾਸਾ ਕੀਤਾ ਕਿ ਉਸ ਨਾਲ ਸਕੂਲ ਦੇ ਅਧਿਆਪਕ ਵੱਲੋਂ ਕਈ ਵਾਰ ਜਬਰ-ਜ਼ਨਾਹ ਕੀਤਾ ਗਿਆ ਹੈ।

ਪਿਤਾ ਨੇ ਦੱਸੀ ਧਮਕੀਆਂ ਦੀ ਦਾਸਤਾਨ

ਬੱਚੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਧੀ ਪਿਛਲੇ 3 ਮਹੀਨਿਆਂ ਤੋਂ ਇਸ ਡਰ ਕਾਰਨ ਘਰ ਵਿੱਚ ਕੁਝ ਨਹੀਂ ਦੱਸ ਸਕੀ ਕਿਉਂਕਿ ਮੁਲਜ਼ਮ ਅਧਿਆਪਕ ਉਸ ਨੂੰ ਜਾਨੋਂ ਮਾਰਨ, ਪੜ੍ਹਾਈ ਵਿੱਚ ਫੇਲ੍ਹ ਕਰਨ ਅਤੇ ਕਿਰਦਾਰ ਖ਼ਰਾਬ ਕਰਨ ਦੀਆਂ ਲਗਾਤਾਰ ਧਮਕੀਆਂ ਦੇ ਰਿਹਾ ਸੀ। ਬੱਚੀ ਦੇ ਮਨ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਕੇ ਉਸ ਨੂੰ ਚੁੱਪ ਰਹਿਣ ਲਈ ਮਜਬੂਰ ਕੀਤਾ ਗਿਆ ਸੀ।

ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਪੱਖ

ਦੂਜੇ ਪਾਸੇ, ਹੁਸ਼ਿਆਰਪੁਰ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ (ਡੀ.ਈ.ਓ.) ਹਰਜਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਵਿਭਾਗੀ ਜਾਂਚ ਕਰਵਾ ਕੇ ਰਿਪੋਰਟ ਉੱਚ ਦਫ਼ਤਰ ਨੂੰ ਭੇਜ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਘਟਨਾ ਵਾਲੇ ਦਿਨ 11 ਅਗਸਤ ਨੂੰ ਪੀੜਤ ਬੱਚੀ ਸਕੂਲ ਵਿੱਚ ਗ਼ੈਰ-ਹਾਜ਼ਰ ਸੀ, ਜਦਕਿ ਅਧਿਆਪਕ ਦੀ ਹਾਜ਼ਰੀ ਲੱਗੀ ਹੋਈ ਸੀ। ਪਿਤਾ ਵੱਲੋਂ ਲਾਏ ਗਏ ਦੋਸ਼ਾਂ ‘ਤੇ ਡੀ.ਈ.ਓ. ਨੇ ਕਿਹਾ ਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਜਿੱਥੇ ਪੁਰਸ਼ ਅਧਿਆਪਕ ਹੋਣ ਉੱਥੇ ਅਜਿਹੀਆਂ ਘਟਨਾਵਾਂ ਵਾਪਰਨ ਹੀ।

ਪੁਲਿਸ ਕਾਰਵਾਈ ‘ਤੇ ਵਕੀਲ ਨੇ ਚੁੱਕੇ ਸਵਾਲ

ਪੀੜਤ ਧਿਰ ਦੇ ਵਕੀਲ ਸੰਦੀਪ ਸ਼ਰਮਾ ਨੇ ਕਿਹਾ ਕਿ 2 ਸਤੰਬਰ ਨੂੰ ਅਦਾਲਤ ਵਿੱਚ ਬੱਚੀ ਦੇ ਬਿਆਨ ਦਰਜ ਕਰਵਾਏ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਮਾਮਲੇ ਵਿੱਚ ਅਦਾਲਤੀ ਕਾਰਵਾਈ ਲਈ ਦਰਖ਼ਾਸਤ ਪੁਲਿਸ ਨੂੰ ਦੇਣੀ ਚਾਹੀਦੀ ਸੀ, ਪਰ ਪੁਲਿਸ ਦੀ ਢਿੱਲਮੱਠ ਕਾਰਨ ਇਹ ਅਰਜ਼ੀ ਪੀੜਤ ਧਿਰ ਨੂੰ ਖ਼ੁਦ ਦਾਖ਼ਲ ਕਰਨੀ ਪਈ। ਇਸ ਲਾਪਰਵਾਹੀ ਅਤੇ ਢਿੱਲੀ ਕਾਰਗੁਜ਼ਾਰੀ ਲਈ ਅਦਾਲਤ ਨੇ ਵੀ ਪੁਲਿਸ ਨੂੰ ਸਖ਼ਤ ਫਿਟਕਾਰ ਲਗਾਈ ਹੈ।

ਬਾਰ ਐਸੋਸੀਏਸ਼ਨ ਦਾ ਆਰੋਪ: ਮੁਲਜ਼ਮ ਨੂੰ ਬਚਾਉਣ ਦੀ ਹੋਈ ਕੋਸ਼ਿਸ਼

ਹੁਸ਼ਿਆਰਪੁਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੀਨੀਅਰ ਵਕੀਲ ਪੀ.ਐੱਸ. ਘੁੰਮਣ ਨੇ ਪੁਲਿਸ ਪ੍ਰਸ਼ਾਸਨ ‘ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਜਨਤਕ ਨਹੀਂ ਕਰਨਾ ਚਾਹੁੰਦੇ ਸਨ, ਪਰ ਪੁਲਿਸ ਦੀ ਕਾਰਜਪ੍ਰਣਾਲੀ ਅਤੇ ਮੁਲਜ਼ਮ ਨੂੰ ਬਚਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਚੱਲਦਿਆਂ ਉਨ੍ਹਾਂ ਨੂੰ ਸਾਹਮਣੇ ਆਉਣਾ ਪਿਆ। ਉਨ੍ਹਾਂ ਕਿਹਾ ਕਿ ਹੱਦ ਤਾਂ ਉਦੋਂ ਹੋ ਗਈ ਜਦੋਂ ਪੁਲਿਸ ਨੇ ਲਗਭਗ 4 ਘੰਟੇ ਤੱਕ ਪੀੜਤ ਬੱਚੀ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਅਤੇ ਉਸ ਨੂੰ ਡਰਾਉਣ-ਧਮਕਾਉਣ ਦੇ ਯਤਨ ਕੀਤੇ ਗਏ।

Loading...
Unable to load recommendations.
Follow Us