Heat will Increase: ਪੰਜਾਬ ਚ ਵਧੇਗੀ ਗਰਮੀ, 40 ਤੱਕ ਪਹੁੰਚਿਆ ਪਾਰਾ, ਹਸਪਤਾਲਾਂ ‘ਚ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼
ਕਈ ਦਿਨਾਂ ਦੀ ਰਾਹਤ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਵਿੱਚ ਗਰਮੀ ਦਾ ਕਹਿਰ ਵੱਧਣਾ ਸ਼ੁਰੂ ਹੋ ਗਿਆ ਹੈ। ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਲੁਧਿਆਣਾ ਵਿੱਚ 38 ਡਿਗਰੀ ਤੱਕ ਦਰਜ ਕੀਤਾ ਗਿਆ ਹੈ, ਜਦੋਂ ਕਿ ਬਾਕੀ ਜ਼ਿਲ੍ਹਿਆਂ ਦਾ ਤਾਪਮਾਨ ਹੋਰ ਵੱਧ ਸਕਦਾ ਹੈ।
ਪੰਜਾਬ ਨਿਊਜ। ਜੇਕਰ ਅਗਲੇ ਦੋ ਦਿਨ ਡ੍ਰਾਈ ਰਹੇ ਤਾਂ ਪੰਜਾਬ (Punjab) ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਹਿਸਾਰ ਵਿੱਚ ਦਿਨ ਦਾ ਤਾਪਮਾਨ 40.4 ਡਿਗਰੀ ਤੱਕ ਪਹੁੰਚ ਗਿਆ ਹੈ। ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਵਿੱਚ 0.2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ 12 ਮਈ ਨੂੰ ਪੱਛਮੀ ਗੜਬੜੀ ਆ ਰਹੀ ਹੈ। ਇਸ ਦਾ ਅਸਰ 14 ਮਈ ਨੂੰ ਦੇਖਿਆ ਜਾ ਸਕਦਾ ਹੈ। ਅਜੇ ਪੱਕਾ ਨਹੀਂ ਹੈ ਕਿ ਇਹ ਕਿੰਨਾ ਮਜ਼ਬੂਤ ਹੋਵੇਗਾ।
ਹੀਟ ਸਟ੍ਰੋਕ ਤੋਂ ਪ੍ਰਭਾਵਿਤ ਹੋ ਸਕਦੇ ਹਨ ਲੋਕ
ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਵਾਧਾ ਹੋਣ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਪੰਜਾਬ ਸਿਹਤ ਵਿਭਾਗ ਨੇ ਲੋਕਾਂ ਨੂੰ ਗਰਮੀ ਤੋਂ ਬਚਾਉਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਸਿਵਲ ਸਰਜਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹੀਟ ਸਟ੍ਰੋਕ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਦੇਖਭਾਲ ਲਈ ਹਸਪਤਾਲਾਂ ਵਿੱਚ ਪੁਖਤਾ ਪ੍ਰਬੰਧ ਕਰਨ। ਪੰਜਾਬ ਦੇ ਸਿਹਤ ਮੰਤਰੀ (Minister of Health) ਡਾ: ਬਲਬੀਰ ਸਿੰਘ ਵੱਲੋਂ ਜਾਰੀ ਐਡਵਾਈਜ਼ਰੀ ਚ ਕਿਹਾ ਗਿਆ ਹੈ ਕਿ ਮਈ ਅਤੇ ਜੂਨ ਚ ਹੀਟ ਵੇਵ ਦੇ ਜ਼ਿਆਦਾ ਆਸਾਰ ਹਨ।
ਹਿਮਾਚਲ ਚ ਕਈ ਥਾਵਾਂ ਤੇ ਹੋਈ ਬਰਫਵਾਰੀ
ਹਿਮਾਚਲ (Himachal) ਚ ਸੋਮਵਾਰ ਨੂੰ ਲਾਹੌਲ ਸਪਿਤੀ ਦੇ ਗੋਂਡਲਾ ਚ 9.2 ਸੈਂਟੀਮੀਟਰ, ਕੇਲੌਂਗ ਚ 4, ਰੋਹਤਾਂਗ ਚ 3-3 ਸੈਂਟੀਮੀਟਰ ਅਤੇ ਅਟਲ ਸੁਰੰਗ ਚ 3-3 ਸੈਂਟੀਮੀਟਰ ਬਰਫਬਾਰੀ ਹੋਈ। ਹਰੀਪੁਰਧਾਰ ਵਿੱਚ ਵੀ ਬਰਫ਼ ਦੀ ਚਾਦਰ ਵਿਛ ਗਈ।
ਦੂਜੇ ਪਾਸੇ ਮੈਦਾਨੀ ਅਤੇ ਘੱਟ ਉਚਾਈ ਵਾਲੇ ਖੇਤਰਾਂ ਵਿੱਚ ਮੀਂਹ ਦਾ ਕ੍ਰਮ ਜਾਰੀ ਹੈ। ਕੇਲੋਂਗ ਦਾ ਘੱਟੋ-ਘੱਟ ਤਾਪਮਾਨ ਮਨਫੀ ਦੋ ਡਿਗਰੀ, ਕੁਕੁਮਸੇਰੀ ਜ਼ੀਰੋ, ਮਨਾਲੀ 5, ਨਾਰਕੰਡਾ 7 ਅਤੇ ਕੁਫਰੀ ਵਿੱਚ ਘੱਟੋ-ਘੱਟ 9 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਦੇ ਗੁਲਮਰਗ ਸਮੇਤ ਕਈ ਇਲਾਕਿਆਂ ਚ ਬਰਫਬਾਰੀ ਹੋਈ। ਉੱਤਰਾਖੰਡ ਚ ਵੀ ਕਈ ਥਾਵਾਂ ਤੇ ਬਰਫਬਾਰੀ ਹੋਈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ