ਬਠਿੰਡਾ ‘ਚ ਹੈੱਡ ਕਾਂਸਟੇਬਲ ਅਮਨਦੀਪ ਕੌਰ ਦਾ ਵਧਿਆ ਰਿਮਾਂਡ, ਘਰ ਦੀ ਲਈ ਜਾ ਰਹੀ ਤਲਾਸ਼ੀ

Updated On: 

07 Apr 2025 02:25 AM

Constable Amandeep Kaur: ਅਮਨਦੀਪ ਕੌਰ ਦੇ ਮਾਮਲੇ 'ਚ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਹਨ। ਜਦੋਂ ਤੋਂ ਅਮਨਦੀਪ ਕੌਰ ਨੂੰ 2 ਅਪ੍ਰੈਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ਨੇ ਕਈ ਵਾਰ ਬੇਨਤੀ ਕੀਤੀ ਹੈ ਕਿ ਉਸ ਨੂੰ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨ ਦਿੱਤੀ ਜਾਵੇ।

ਬਠਿੰਡਾ ਚ ਹੈੱਡ ਕਾਂਸਟੇਬਲ ਅਮਨਦੀਪ ਕੌਰ ਦਾ ਵਧਿਆ ਰਿਮਾਂਡ, ਘਰ ਦੀ ਲਈ ਜਾ ਰਹੀ ਤਲਾਸ਼ੀ
Follow Us On

Constable Amandeep Kaur: ਬਠਿੰਡਾ ‘ਚ ਹੈਰੋਇਨ ਸਮੇਤ ਫੜੀ ਗਈ ਲੇਡੀ ਹੈੱਡ ਕਾਂਸਟੇਬਲ ਅਮਨਦੀਪ ਕੌਰ ਦੀ ਰਿਮਾਂਡ ਦੀ ਮਿਆਦ ਖਤਮ ਹੋਣ ਤੋਂ ਬਾਅਦ ਅਦਾਲਤ ‘ਚ ਪੇਸ਼ ਕੀਤਾ ਗਿਆ। ਇੱਥੇ ਪੁਲਿਸ ਨੇ 7 ਦਿਨਾਂ ਦਾ ਰਿਮਾਂਡ ਮੰਗਿਆ, ਪਰ ਰਿਮਾਂਡ ਸਿਰਫ਼ 2 ਦਿਨਾਂ ਲਈ ਵਧਾਇਆ ਗਿਆ ਹੈ। ਉਸ ਨੂੰ 2 ਅਪ੍ਰੈਲ ਦੇ ਦਿਨ ਬਠਿੰਡਾ ਗ੍ਰਿਫ਼ਤਾਰ ਕੀਤਾ ਗਿਆ ਸੀ।

ਅਮਨਦੀਪ ਨੂੰ ਸਖ਼ਤ ਸੁਰੱਖਿਆ ਹੇਠ ਲਿਆਂਦਾ ਗਿਆ ਹੈ। ਇਸ ਦੌਰਾਨ ਉਹ ਕਾਲੇ ਸੂਟ ਵਿੱਚ ਨਜ਼ਰ ਆਈ। ਉਸ ਨੇ ਆਪਣਾ ਚਿਹਰਾ ਸਕਾਰਫ਼ ਨਾਲ ਢੱਕਿਆ ਹੋਇਆ ਸੀ ਅਤੇ ਉਸ ਨੂੰ ਪੁਲਿਸ ਵਾਲਿਆਂ ਨਾਲ ਗੱਲ ਕਰਦੇ ਦੇਖਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਈ ਤੱਥ ਮਿਲੇ ਹਨ, ਜਿਸ ਕਾਰਨ ਰਿਮਾਂਡ ਵਧਾਇਆ ਗਿਆ ਹੈ।

ਅਮਨਦੀਪ ਕੌਰ ਦੇ ਮਾਮਲੇ ‘ਚ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਹਨ। ਜਦੋਂ ਤੋਂ ਅਮਨਦੀਪ ਕੌਰ ਨੂੰ 2 ਅਪ੍ਰੈਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ਨੇ ਕਈ ਵਾਰ ਬੇਨਤੀ ਕੀਤੀ ਹੈ ਕਿ ਉਸ ਨੂੰ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨ ਦਿੱਤੀ ਜਾਵੇ। ਅਮਨਦੀਪ ਦਾ ਦਾਅਵਾ ਹੈ ਕਿ ਉਸ ਨੂੰ ਇੱਕ ਸਾਜ਼ਿਸ਼ ਦੇ ਹਿੱਸੇ ਵਜੋਂ ਝੂਠਾ ਫਸਾਇਆ ਗਿਆ ਹੈ।

ਗੁਰਮੀਤ ਕੌਰ ਨਾਮ ਦੀ ਇੱਕ ਔਰਤ ਨੇ ਅਮਨਦੀਪ ‘ਤੇ ਇਲਜ਼ਾਮ ਲਗਾਇਆ ਕਿ ਪ੍ਰੇਮ ਵਿਆਹ ਤੋਂ ਬਾਅਦ ਉਸਨੇ ਆਪਣੇ ਪਤੀ ਖਿਲਾਫ਼ ਵੀ ਕੇਸ ਦਰਜ ਕਰਵਾਇਆ ਸੀ। ਪੁਲਿਸ ਟੀਮ ਨੇ ਬਠਿੰਡਾ ਦੇ ਵਿਰਾਟ ਗ੍ਰੀਨ ਵਿਖੇ ਸਥਿਤ ਉਸ ਦੇ ਘਰ ਨੰਬਰ-168 ਦੀ ਤਲਾਸ਼ੀ ਲਈ ਗਈ। ਪੁਲਿਸ ਨੇ ਇਸ ਕਾਰਵਾਈ ਨੂੰ ਗੁਪਤ ਰੱਖਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਇੱਥੇ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ ਹੈ। ਹਾਲਾਂਕਿ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਘਰ ਅੰਦਰੋਂ ਵੀ ਬਹੁਤ ਆਲੀਸ਼ਾਨ ਹੈ। ਧੁੱਪ ਸੇਕਣ ਲਈ ਮਹਿੰਗੀਆਂ ਕੁਰਸੀਆਂ ਲਗਾਈਆਂ ਗਈਆਂ ਹਨ। ਕੀਮਤੀ ਬਿਸਤਰੇ ਤੇ ਮਹਿੰਗੇ ਇਤਰ ਮਿਲੇ ਹਨ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਹ ਹੈਰੋਇਨ ਤੋਂ ਕਮਾਏ ਪੈਸੇ ਨਾਲ ਤੋਹਫ਼ੇ ‘ਚ ਦਿੱਤੇ ਗਏ ਸਨ ਜਾਂ ਖਰੀਦੇ ਗਏ ਸਨ।

ਅਦਾਲਤ ‘ਚ ਪੇਸ਼ੀ ਦੌਰਾਨ, ਐਸਪੀ ਸਿਟੀ ਨਰਿੰਦਰ ਸਿੰਘ ਤੇ 2 ਡੀਐਸਪੀ ਦੀ ਅਗਵਾਈ ਵਿੱਚ ਅਦਾਲਤੀ ਕੰਪਲੈਕਸ ਦੇ ਮੁੱਖ ਗੇਟ ‘ਤੇ ਪੁਲਿਸ ਫੋਰਸ ਤਾਇਨਾਤ ਸੀ। ਮੁਲਜ਼ਮ ਨੂੰ ਪਿਛਲੇ ਦਰਵਾਜ਼ੇ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਐਸਪੀ ਸਿਟੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਦੂਜੇ ਮੁਲਜ਼ਮ ਬਲਵਿੰਦਰ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।