ਬਠਿੰਡਾ ਰੈਲੀ ‘ਚ ਹਰਸਿਮਰਤ ਬਾਦਲ ਦਾ ਐਲਾਨ, ਨਸ਼ਾ ਤਸਕਰਾਂ ਨੂੰ 10 ਸਾਲ ਜੇਲ੍ਹ; ਨਹੀਂ ਮਿਲੇਗੀ ਜ਼ਮਾਨਤ
ਬਠਿੰਡਾ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਵਾਂ ਦਾ ਸਤਿਕਾਰ ਕਰੋ, ਨਸ਼ਾ ਵਪਾਰ ਬੰਦ ਕਰੋ ਮੁਹਿੰਮ ਅਧੀਨ ਇੱਕ ਵਿਸ਼ਾਲ ਮਹਿਲਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਪੂਰੇ ਸੂਬੇ ਅੰਦਰ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਪੁੱਟਣ ਲਈ ਵਿਆਪਕ ਮੁਹਿੰਮ ਵਿੱਢੀ ਗਈ ਹੈ।
ਬਠਿੰਡਾ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਵਾਂ ਦਾ ਸਤਿਕਾਰ ਕਰੋ, ਨਸ਼ਾ ਵਪਾਰ ਬੰਦ ਕਰੋ ਮੁਹਿੰਮ ਅਧੀਨ ਇੱਕ ਵਿਸ਼ਾਲ ਮਹਿਲਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਪੂਰੇ ਸੂਬੇ ਅੰਦਰ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਪੁੱਟਣ ਲਈ ਵਿਆਪਕ ਮੁਹਿੰਮ ਵਿੱਢੀ ਗਈ ਹੈ। ਸਮਾਗਮ ਦੌਰਾਨ ਵੱਡੀ ਗਿਣਤੀ ਚ ਸ਼ਾਮਲ ਹੋਈਆਂ ਮਾਵਾਂ ਨੇ ਨਸ਼ਿਆਂ ਦੇ ਦੈਂਤ ਹੱਥੋਂ ਆਪਣੇ ਜਵਾਨ ਪੁੱਤਾਂ ਨੂੰ ਗੁਆਉਣ ਦੀਆਂ ਦਿਲ-ਕੰਬਾਊ ਅਤੇ ਦਰਦਨਾਕ ਦਾਸਤਾਨਾਂ ਸਾਂਝੀਆਂ ਕੀਤੀਆਂ। ਸਾਂਸਦ ਬਾਦਲ ਨੇ ਕਿਹਾ ਕਿ ਨਸ਼ਿਆਂ ਦੇ ਇਸ ਲਗਾਤਾਰ ਵੱਧ ਰਹੇ ਪ੍ਰਕੋਪ ਨੇ ਪੰਜਾਬ ਦੇ ਅਣਗਿਣਤ ਪਰਿਵਾਰਾਂ ਨੂੰ ਡੂੰਘੇ ਸੰਕਟ, ਬਰਬਾਦੀ ਅਤੇ ਮਾਨਸਿਕ ਕਸ਼ਟ ਵਿੱਚ ਧੱਕ ਦਿੱਤਾ ਹੈ।
ਨਸ਼ਾ ਤਸਕਰਾਂ ਨੂੰ 10 ਸਾਲ ਦੀ ਗੈਰ-ਜ਼ਮਾਨਤੀ ਕੈਦ ਅਤੇ ਵਿਸ਼ੇਸ਼ ਟਾਸਕ ਫੋਰਸ ਦਾ ਵਾਅਦਾ
ਹਰਸਿਮਰਤ ਕੌਰ ਬਾਦਲ ਨੇ ਵੱਡਾ ਐਲਾਨ ਕਰਦਿਆਂ ਵਾਅਦਾ ਕੀਤਾ ਕਿ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਨਸ਼ੇ ਦੇ ਗੈਰ-ਕਾਨੂੰਨੀ ਕਾਰੋਬਾਰ ਵਿੱਚ ਸ਼ਾਮਲ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਅਜਿਹੇ ਅਨਸਰਾਂ ਨੂੰ 10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਕਿਸੇ ਵੀ ਸੂਰਤ ਵਿੱਚ ਜ਼ਮਾਨਤ ਦੀ ਰਿਆਇਤ ਨਹੀਂ ਮਿਲੇਗੀ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਨਸ਼ਿਆਂ ਵਿਰੁੱਧ ਫੈਸਲਾਕੁੰਨ ਮੁਹਿੰਮ ਚਲਾਉਣ ਲਈ ਇੱਕ ਵਿਸ਼ੇਸ਼ ਫੋਰਸ ਕਾਇਮ ਕੀਤੀ ਜਾਵੇਗੀ, ਜਿਸ ਦੀ ਸਮੁੱਚੀ ਕਮਾਨ ਡੀਜੀਪੀ ਰੈਂਕ ਦੀ ਮਹਿਲਾ ਪੁਲੀਸ ਅਧਿਕਾਰੀ ਦੇ ਹੱਥਾਂ ਵਿੱਚ ਸੌਂਪੀ ਜਾਵੇਗੀ ਤਾਂ ਜੋ ਪੂਰੀ ਪਾਰਦਰਸ਼ਤਾ ਨਾਲ ਨਤੀਜੇ ਸਾਹਮਣੇ ਆ ਸਕਣ।
ਸ੍ਰੀ ਬੰਗਲਾ ਸਾਹਿਬ ਵਿਖੇ ਦਿੱਲੀ ਪੁਲਿਸ ਦੀ ਕਾਰਵਾਈ
ਦੂਜੇ ਪਾਸੇ, ਇਤਿਹਾਸਕ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਦਿੱਲੀ ਪੁਲਿਸ ਦੇ ਦਾਖ਼ਲ ਹੋਣ ਦੀ ਘਟਨਾ ਨੂੰ ਲੈ ਕੇ ਚੱਲ ਰਹੇ ਤਾਜ਼ਾ ਵਿਵਾਦ ਦਰਮਿਆਨ ਹਰਸਿਮਰਤ ਕੌਰ ਬਾਦਲ ਵੱਲੋਂ ਸੋਸ਼ਲ ਮੀਡੀਆ ਮੰਚ ਐਕਸ (ਟਵਿੱਟਰ) ਤੇ ਕੀਤੀ ਗਈ ਪੋਸਟ ਸਿਆਸੀ ਹਲਕਿਆਂ ਵਿੱਚ ਜ਼ੋਰਦਾਰ ਚਰਚਾ ਦਾ ਕਾਰਨ ਬਣ ਗਈ। ਦਰਅਸਲ, ਬੀਬਾ ਬਾਦਲ ਨੇ ਪਹਿਲਾਂ ਤਾਂ ਦਿੱਲੀ ਪੁਲਿਸ ਦੇ ਕਦਮ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ, ਪਰ ਕੁਝ ਹੀ ਸਮੇਂ ਬਾਅਦ ਰਹੱਸਮਈ ਢੰਗ ਨਾਲ ਇਹ ਟਵੀਟ ਆਪਣੇ ਖਾਤੇ ਤੋਂ ਹਟਾ ਦਿੱਤਾ। ਇਸ ਕਦਮ ਮਗਰੋਂ ਵਿਰੋਧੀ ਧਿਰਾਂ ਨੂੰ ਉਨ੍ਹਾਂ ਤੇ ਤਿੱਖੇ ਸਿਆਸੀ ਤੀਰ ਚਲਾਉਣ ਦਾ ਮੌਕਾ ਮਿਲ ਗਿਆ।
ਟਵੀਟ ਵਿੱਚ ਕੀ ਦਰਜ ਸੀ?
ਹਰਸਿਮਰਤ ਕੌਰ ਬਾਦਲ ਨੇ ਆਪਣੇ ਮੂਲ ਟਵੀਟ ਵਿੱਚ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਪਵਿੱਤਰ ਅਸਥਾਨ ਅੰਦਰ ਦਿੱਲੀ ਪੁਲਿਸ ਦੇ ਦਾਖ਼ਲੇ ਅਤੇ ਧਰਨੇ ਦੌਰਾਨ ਸ਼ਾਂਤਮਈ ਪ੍ਰਦਰਸ਼ਨਕਾਰੀਆਂ, ਵਿਸ਼ੇਸ਼ ਤੌਰ ਤੇ ਮਹਿਲਾਵਾਂ ਨਾਲ ਕੀਤੀ ਗਈ ਕਥਿਤ ਧੱਕੇਸ਼ਾਹੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਸੀ। ਉਨ੍ਹਾਂ ਸਪੱਸ਼ਟ ਲਿਖਿਆ ਸੀ ਕਿ ਗੁਰੂ ਘਰ ਦੀ ਧਾਰਮਿਕ ਮਰਿਆਦਾ ਅਤੇ ਪਵਿੱਤਰਤਾ ਦਾ ਨਿਰਾਦਰ ਕਰਨਾ ਅਤੇ ਆਪਣੇ ਸੰਵਿਧਾਨਕ ਹੱਕਾਂ ਦੀ ਵਰਤੋਂ ਕਰਦਿਆਂ ਉੱਥੇ ਓਟ ਲੈ ਰਹੀਆਂ ਮਹਿਲਾਵਾਂ ਨਾਲ ਜ਼ਬਰਦਸਤੀ ਕਰਨਾ ਕਿਸੇ ਵੀ ਹਾਲਤ ਵਿੱਚ ਬਰਦਾਸ਼ਤਯੋਗ ਨਹੀਂ ਹੈ। ਉਨ੍ਹਾਂ ਨੇ ਇਸ ਕਾਰਵਾਈ ਲਈ ਦਿੱਲੀ ਪੁਲਿਸ ਨੂੰ ਜਵਾਬਦੇਹ ਬਣਾਉਣ ਦੀ ਜ਼ੋਰਦਾਰ ਮੰਗ ਵੀ ਕੀਤੀ ਸੀ। ਪਰ ਕੁਝ ਹੀ ਪਲਾਂ ਵਿੱਚ ਇਸ ਟਵੀਟ ਦੇ ਹਟਾਏ ਜਾਣ ਨਾਲ ਸਿਆਸੀ ਖੇਮਿਆਂ ਵਿੱਚ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ।
AAP ਨੇ ਕੇਂਦਰ ਸਰਕਾਰ ਅਤੇ ਭਾਜਪਾ ਲੀਡਰਸ਼ਿਪ ਦਾ ਨਾਂ ਲੈ ਕੇ ਵਿੰਨ੍ਹੇ ਨਿਸ਼ਾਨੇ
ਹਰਸਿਮਰਤ ਕੌਰ ਬਾਦਲ ਵੱਲੋਂ ਟਵੀਟ ਹਟਾਏ ਜਾਣ ਦੀ ਕਾਰਵਾਈ ਤੋਂ ਤੁਰੰਤ ਬਾਅਦ ਆਮ ਆਦਮੀ ਪਾਰਟੀ (ਆਪ) ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਆੜੇ ਹੱਥੀਂ ਲਿਆ। ਆਪ ਨੇ ਟਵੀਟ ਡਿਲੀਟ ਕਰਨ ਦੇ ਪਿੱਛੇ ਦੀ ਮਨਸ਼ਾ ਤੇ ਸਵਾਲ ਚੁੱਕਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਨਾਂ ਲੈ ਕੇ ਸਿੱਧਾ ਨਿਸ਼ਾਨਾ ਸਾਧਿਆ। ਪਾਰਟੀ ਨੇ ਪੁੱਛਿਆ, “ਹਰਸਿਮਰਤ ਬਾਦਲ ਜੀ, ਤੁਸੀਂ ਇਹ ਟਵੀਟ ਕਿਉਂ ਡਿਲੀਟ ਕੀਤਾ? ਕੀ ਤੁਹਾਨੂੰ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਦਾ ਕੋਈ ਫ਼ੋਨ ਆਇਆ ਸੀ?”
ਇਹ ਵੀ ਪੜ੍ਹੋ
ਆਮ ਆਦਮੀ ਪਾਰਟੀ ਨੇ ਹੋਰ ਅੱਗੇ ਵਧਦਿਆਂ ਸਵਾਲ ਦਾਗ਼ਿਆ ਕਿ ਕੀ ਹੁਣ ਹਰਸਿਮਰਤ ਬਾਦਲ ਭਾਰਤੀ ਜਨਤਾ ਪਾਰਟੀ ਦੇ ਅਧੀਨ ਆਉਂਦੀ ਦਿੱਲੀ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਦੀ ਧਾਰਮਿਕ ਮਰਿਆਦਾ ਦੀ ਕੀਤੀ ਗਈ ਕਥਿਤ ਉਲੰਘਣਾ ਨਾਲ ਪੂਰੀ ਤਰ੍ਹਾਂ ਸਹਿਮਤ ਹਨ? ਇਸ ਸਿਆਸੀ ਘਟਨਾਕ੍ਰਮ ਨੇ ਪੰਜਾਬ ਅਤੇ ਦਿੱਲੀ ਦੇ ਸਿਆਸੀ ਗਲਿਆਰਿਆਂ ਵਿੱਚ ਨਵੀਂ ਬਹਿਸ ਛੇੜ ਦਿੱਤੀ ਹੈ।
