ਵਿੱਤ ਮੰਤਰੀ ਚੀਮਾ ਦਾ ਵਿਰੋਧੀਆਂ ‘ਤੇ ਤਿੱਖਾ ਹਮਲਾ, ‘ਅਕਾਲੀ-ਕਾਂਗਰਸ ਤੇ ਭਾਜਪਾ ਨੇ ਸੂਬੇ ‘ਚ ਗੈਂਗਸਟਰਵਾਦ ਨੂੰ ਦਿੱਤੀ ਹੱਲਾਸ਼ੇਰੀ’

Updated On: 

21 Feb 2026 20:27 PM IST

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੂਬੇ ਵਿੱਚ ਗੈਂਗਸਟਰਵਾਦ ਦੇ ਮੁੱਦੇ 'ਤੇ ਵਿਰੋਧੀ ਪਾਰਟੀਆਂ ਨੂੰ ਲੰਮੇ ਹੱਥੀਂ ਲੈਂਦਿਆਂ ਵੱਡਾ ਦਾਅਵਾ ਕੀਤਾ ਹੈ। ਮਾਨਸਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਵਾਦ ਨੂੰ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਨੇ ਰਲ ਕੇ ਹੱਲਾਸ਼ੇਰੀ ਦਿੱਤੀ ਹੈ।

ਵਿੱਤ ਮੰਤਰੀ ਚੀਮਾ ਦਾ ਵਿਰੋਧੀਆਂ ਤੇ ਤਿੱਖਾ ਹਮਲਾ, ਅਕਾਲੀ-ਕਾਂਗਰਸ ਤੇ ਭਾਜਪਾ ਨੇ ਸੂਬੇ ਚ ਗੈਂਗਸਟਰਵਾਦ ਨੂੰ ਦਿੱਤੀ ਹੱਲਾਸ਼ੇਰੀ

ਅਕਾਲੀ-ਕਾਂਗਰਸ ਤੇ BJP ਨੇ ਗੈਂਗਸਟਰਵਾਦ ਨੂੰ ਦਿੱਤੀ ਹੱਲਾਸ਼ੇਰੀ: ਵਿੱਤ ਮੰਤਰੀ ਚੀਮਾ

Follow Us On

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੂਬੇ ਵਿੱਚ ਗੈਂਗਸਟਰਵਾਦ ਦੇ ਮੁੱਦੇ ‘ਤੇ ਵਿਰੋਧੀ ਪਾਰਟੀਆਂ ਨੂੰ ਲੰਮੇ ਹੱਥੀਂ ਲੈਂਦਿਆਂ ਵੱਡਾ ਦਾਅਵਾ ਕੀਤਾ ਹੈ। ਮਾਨਸਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਵਾਦ ਨੂੰ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਨੇ ਰਲ ਕੇ ਹੱਲਾਸ਼ੇਰੀ ਦਿੱਤੀ ਹੈ। ਚੀਮਾ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਧਰਤੀ ਤੋਂ ਗੈਂਗਸਟਰਵਾਦ ਦਾ ਮੁਕੰਮਲ ਸਫਾਇਆ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਵਿੱਤ ਮੰਤਰੀ ਚੀਮਾ ਅੱਜ ਮਾਨਸਾ ਦੇ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਵਿਖੇ 128 ਵਿਦਿਆਰਥਣਾਂ ਲਈ ਬਣਨ ਵਾਲੇ ਨਵੇਂ ਗਰਲਜ਼ ਹੋਸਟਲ ਦਾ ਨੀਂਹ ਪੱਥਰ ਰੱਖਣ ਪਹੁੰਚੇ ਸਨ। ਇਸ ਹੋਸਟਲ ਦੀ ਉਸਾਰੀ ‘ਤੇ ਕਰੀਬ 10 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਕਾਲਜ ਵਿੱਚ ਹੋਸਟਲ ਦੀ ਬਹੁਤ ਲੋੜ ਸੀ, ਜਿਸ ਨੂੰ ਪੂਰਾ ਕਰਦਿਆਂ ਸਰਕਾਰ ਨੇ ਵਿਦਿਆਰਥਣਾਂ ਨੂੰ ਇਹ ਵੱਡੀ ਸੌਗਾਤ ਦਿੱਤੀ ਹੈ।

ਵਪਾਰੀਆਂ ਦੀ ਸੁਰੱਖਿਆ ਲਈ ‘ਟ੍ਰੇਡ ਕਮਿਸ਼ਨ’ ਦਾ ਗਠਨ

ਸੂਬੇ ਵਿੱਚ ਵਪਾਰੀਆਂ ਨੂੰ ਮਿਲ ਰਹੀਆਂ ਧਮਕੀਆਂ ਅਤੇ ਫਿਰੌਤੀ ਦੇ ਮਾਮਲਿਆਂ ਬਾਰੇ ਬੋਲਦਿਆਂ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਸ ਸਮੱਸਿਆ ਦੇ ਹੱਲ ਲਈ ਇੱਕ ਵੱਖਰਾ ‘ਟ੍ਰੇਡ ਕਮਿਸ਼ਨ’ ਗਠਿਤ ਕੀਤਾ ਹੈ। ਇਹ ਕਮਿਸ਼ਨ ਵਪਾਰੀ ਵਰਗ ਨਾਲ ਮਿਲ ਕੇ ਕੰਮ ਕਰੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਸਬੰਧੀ ਚੁਣੌਤੀ ਜਾਂ ਸਮੱਸਿਆ ਦਾ ਤੁਰੰਤ ਹੱਲ ਯਕੀਨੀ ਬਣਾਏਗਾ। ਉਨ੍ਹਾਂ ਭਰੋਸਾ ਦਿੱਤਾ ਕਿ ਵਪਾਰੀਆਂ ਨੂੰ ਡਰਨ ਦੀ ਲੋੜ ਨਹੀਂ ਹੈ, ਸਰਕਾਰ ਉਨ੍ਹਾਂ ਦੀ ਸੁਰੱਖਿਆ ਲਈ ਤਿਆਰ ਹੈ।

ਸਕੂਲੀ ਬੱਚਿਆਂ ਵੱਲੋਂ ਫਿਰੌਤੀ ਮੰਗਣ ਦੀਆਂ ਘਟਨਾਵਾਂ ‘ਤੇ ਚਿੰਤਾ

ਫ਼ਾਜ਼ਿਲਕਾ ਵਿੱਚ ਸਕੂਲੀ ਬੱਚਿਆਂ ਵੱਲੋਂ ਫਿਰੌਤੀ ਮੰਗਣ ਦੀਆਂ ਸਾਹਮਣੇ ਆਈਆਂ ਮੰਦਭਾਗੀਆਂ ਘਟਨਾਵਾਂ ‘ਤੇ ਵਿੱਤ ਮੰਤਰੀ ਨੇ ਗੰਭੀਰ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਕਈ ਵਾਰ ਬੱਚੇ ਗੁਮਰਾਹ ਹੋ ਜਾਂਦੇ ਹਨ ਅਤੇ ਮੋਬਾਈਲ ਤਕਨਾਲੋਜੀ ਦੀ ਦੁਰਵਰਤੋਂ ਕਾਰਨ ਅਜਿਹੀਆਂ ਗਲਤ ਰਾਹਾਂ ‘ਤੇ ਚੱਲ ਪੈਂਦੇ ਹਨ। ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਅਜਿਹੀ ਮਾੜੀ ਸੰਸਕ੍ਰਿਤੀ ਨੂੰ ਪੰਜਾਬ ਵਿੱਚ ਪਨਪਣ ਨਹੀਂ ਦੇਵੇਗੀ ਅਤੇ ਇਸ ਨੂੰ ਜੜ੍ਹੋਂ ਖ਼ਤਮ ਕੀਤਾ ਜਾਵੇਗਾ।

ਮਾਨਸਾ ਲਈ ਵਿਸ਼ੇਸ਼ ਪੈਕੇਜ ਅਤੇ ਡਿਜੀਟਲ ਲਾਇਬ੍ਰੇਰੀ

ਹਰਪਾਲ ਚੀਮਾ ਨੇ ਮਾਨਸਾ ਵਾਸੀਆਂ ਲਈ ਇੱਕ ਹੋਰ ਵੱਡਾ ਐਲਾਨ ਕਰਦਿਆਂ ਕਿਹਾ ਕਿ ਇਸੇ ਯੂਨੀਵਰਸਿਟੀ ਕਾਲਜ ਵਿੱਚ ਇੱਕ ਅਤਿ-ਆਧੁਨਿਕ ਡਿਜੀਟਲ ਲਾਇਬ੍ਰੇਰੀ ਵੀ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਆਉਣ ਵਾਲੇ ਬਜਟ ਵਿੱਚ ਮਾਨਸਾ ਜ਼ਿਲ੍ਹੇ ਲਈ ਇੱਕ ਵਿਸ਼ੇਸ਼ ਪੈਕੇਜ ਸ਼ਾਮਲ ਕੀਤਾ ਗਿਆ ਹੈ, ਜੋ ਕਿ ਬਜਟ ਤੋਂ ਪਹਿਲਾਂ ਹੀ ਅਮਲੀ ਰੂਪ ਵਿੱਚ ਦਿੱਤਾ ਜਾ ਰਿਹਾ ਹੈ।

ਮੁਲਾਜ਼ਮਾਂ ਲਈ ਸੌਗਾਤ: DA ਦੀ ਕਿਸ਼ਤ ਅਤੇ ਪੈਨਸ਼ਨ ਬਹਾਲੀ

ਸਰਕਾਰੀ ਕਰਮਚਾਰੀਆਂ ਬਾਰੇ ਗੱਲ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਸੰਵੇਦਨਸ਼ੀਲ ਹੈ। ਉਨ੍ਹਾਂ ਸੰਕੇਤ ਦਿੱਤਾ ਕਿ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਡੀ.ਏ. (DA) ਦੀ ਕਿਸ਼ਤ ਅਤੇ ਪੈਨਸ਼ਨ ਬਹਾਲੀ ਦੇ ਮੁੱਦਿਆਂ ‘ਤੇ ਮੁਲਾਜ਼ਮਾਂ ਨੂੰ ਵੱਡੀ ਸੌਗਾਤ ਦੇ ਸਕਦੀ ਹੈ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ।