Liquor Factory Protest: ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਤੇ ਅੜੇ ਪਿੰਡ ਵਾਸੀ, ਨਿਕਲ ਰਹੀਆਂ ਜਹਿਰੀਲੀਆਂ ਧਾਤਾਂ
Ferozepur News : ਜ਼ਿਲ੍ਹਾ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ਵਿੱਚ ਲੋਕ ਸ਼ਰਾਬ ਫੈਕਟਰੀ ਬੰਦ ਕਰਵਾਉਣ ਲਈ ਬੀਤੇ ਪੰਜ ਮਹੀਨਿਆਂ ਤੋਂ ਧਰਨੇ ਉੱਤੇ ਬੈਠੇ ਹਨ।
ਫਰੀਦਕੋਟ ਨਿਊਜ : ਜੀਰਾ ਦੇ ਨੇੜਲੇ ਪਿੰਡ ਮਨਸੂਰਵਾਲ ਵਿੱਚ ਲੱਗੀ ਵਿਵਾਦਗ੍ਰਸਤ ਸ਼ਰਾਬ ਫੈਕਟਰੀ (Liquor Factory) ਦੇ ਆਲੇ-ਦੁਆਲੇ ਦੀ ਮਿੱਟੀ ਚ ਭਾਰੀ ਧਾਤਾਂ ਦੇ ਹੋਣ ਦਾ ਖੁਲਾਸਾ ਹੋਇਆ ਹੈ। ਧਰਤੀ ਦੇ ਹੇਠਾਂ 1.5 ਮੀਟਰ ਤੱਕ ਧਾਤਾਂ ਦੀ ਮੌਜੂਦਗੀ ਪਾਈ ਗਈ ਹੈ। ਇਹ ਖੁਲਾਸਾ ਇਕ ਰਿਪੋਰਟ ਚ ਵਿਚ ਹੋਇਆ ਹੈ । ਦੱਸ ਦੇਈਏ ਕਿ ਪਿਛਲੇ ਸਾਲ ਜੁਲਾਈ ਮਹੀਨੇ ਤੋਂ ਹੀ ਫ਼ੈਕਟਰੀ ਦੇ ਗੇਟ ਅੱਗੇ ਮਨਸੂਰਵਾਲ ਸਮੇਤ ਇਲਾਕੇ ਦੇ 40 ਪਿੰਡਾਂ ਦੇ ਲੋਕਾਂ ਨੇ ਧਰਨਾ ਲਗਾਇਆ ਹੋਇਆ ਹੈ।
ਮਿੱਟੀ ਦੀ ਜਾਂਚ ਲਈ ਬਣਾਈ ਗਈ ਸੀ ਕਮੇਟੀ
ਜ਼ਿਕਰਯੋਗ ਹੈ ਕਿ ਇਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਫੈਕਟਰੀ ਅੱਗੇ ਮੋਰਚੇ ਤੇ ਬੈਠੇ ਪ੍ਰਦਰਸ਼ਨਕਾਰੀਆਂ ਵੱਲੋਂ ਲਗਾਏ ਗਏ ਦੋਸ਼ਾਂ ਤੋਂ ਸਰਕਾਰ ਵੱਲੋਂ ਸ਼ਰਾਬ ਫੈਕਟਰੀ ਦੇ ਨੇੜੇ ਦੀ ਮਿੱਟੀ ਦੀ ਸਿਹਤ ਦਾ ਪਤਾ ਲਗਾਉਣ ਲਈ ਇਕ ਕਮੇਟੀ ਬਣਾਈ ਗਈ ਸੀ। ਇਹ ਕਮੇਟੀ ਦਾ ਕੰਮ ਇਹ ਪਤਾ ਲਗਾਣਾ ਸੀ ਕਿ ਕੀ ਇਸ ਫੈਕਟਰੀ ਵਿਚੋ ਨਿਕਲੀਆਂ ਧਾਤਾਂ ਖੇਤੀ ਅਤੇ ਪਾਣੀ ‘ਤੇ ਮਾੜਾ ਅਸਰ ਪਾਉਣ ਤੋਂ ਇਲਾਵਾ ਮਨੁੱਖਾਂ ਅਤੇ ਪਸ਼ੂਆਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਰਹੀਆਂ ਹਨ? ਕਿਉਂਕਿ ਮਨੁੱਖੀ ਸਰੀਰ ਵਿੱਚ ਭਾਰੀ ਧਾਤਾਂ ਦੀ ਮੌਜੂਦਗੀ ਕੈਂਸਰ ਦਾ ਕਾਰਨ ਬਣ ਸਕਦੀ ਹੈ। ਹਾਲਾਂਕਿ ਇਸੇ ਸਰਕਾਰੀ ਅਧਿਕਾਰੀ ਨੇ ਇਹ ਵੀ ਕਿਹਾ ਹੈ ਕਿ ਇਕ ਹੋਰ ਕਮੇਟੀ ਦੀ ਰਿਪੋਰਟ ਜੋ ਕਿ ਵਸਨੀਕਾਂ ਦੇ ਖੂਨ ਦੇ ਨਮੂਨੇ ਲੈ ਕੇ ਮਨੁੱਖੀ ਸਿਹਤ ‘ਤੇ ਪ੍ਰਦੂਸ਼ਣ ਦੇ ਪ੍ਰਭਾਵਾਂ ਦਾ ਅਧਿਐਨ ਕਰ ਰਹੀ ਸੀ, ਨੇ ਅਜੇ ਤੱਕ ਇਲਾਕੇ ਵਿਚ ਫੈਲੀ ਹੈਪੇਟਾਈਟਸ ਅਤੇ ਕੁਝ ਹੋਰ ਬਿਮਾਰੀਆਂ ਨਾਲ ਫੈਕਟਰੀ ਦਾ ਕੋਈ ਸਬੰਧ ਨਹੀਂ ਪਾਇਆ ਹੈ।
ਪ੍ਰਦੂਸ਼ਣ ਦੇ ਖਾਤਮੇ ਕਰਨ ਲਈ ਫੈਕਟਰੀ ਦਾ ਬੰਦ ਹੋਣਾ ਜਰੂਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਮਹੀਨੇ ਜ਼ੀਰਾ ਸ਼ਰਾਬ ਦੀ ਫੈਕਟਰੀ ਬੰਦ ਕਰਨ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਤੋਂ ਹੀ ਸਰਕਾਰ ਹਾਈ ਕੋਰਟ ਦੇ ਨਿਰਦੇਸ਼ਾਂ ‘ਤੇ ਗਠਿਤ ਚਾਰ ਕਮੇਟੀਆਂ ਦੀਆਂ ਰਿਪੋਰਟਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ। ਚਾਰ ਕਮੇਟੀਆਂ ਨੇ ਪ੍ਰਦੂਸ਼ਣ ਦੇ ਮਨੁੱਖੀ ਸਿਹਤ, ਜਾਨਵਰਾਂ ਦੀ ਸਿਹਤ, ਮਿੱਟੀ ਅਤੇ ਪਾਣੀ ‘ਤੇ ਪੈਣ ਵਾਲੇ ਪ੍ਰਭਾਵਾਂ ਦਾ ਜਾਇਜ਼ਾ ਲੈਣਾ ਸੀ। ਸੀਐਮ ਮਾਨ ਨੇ ਹਾਲ ਹੀ ਵਿੱਚ ਦੱਸਿਆ ਸੀ ਕਿ ਉਨ੍ਹਾਂ ਨੇ ਅੰਦੋਲਨਕਾਰੀਆਂ ਦੇ ਦਬਾਅ ਵਿੱਚ ਨਹੀਂ ਸਗੋਂ ਇਸ ਕਾਰਨ ਪੈਦਾ ਹੋ ਰਹੇ ਪ੍ਰਦੂਸ਼ਣ ਲਈ ਫੈਕਟਰੀ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਸੀ।
ਫੈਕਟਰੀ ਬੰਦ ਕਰਵਾਉਣ ਲਈ ਧਰਨੇ ਤੇ ਬੈਠੇ ਦਰਜਨਾਂ ਪਿੰਡਾਂ ਦੇ ਲੋਕ
ਇਹ ਫ਼ੈਕਟਰੀ ਸਾਲ 2006 ਵਿੱਚ ਜ਼ੀਰਾ ਨੇੜਲੇ ਪਿੰਡ ਮਨਸੂਰਵਾਲ ਕਲਾਂ ‘ਚ ਲਗਾਈ ਗਈ ਸੀ। ਅਸਲ ਵਿੱਚ ਇਸ ਫ਼ੈਕਟਰੀ ਸਬੰਧੀ ਵਿਵਾਦ ਉਸ ਸਮੇਂ ਪੈਦਾ ਹੋਇਆ, ਜਦੋਂ ਕਰੀਬ ਛੇ ਮਹੀਨੇ ਪਹਿਲਾਂ ਨੇੜਲੇ ਪਿੰਡ ਮਹੀਆਂਵਾਲਾ ਵਿੱਚ ਬੋਰ ਕਰਦੇ ਸਮੇਂ ਉਸ ਵਿੱਚੋਂ ਕਾਲੇ ਰੰਗ ਦਾ ਦੂਸ਼ਿਤ ਪਾਣੀ ਨਿਕਲਣ ਲੱਗਾ। ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਦਾ ਦਾਅਵਾ ਹੈ ਕਿ ਸ਼ਰਾਬ ਅਤੇ ਈਥੇਨੋਲ ਦਾ ਉਤਪਾਦਨ ਕਰਨ ਵਾਲੀ ਫ਼ੈਕਟਰੀ ਸਥਾਨਕ ਜ਼ਮੀਨੀ ਪਾਣੀ ਦੇ ਪਲੀਤ ਦਾ ਸਰੋਤ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ