ਪ੍ਰਕਾਸ਼ ਪੁਰਬ ਨੂੰ ਲੈ ਕੇ ਸਿੱਖ ਜੱਥਾ ਪਾਕਿਸਤਾਨ ਰਵਾਨਾ, ਜਥੇਦਾਰ ਬੋਲੇ- ਪਾਸਪੋਰਟ ਦੀ ਬਜਾਏ ਆਧਾਰ ਕਾਰਡ ਦੇਖ ਮਿਲਣੀ ਚਾਹੀਦੀ ਇਜਾਜ਼ਤ
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਵੀਜ਼ੇ ਜਾਰੀ ਕਰ ਦਿੱਤੇ ਗਏ ਹਨ, ਪਰ ਕਰਤਾਰਪੁਰ ਸਾਹਿਬ ਦਾ ਲਾਂਘਾ ਹਾਲੇ ਤੱਕ ਪੂਰੀ ਤਰ੍ਹਾਂ ਨਹੀਂ ਖੁੱਲਿਆ। ਉਨ੍ਹਾਂ ਨੇ ਕਿਹਾ ਕਿ ਇਹ ਲਾਂਘਾ ਸਿਰਫ਼ ਯਾਤਰਾ ਦਾ ਰਸਤਾ ਨਹੀਂ, ਸਗੋਂ ਦਿਲਾਂ ਨੂੰ ਜੋੜਨ ਵਾਲਾ ਪੁਲ ਹੈ। ਜਥੇਦਾਰ ਨੇ ਵਿਸ਼ਵਾਸ ਜਤਾਇਆ ਕਿ ਜਿਵੇਂ ਪਹਿਲਾਂ ਸਰਕਾਰ ਨੇ ਸਿੱਖ ਸੰਗਤਾਂ ਦੀਆਂ ਅਰਦਾਸਾਂ ਸਵੀਕਾਰ ਕੀਤੀਆਂ, ਤਿਵੇਂ ਹੁਣ ਜਲਦੀ ਹੀ ਕਰਤਾਰਪੁਰ ਲਾਂਘਾ ਵੀ ਖੁੱਲੇਗਾ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਸ਼ਰਧਾਲੂਆਂ ਦਾ ਜੱਥਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਵੱਲੋਂ ਪਾਕਿਸਤਾਨ ਲਈ ਰਵਾਨਾ ਕੀਤਾ ਗਿਆ। ਇਹ ਜੱਥਾ ਨਨਕਾਣਾ ਸਾਹਿਬ ਤੇ ਹੋਰ ਇਤਿਹਾਸਕ ਗੁਰਦੁਆਰਿਆਂ ਦਾ ਦਰਸ਼ਨ ਕਰੇਗਾ ਤੇ ਸਮਾਗਮਾਂ ‘ਚ ਹਿੱਸਾ ਲਏਗਾ। ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਸੰਗਤ ਦੇ ਨਾਲ ਦਰਸ਼ਨ ਤੇ ਦੀਦਾਰੇ ਕਰਨ ਲਈ ਪਾਕਿਸਤਾਨ ਰਵਾਨਾ ਹੋਏ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਵੀਜ਼ੇ ਜਾਰੀ ਕਰ ਦਿੱਤੇ ਗਏ ਹਨ, ਪਰ ਕਰਤਾਰਪੁਰ ਸਾਹਿਬ ਦਾ ਲਾਂਘਾ ਹਾਲੇ ਤੱਕ ਪੂਰੀ ਤਰ੍ਹਾਂ ਨਹੀਂ ਖੁੱਲਿਆ। ਉਨ੍ਹਾਂ ਨੇ ਕਿਹਾ ਕਿ ਇਹ ਲਾਂਘਾ ਸਿਰਫ਼ ਯਾਤਰਾ ਦਾ ਰਸਤਾ ਨਹੀਂ, ਸਗੋਂ ਦਿਲਾਂ ਨੂੰ ਜੋੜਨ ਵਾਲਾ ਪੁਲ ਹੈ। ਜਥੇਦਾਰ ਨੇ ਵਿਸ਼ਵਾਸ ਜਤਾਇਆ ਕਿ ਜਿਵੇਂ ਪਹਿਲਾਂ ਸਰਕਾਰ ਨੇ ਸਿੱਖ ਸੰਗਤਾਂ ਦੀਆਂ ਅਰਦਾਸਾਂ ਸਵੀਕਾਰ ਕੀਤੀਆਂ, ਤਿਵੇਂ ਹੁਣ ਜਲਦੀ ਹੀ ਕਰਤਾਰਪੁਰ ਲਾਂਘਾ ਵੀ ਖੁੱਲੇਗਾ।
ਪਾਸਪੋਰਟ ਦੀ ਬਜਾਏ ਆਧਾਰ ਕਾਰਡ ਦੇਖਿਆ ਜਾਵੇ- ਜਥੇਦਾਰ
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ‘ਚ ਆਪਣੀ ਜ਼ਿੰਦਗੀ ਦੇ ਅੰਤਿਮ ਸਾਲ ਬਤੀਤ ਕੀਤੇ ਸਨ, ਇਸ ਲਈ ਸਿੱਖ ਕੌਮ ਦੀ ਇਹ ਭਾਵਨਾ ਕੁਦਰਤੀ ਹੈ ਕਿ ਹਰ ਸਿੱਖ ਬਿਨਾਂ ਰੁਕਾਵਟਾਂ ਦੇ ਉਥੇ ਦਰਸ਼ਨ ਕਰ ਸਕੇ। ਉਨ੍ਹਾਂ ਅਰਦਾਸ ਕੀਤੀ ਕਿ ਆਉਣ ਵਾਲੇ ਸਮੇਂ ‘ਚ ਲਾਂਘਾ ਪਾਰ ਕਰਨ ਲਈ ਪਾਸਪੋਰਟ ਦੀ ਬਜਾਏ ਆਧਾਰ ਕਾਰਡ ਦੇਖਿਆ ਜਾਵੇ ਤਾਂ ਜੋ ਹੋਰ ਸੰਗਤ ਵੀ ਆਸਾਨੀ ਨਾਲ ਜਾ ਸਕੇ।
ਗੁਰੂ ਨਾਨਕ ਦੇ ਪ੍ਰਕਾਸ਼ ਪੁਰਬ ਦੇ ਮੌਕੇ ਸੰਗਤ ਨੂੰ ਸੰਦੇਸ਼ ਦਿੰਦਿਆਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਗੁਰੂ ਸਾਹਿਬ ਨੇ ਤਿੰਨ ਸੁਨਹਿਰੀ ਸਿਧਾਂਤ ਦਿੱਤੇ- ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਕਿਰਤ ਕਰਨ ਵਾਲਾ ਬੰਦਾ ਹਮੇਸ਼ਾ ਇਮਾਨਦਾਰ ਰਹਿੰਦਾ ਹੈ, ਨਾਮ ਜਪਣ ਨਾਲ ਰੱਬ ਹਰ ਦਿਲ ‘ਚ ਵੱਸਦਾ ਹੈ, ਤੇ ਵੰਡ ਛਕੋ ਸਾਨੂੰ ਸਮਾਜਿਕ ਬਰਾਬਰੀ ਸਿਖਾਉਂਦਾ ਹੈ। ਇਹੀ ਸਿਧਾਂਤ ਗੁਰੂ ਦੇ ਲੰਗਰ ਦੀ ਨੀਂਹ ਹਨ, ਜੋ ਅੱਜ ਵੀ ਸਮਾਜ ‘ਚ ਸੇਵਾ ਤੇ ਸਾਂਝ ਦੀ ਪ੍ਰੇਰਣਾ ਦਿੰਦੇ ਹਨ।
ਜਥੇਦਾਰ ਗੜਗੱਜ ਨੇ ਅੰਤ ‘ਚ ਅਰਦਾਸ ਕੀਤੀ ਕਿ ਗੁਰੂ ਨਾਨਕ ਪਾਤਸ਼ਾਹ ਪੂਰੇ ਸੰਸਾਰ ‘ਤੇ ਆਪਣੀ ਮਿਹਰ ਦੀ ਛਾਂ ਰੱਖਣ, ਦੁਨੀਆ ‘ਚ ਅਮਨ ਤੇ ਭਾਈਚਾਰਾ ਬਣਿਆ ਰਹੇ ਤੇ ਸਿੱਖ ਬੰਦੀ ਸਿੰਘਾਂ ਦੀ ਜਲਦ ਰਿਹਾਈ ਹੋਵੇ। ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਸਾਨੂੰ ਆਪਣੇ ਅਮਲ ਚੰਗੇ ਰੱਖਦੇ ਹੋਏ ਗੁਰੂ ਦੀ ਬਾਣੀ ਨਾਲ ਜੁੜਨਾ ਚਾਹੀਦਾ ਹੈ, ਕਿਉਂਕਿ ਸਚਿਆਰ ਹੀ ਗੁਰੂ ਨਾਨਕ ਦੇ ਘਰ ਦੇ ਅਸਲ ਵਾਰਿਸ ਹਨ।


