ਗੁਰਦਾਸਪੁਰ: ਫਤਿਹਗੜ੍ਹ ਚੂੜੀਆਂ ‘ਚ BLOs ਖੱਜਲ-ਖੁਆਰ, 3 ਘੰਟੇ ਬੰਦ ਰਿਹਾ ਸਕੂਲ ਦਾ ਗੇਟ
ਗੇਟ ਨਾ ਖੁੱਲ੍ਹਣ ਕਾਰਨ ਬੀਐਲਓਜ਼ ਨੇ ਸਕੂਲ ਦੇ ਬਾਹਰ ਆਪਣੀਆਂ ਗੱਡੀਆਂ 'ਚ ਬੈਠ ਕੇ ਹੀ ਲੋਕਾਂ ਦੇ ਵੋਟ ਸਬੰਧੀ ਫਾਰਮ ਭਰੇ। ਇਸ ਦੌਰਾਨ ਵੋਟ ਬਣਵਾਉਣ ਲਈ ਪਹੁੰਚੇ ਲੋਕਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਦੱਸਿਆ ਕਿ ਉਹ ਸਵੇਰ ਤੋਂ ਹੀ ਸਕੂਲ ਦੇ ਬਾਹਰ ਖੜ੍ਹੇ ਰਹੇ ਤੇ ਗਰਮੀ 'ਚ ਬਾਹਰ ਖੜ੍ਹ ਕੇ ਵੋਟਾਂ ਸਬੰਧੀ ਫਾਰਮ ਭਰਨ ਲਈ ਮਜਬੂਰ ਹੋਏ।
ਫਤਿਹਗੜ੍ਹ ਚੂੜੀਆਂ 'ਚ BLOs ਖੱਜਲ-ਖੁਆਰ, 3 ਘੰਟੇ ਬੰਦ ਰਿਹਾ ਸਕੂਲ ਦਾ ਗੇਟ
ਫਤਿਹਗੜ੍ਹ ਚੂੜੀਆਂ ਦੇ ਐਲਐਮਐਸਡੀ ਸੀਨੀਅਰ ਸੈਕੰਡਰੀ ਸਕੂਲ ‘ਚ ਬੀਤੇ ਦਿਨ ਐਤਵਾਰ ਨੂੰ ਵੋਟਾਂ ਬਣਾਉਣ ਲਈ ਲਗਾਏ ਗਏ ਕੈਂਪ ਦੌਰਾਨ ਪ੍ਰਸ਼ਾਸਨਿਕ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ। ਸਕੂਲ ਦਾ ਮੁੱਖ ਗੇਟ ਕਰੀਬ ਤਿੰਨ ਘੰਟਿਆਂ ਤੱਕ ਬੰਦ ਰਹਿਣ ਕਾਰਨ ਬੂਥ ਨੰਬਰ 36, 37 ਤੇ 38 ਦੇ ਬੀਐਲਓ ਤੇ ਵੋਟ ਬਣਵਾਉਣ ਲਈ ਪਹੁੰਚੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਚੋਣ ਕਮਿਸ਼ਨ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਆਦਿਤਿਆ ਉੱਪਲ ਦੇ ਨਿਰਦੇਸ਼ਾਂ ਤਹਿਤ ਸਕੂਲ ‘ਚ ਵੋਟਾਂ ਬਣਾਉਣ ਲਈ ਕੈਂਪ ਲਗਾਇਆ ਜਾਣਾ ਸੀ। ਬੂਥ ਨੰਬਰ 36, 37 ਅਤੇ 38 ਦੇ ਬੀਐਲਓ ਹਿਮੰਤ ਕੁਮਾਰ, ਗੁਰਮੀਤ ਸਿੰਘ ਤੇ ਰਸ਼ਪਾਲ ਸਿੰਘ ਨਿਰਧਾਰਤ ਸਮੇਂ ਤੇ ਸਕੂਲ ਦੇ ਮੁੱਖ ਗੇਟ ਤੇ ਪਹੁੰਚ ਗਏ ਸਨ। ਪਰ ਸਕੂਲ ਦਾ ਗੇਟ ਬੰਦ ਹੋਣ ਕਾਰਨ ਉਨ੍ਹਾਂ ਨੂੰ ਕਾਫੀ ਦੇਰ ਤੱਕ ਬਾਹਰ ਹੀ ਖੜ੍ਹਾ ਰਹਿਣਾ ਪਿਆ।
ਗੇਟ ਨਾ ਖੁੱਲ੍ਹਣ ਕਾਰਨ ਬੀਐਲਓਜ਼ ਨੇ ਸਕੂਲ ਦੇ ਬਾਹਰ ਆਪਣੀਆਂ ਗੱਡੀਆਂ ‘ਚ ਬੈਠ ਕੇ ਹੀ ਲੋਕਾਂ ਦੇ ਵੋਟ ਸਬੰਧੀ ਫਾਰਮ ਭਰੇ। ਇਸ ਦੌਰਾਨ ਵੋਟ ਬਣਵਾਉਣ ਲਈ ਪਹੁੰਚੇ ਲੋਕਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਦੱਸਿਆ ਕਿ ਉਹ ਸਵੇਰ ਤੋਂ ਹੀ ਸਕੂਲ ਦੇ ਬਾਹਰ ਖੜ੍ਹੇ ਰਹੇ ਤੇ ਗਰਮੀ ‘ਚ ਬਾਹਰ ਖੜ੍ਹ ਕੇ ਵੋਟਾਂ ਸਬੰਧੀ ਫਾਰਮ ਭਰਨ ਲਈ ਮਜਬੂਰ ਹੋਏ।
ਵੋਟ ਬਣਵਾਉਣ ਪਹੁੰਚੇ ਲੋਕਾਂ ਨੇ ਪ੍ਰਸ਼ਾਸਨ ਤੇ ਲਾਪਰਵਾਹੀ ਦੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਜੇਕਰ ਕੈਂਪ ਸਕੂਲ ਦੇ ਅੰਦਰ ਲਗਾਇਆ ਜਾਣਾ ਸੀ ਤਾਂ ਮੁੱਖ ਗੇਟ ਸਮੇਂ ਸਿਰ ਖੋਲ੍ਹਣ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਸਥਿਤੀ ਕਾਰਨ ਨਾ ਸਿਰਫ਼ ਬੀਐਲਓਜ਼ ਨੂੰ ਮੁਸ਼ਕਲ ਆਈ, ਸਗੋਂ ਆਮ ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀ ਝੱਲਣੀ ਪਈ।
ਐਸਡੀਐਮ ਦੇ ਧਿਆਨ ‘ਚ ਲਿਆਂਦਾ ਗਿਆ ਪੂਰਾ ਮਾਮਲਾ : ਦੁੱਗਲ
ਇਸ ਸਬੰਧੀ ਚੋਣ ਇੰਚਾਰਜ ਰਾਜੀਵ ਦੁੱਗਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ‘ਚ ਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੂਰੇ ਮਾਮਲੇ ਦੀ ਜਾਣਕਾਰੀ ਫਤਿਹਗੜ੍ਹ ਚੂੜੀਆਂ ਦੇ ਐਸਡੀਐਮ ਨੂੰ ਦੇ ਦਿੱਤੀ ਗਈ ਹੈ। ਰਾਜੀਵ ਦੁੱਗਲ ਨੇ ਕਿਹਾ ਕਿ ਇਸ ਮਾਮਲੇ ‘ਚ ਵਿਭਾਗੀ ਕਾਰਵਾਈ ਲਈ ਲਿਖਤੀ ਰੂਪ ‘ਚ ਰਿਪੋਰਟ ਵੀ ਭੇਜ ਦਿੱਤੀ ਗਈ ਹੈ।
