ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਵੱਡੇ ਖੁਲਾਸੇ, ਸਚਿਨ ਬਿਸ਼ਨੋਈ ਨੇ ਰਿਮਾਂਡ ਦੌਰਾਨ ਖੋਲ੍ਹੇ ਵੱਡੇ ਰਾਜ਼

Updated On: 

12 Oct 2023 10:10 AM

ਲਾਰੈਂਸ ਬਿਸ਼ਨੋਈ ਦੇ ਭਤੀਜੇ ਸਚਿਨ ਬਿਸ਼ਨੋਈ ਨੇ ਪੁਲਿਸ ਰਿਮਾਂਡ ਦੌਰਾਨ ਕਈ ਰਾਜ਼ ਖੋਲ੍ਹੇ ਹਨ। ਸਚਿਨ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਨੂੰ ਪਿੰਡ ਭਾਗੋਮਾਜਰਾ ਵਿੱਚ ਹੋਣ ਵਾਲੇ ਕਬੱਡੀ ਕੱਪ ਵਿੱਚ ਜਾਣ ਤੋਂ ਵਰਜਿਆ ਸੀ ਪਰ ਇਸ ਦੇ ਬਾਵਜੂਦ ਮੂਸੇਵਾਲਾ ਕਬੱਡੀ ਕੱਪ ਵਿੱਚ ਗਿਆ। ਬੰਬੀਹਾ ਗੈਂਗ ਦਾ ਕਬੱਡੀ ਕੱਪ ਦਾ ਲੱਕੀ ਪਟਿਆਲ ਕਰਵਾ ਰਿਹਾ ਸੀ। ਜਿਸ ਦੀ ਲਾਰੈਂਸ ਬਿਸ਼ਨੋਈ ਨਾਲ ਡੂੰਘੀ ਦੁਸ਼ਮਣੀ ਸੀ।

ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਵੱਡੇ ਖੁਲਾਸੇ, ਸਚਿਨ ਬਿਸ਼ਨੋਈ ਨੇ ਰਿਮਾਂਡ ਦੌਰਾਨ ਖੋਲ੍ਹੇ ਵੱਡੇ ਰਾਜ਼
Follow Us On

ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਲਾਰੈਂਸ ਬਿਸ਼ਨੋਈ ਦੇ ਭਤੀਜੇ ਸਚਿਨ ਬਿਸ਼ਨੋਈ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ ਅਤੇ ਇੱਕ-ਇੱਕ ਕਰਕੇ ਕਈ ਰਾਜ਼ ਖੋਲ੍ਹੇ ਹਨ। ਸਚਿਨ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਨੂੰ ਪਿੰਡ ਭਾਗੋਮਾਜਰਾ ਵਿੱਚ ਹੋਣ ਵਾਲੇ ਕਬੱਡੀ ਕੱਪ ਵਿੱਚ ਜਾਣ ਤੋਂ ਵਰਜਿਆ ਸੀ ਪਰ ਇਸ ਦੇ ਬਾਵਜੂਦ ਮੂਸੇਵਾਲਾ ਕਬੱਡੀ ਕੱਪ ਵਿੱਚ ਗਿਆ। ਲਾਰੈਂਸ ਬਿਸ਼ਨੋਈ ਨੇ ਮੂਸੇਵਾਲਾ ਨੂੰ ਉੱਥੇ ਪ੍ਰਦਰਸ਼ਨ ਨਾ ਕਰਨ ਲਈ ਕਿਹਾ ਸੀ। ਇਹ ਖੁਲਾਸਾ ਹੋਇਆ ਹੈ ਕਿ ਉਹ ਬੰਬੀਹਾ ਗੈਂਗ ਦੇ ਲੱਕੀ ਪਟਿਆਲ ਲਈ ਕਬੱਡੀ ਕੱਪ ਕਰਵਾ ਰਿਹਾ ਸੀ ਜਿਸ ਦੀ ਲਾਰੈਂਸ ਬਿਸ਼ਨੋਈ ਨਾਲ ਡੂੰਘੀ ਦੁਸ਼ਮਣੀ ਸੀ। ਕਬੱਡੀ ਕੱਪ ਤੋਂ ਬਾਅਦ ਲਾਰੈਂਸ ਨੇ ਸਿੱਧੂ ਮੂਸੇਵਾਲਾ ਨੂੰ ਬੁਲਾਇਆ, ਜਿਸ ਦੌਰਾਨ ਦੋਵਾਂ ਨੇ ਗਾਲ੍ਹਾਂ ਕੱਢੀਆਂ, ਜਿਸ ਤੋਂ ਬਾਅਦ ਆਪਸੀ ਦੁਸ਼ਮਣੀ ਵਧ ਗਈ।

ਸਚਿਨ ਬਿਸ਼ਨੋਈ ਨੇ ਇਕ ਹੋਰ ਹੈਰਾਨੀਜਨਕ ਖੁਲਾਸਾ ਕੀਤਾ

ਲਾਰੈਂਸ ਬਿਸ਼ਨੋਈ ਨੇ ਇਸ ਦੀ ਸ਼ਿਕਾਇਤ ਗੋਲਡੀ ਬਰਾੜ ਨੂੰ ਕੀਤੀ ਸੀ। ਉਦੋਂ ਮੂਸੇਵਾਲਾ ਨੇ ਗੋਲਡੀ ਬਰਾੜ ਨੂੰ ਕਿਹਾ ਸੀ ਕਿ ਉਹ ਆਪਣੇ ਪਿਤਾ ਨੂੰ ਕਹਿਣ ਜੋ ਉਹ ਕਰਨਾ ਚਾਹੁੰਦਾ ਹੈ, ਮੈਂ ਆਪਣੀ ਮਰਜ਼ੀ ਦਾ ਮਾਲਕ ਹਾਂ। ਸਚਿਨ ਬਿਸ਼ਨੋਈ ਨੇ ਇਕ ਹੋਰ ਹੈਰਾਨੀਜਨਕ ਖੁਲਾਸਾ ਕਰਦਿਆਂ ਕਿਹਾ ਕਿ ਕਤਲ ਤੋਂ ਬਾਅਦ ਯੂ.ਪੀ. ਤੋਂ ਇੱਕ ਐਮ.ਐਲ.ਏ ਨੇ ਉਸ ਦੀ ਮਦਦ ਕੀਤੀ ਸੀ। ਸਚਿਨ ਨੇ ਵਿਧਾਇਕ ਦਾ ਨਾਂ ਵਿਕਾਸ ਦੱਸਿਆ। ਉਸ ਨੇ ਉਨ੍ਹਾਂ ਨੂੰ ਆਪਣੇ ਫਾਰਮ ਹਾਊਸ ਵਿੱਚ ਪਨਾਹ ਦਿੱਤੀ। ਕਤਲ ਤੋਂ ਪਹਿਲਾਂ ਵੀ ਉਹ ਇੱਥੇ ਰਿਹਰਸਲ ਕਰ ਰਿਹਾ ਸੀ। ਪੁਲਿਸ ਹੁਣ ਜਾਂਚ ਕਰ ਰਹੀ ਹੈ ਕਿ ਐਮ.ਐਲ.ਏ. ਤੋਂ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ ਕਿਉਂਕਿ ਉਸ ਦਾ ਨਾਂ ਵੀ ਰਿਕਾਰਡ ‘ਤੇ ਆ ਚੁੱਕਾ ਹੈ।

ਸਚਿਨ ਬਿਸ਼ਨੋਈ ਨੇ ਖੁਲਾਸਾ ਕੀਤਾ ਕਿ ਜਦੋਂ ਅਗਸਤ 2021 ਵਿੱਚ ਚਾਚਾ ਲਾਰੈਂਸ ਬਿਸ਼ਨੋਈ ਅਜਮੇਰ ਜੇਲ੍ਹ ਵਿੱਚ ਬੰਦ ਸੀ, ਉਦੋਂ ਤੋਂ ਹੀ ਸਿੱਧੂ ਮੂਸੇਵਾਲਾ ਦੇ ਕਤਲ ਦੀ ਪਲੈਨਿੰਗ ਸ਼ੁਰੂ ਹੋ ਗਈ ਸੀ। ਫਿਰ ਕਬੱਡੀ ਕੱਪ ਦਾ ਜ਼ਿਕਰ ਸੀ। ਇਸ ਪੂਰੀ ਯੋਜਨਾ ਵਿੱਚ ਦੁਬਈ ਵਿੱਚ ਰਹਿਣ ਵਾਲੇ ਇੱਕ ਹੋਰ ਵਿਅਕਤੀ ਹਰਜਿੰਦਰ ਸਿੰਘ ਉਰਫ਼ ਹੈਰੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਨੇ ਗੋਲੀ ਚਲਾਉਣ ਵਾਲਿਆਂ ਨੂੰ ਰਿਹਾਇਸ਼, ਸਿਮ ਕਾਰਡ ਅਤੇ ਪੈਸੇ ਦਿੱਤੇ ਸਨ। ਸੂਤਰਾਂ ਮੁਤਾਬਕ ਸਿਆਸਤਦਾਨਾਂ ਅਤੇ ਪੰਜਾਬੀ ਗਾਇਕਾਂ ਦੇ ਚਿਹਰੇ ਵੀ ਬੇਨਕਾਬ ਹੋਣ ਵਾਲੇ ਹਨ ਕਿਉਂਕਿ ਪੁੱਛਗਿੱਛ ਦੌਰਾਨ ਉਨ੍ਹਾਂ ਦੇ ਨਾਂ ਵੀ ਰਿਕਾਰਡ ‘ਤੇ ਆ ਚੁੱਕੇ ਹਨ।

ਮੂਸੇਵਾਲਾ ਨੇ ਵੀ ਲਾਈਵ ਹੋ ਕੇ ਧਮਕੀਆਂ ਦੀ ਗੱਲ੍ਹ ਕਹੀ ਸੀ

ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਇਸ ਕਤਲ ਕਾਂਡ ਨੂੰ ਲੈ ਕੇ ਹਰ ਸਮੇਂ ਸਵਾਲ ਖੜ੍ਹੇ ਕਰਦੇ ਨਜ਼ਰ ਆ ਰਹੇ ਹਨ ਅਤੇ ਕਹਿ ਰਹੇ ਹਨ ਕਿ ਇਸ ਦੇ ਪਿੱਛੇ ਕਈ ਚਿਹਰੇ ਛੁਪੇ ਹੋਏ ਹਨ। ਸਿੱਧੂ ਮੂਸੇਵਾਲਾ ਨੇ ਵੀ ਲਾਈਵ ਹੋ ਕੇ ਕਿਹਾ ਸੀ ਕਿ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਸ ਤੋਂ 1 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ। ਜਿੱਥੇ ਹੈਰਾਨ ਕਰਨ ਵਾਲੇ ਖੁਲਾਸੇ ਦਰਮਿਆਨ ਕਹਾਣੀ ਨੇ ਇੱਕ ਹੋਰ ਮੋੜ ਲੈ ਲਿਆ ਹੈ। ਸਿੱਧੂ ਮੂਸੇਵਾਲਾ ਦੇ ਕਤਲ ਨੂੰ ਵਿੱਕੀ ਮਿੱਡੂਖੇੜਾ ਦੇ ਕਤਲ ਨਾਲ ਜੋੜਿਆ ਜਾ ਰਿਹਾ ਸੀ। ਕਤਲ ਦੀ ਯੋਜਨਾ ਅਗਸਤ 2021 ਤੋਂ ਚੱਲ ਰਹੀ ਸੀ, ਇਸ ਲਈ ਖੁਲਾਸੇ ਦੌਰਾਨ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਵਿੱਚ ਵਿੱਕੀ ਮਿੱਡੂ ਖੇੜਾ ਦਾ ਕੋਈ ਜ਼ਿਕਰ ਨਹੀਂ ਹੈ।

ਦੱਸ ਦੇਈਏ ਕਿ ਬੀਤੇ ਦਿਨ ਜਦੋਂ ਸਚਿਨ ਬਿਸ਼ਨੋਈ ਮਾਨਸਾ ਦੀ ਅਦਾਲਤ ਵਿੱਚ ਪੇਸ਼ ਹੋਏ ਤਾਂ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਜ਼ਿਕਰਯੋਗ ਹੈ ਕਿ ਸਚਿਨ ਬਿਸ਼ਨੋਈ ਇਸ ਤੋਂ ਪਹਿਲਾਂ ਰਿਮਾਂਡ ‘ਤੇ ਸੀ। ਦਿੱਲੀ ਪੁਲਿਸ ਸਚਿਨ ਬਿਸ਼ਨੋਈ ਨੂੰ ਅਜ਼ਰਬਾਈਜਾਨ ਤੋਂ ਲੈ ਕੇ ਆਈ ਸੀ। ਇਸ ਤੋਂ ਬਾਅਦ ਸਚਿਨ ਬਿਸ਼ਨੋਈ ਨੂੰ ਪੰਜਾਬ ਲਿਆਂਦਾ ਗਿਆ ਜਿੱਥੇ ਪੰਜਾਬ ਪੁਲਿਸ ਨੇ ਉਸ ਦਾ ਰਿਮਾਂਡ ਹਾਸਲ ਕੀਤਾ ਅਤੇ ਪੁੱਛਗਿੱਛ ਦੌਰਾਨ ਸਚਿਨ ਬਿਸ਼ਨੋਈ ਨੇ ਇਹ ਹੈਰਾਨੀਜਨਕ ਖੁਲਾਸੇ ਕੀਤੇ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਕਾਨੂੰਨੀ ਕਾਰਵਾਈ ਜਾਰੀ ਹੈ।