ਜਲੰਧਰ ‘ਚ 14 ਸਾਲਾਂ ਦੇ ਬੱਚੇ ਦੀ ਮੌਤ, ਸਾਬਕਾ MLA ਸ਼ੀਤਲ ਅੰਗੁਰਾਲ ਨੇ ਪੁਲਿਸ ‘ਤੇ ਲਗਾਏ ਵੱਡੇ ਇਲਜ਼ਾਮ
ਇਸ ਮਾਮਲੇ ਵਿੱਚ ਭਾਰਗਵ ਕੈਂਪ ਥਾਣੇ ਦੇ ਐਸਐਚਓ ਸੁਖਵੰਤ ਸਿੰਘ ਨੇ ਸਾਰੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਹੈ। ਐਸਐਚਓ ਸੁਖਵੰਤ ਸਿੰਘ ਨੇ ਕਿਹਾ ਕਿ ਕੋਈ ਕੀ ਕਹਿੰਦਾ ਹੈ ਇਹ ਉਨ੍ਹਾਂ 'ਤੇ ਨਿਰਭਰ ਕਰਦਾ ਹੈ। ਜੇਕਰ ਅਜਿਹਾ ਕੁਝ ਹੁੰਦਾ ਤਾਂ ਪੋਸਟ ਮਾਰਟਮ ਕਰਵਾਇਆ ਜਾਣਾ ਸੀ, ਪਰ ਪਰਿਵਾਰ ਵਾਲਿਆਂ ਨੇ ਅਜਿਹਾ ਕੁਝ ਨਹੀਂ ਕਿਹਾ ਹੈ।
ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਜਲੰਧਰ ਦੇ ਭਾਰਗਵ ਨਗਰ ਵਿੱਚ ਇੱਕ ਬੱਚੇ ਦੀ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਕਾਰਨ ਦੱਸਿਆ ਅਤੇ ਭਾਰਗਵ ਕੈਂਪ ਥਾਣੇ ਦੇ ਐਸਐਚਓ ਤੇ ਗੰਭੀਰ ਇਲਜ਼ਾਮ ਲਗਾਏ ਹਨ। ਸਾਬਕਾ ਵਿਧਾਇਕ ਤੇ ਭਾਜਪਾ ਆਗੂ ਸ਼ੀਤਲ ਅੰਗੁਰਾਲ ਨੇ ਇਲਜ਼ਾਮ ਲਾਇਆ ਹੈ ਕਿ ਬੱਚੇ ਦੀ ਨਸ਼ੇ ਕਾਰਨ ਮੌਤ ਹੋਣ ਕਾਰਨ ਪਰਿਵਾਰ ਨੂੰ ਦਸਤਖ਼ਤ ਕਰਨ ਲਈ ਮਜਬੂਰ ਕੀਤਾ ਗਿਆ।
ਸਾਬਕਾ ਵਿਧਾਇਕ ਤੇ ਭਾਜਪਾ ਆਗੂ ਸ਼ੀਤਲ ਅੰਗੁਰਾਲ ਨੇ ਦੱਸਿਆ ਕਿ ਉਸ ਦੇ ਇਲਾਕੇ ਬਸਤੀ ਦਾਨਿਸ਼ਮੰਦਾਂ ਦਾ 14 ਸਾਲਾ ਬੱਚਾ ਨਸ਼ੇ ਦੀ ਲਤ ਕਾਰਨ ਇਸ ਸੰਸਾਰ ਨੂੰ ਛੱਡ ਗਿਆ। ਇਸ ‘ਤੇ ਅੱਜ ਉਹ ਇਲਾਕਾ ਮੰਤਰੀ ਮਹਿੰਦਰ ਭਗਤ ਨੂੰ ਸਵਾਲ ਕਰਨਾ ਚਾਹੁੰਦਾ ਹਨ ਕਿ ਉਹ ਨਸ਼ਾ ਖਤਮ ਕਰਨ ਦਾ ਵਾਅਦਾ ਕਰਕੇ ਸੱਤਾ ‘ਚ ਆਏ ਸਨ। ਅੱਜ ਉਨ੍ਹਾਂ ਵਾਅਦਿਆਂ ਦਾ ਕੀ ਹੋਇਆ। ਬੱਚੇ ਦੀ ਮੌਤ ਤੇ ਜਦੋਂ ਕਈ ਆਗੂਆਂ ਨੇ ਆਵਾਜ਼ ਬੁਲੰਦ ਕੀਤੀ ਤਾਂ ਪੁਲੀਸ ਨੇ ਉਨ੍ਹਾਂ ਤੇ ਐਫਆਈਆਰ ਦਰਜ ਕਰਕੇ ਗ੍ਰਿਫ਼ਤਾਰ ਕਰਨ ਦੀਆਂ ਧਮਕੀਆਂ ਦਿੱਤੀਆਂ। ਉਸ ਦੇ ਵੀਡੀਓ ਵੀ ਡਿਲੀਟ ਕਰ ਦਿੱਤੇ ਗਏ। ਅੱਜ ‘ਆਪ’ ਪੰਜਾਬ ਦੀਆਂ ਉਮੀਦਾਂ ‘ਤੇ ਖਰੀ ਨਹੀਂ ਉਤਰ ਸਕੀ।
ਸ਼ੀਤਲ ਅੰਗੁਰਾਲ ਦੇ ਇਲਜ਼ਾਮ
ਸ਼ੀਤਲ ਅੰਗੁਰਾਲ ਨੇ ਅੱਗੇ ਦੱਸਿਆ ਕਿ ਬੱਚੇ ਦੀ ਮੌਤ ਕਾਰਨ ਪਰਿਵਾਰ ਦਾ ਸੋਗ ਅਜੇ ਖਤਮ ਨਹੀਂ ਹੋਇਆ ਸੀ ਕਿ ਥਾਣਾ ਭਾਰਗਵ ਕੈਂਪ ਦੇ ਐੱਸਐੱਚਓ ਸੁਖਵੰਤ ਸਿੰਘ ਆਪਣੇ ਚਾਰ ਮੁਲਾਜ਼ਮਾਂ ਨਾਲ ਉਨ੍ਹਾਂ ਦੇ ਘਰ ਪਹੁੰਚੇ। ਉਕਤ ਨੌਜਵਾਨ ਦੇ ਘਰ ਨੂੰ ਤਾਲਾ ਲੱਗਾ ਹੋਇਆ ਸੀ ਅਤੇ ਪਰਿਵਾਰ ਨੂੰ ਜ਼ਬਰਦਸਤੀ ਇਹ ਲਿਖਵਾਉਣ ਲਈ ਮਜਬੂਰ ਕੀਤਾ ਗਿਆ ਸੀ ਕਿ ਉਨ੍ਹਾਂ ਦੇ ਲੜਕੇ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਨਹੀਂ ਸਗੋਂ ਬੀਮਾਰੀ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਪੁਲਿਸ ਕਮਿਸ਼ਨਰ ਨੂੰ ਬੇਨਤੀ ਕਰਦੇ ਹਨ ਕਿ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾਵੇ।
ਸ਼ੀਤਲ ਅੰਗੁਰਾਲ ਨੇ ਅੱਗੇ ਕਿਹਾ ਕਿ ਜੇਕਰ ਪੁਲਿਸ ਨੇ ਪਰਿਵਾਰ ‘ਤੇ ਇੰਨਾ ਜ਼ੋਰ ਲਗਾਇਆ ਹੁੰਦਾ ਅਤੇ ਨਸ਼ਾ ਤਸਕਰਾਂ ਨੂੰ ਫੜ ਲਿਆ ਹੁੰਦਾ ਤਾਂ ਉਨ੍ਹਾਂ ਨੂੰ ਇਹ ਦਿਨ ਨਾ ਦੇਖਣੇ ਪੈਂਦੇ। ਉਨ੍ਹਾਂ ਕਿਹਾ ਕਿ ਮੰਗ ਹੈ ਕਿ ਉਕਤ ਇਲਾਕੇ ਦੇ ਐੱਸਐੱਚਓ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਕੇ ਕਾਰਵਾਈ ਕੀਤੀ ਜਾਵੇ।
ਪੁਲਿਸ ਨੇ ਦਿੱਤਾ ਇਹ ਜਵਾਬ
ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਭਾਰਗਵ ਕੈਂਪ ਥਾਣੇ ਦੇ ਐਸਐਚਓ ਸੁਖਵੰਤ ਸਿੰਘ ਨੇ ਸਾਰੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਹੈ। ਐਸਐਚਓ ਸੁਖਵੰਤ ਸਿੰਘ ਨੇ ਕਿਹਾ ਕਿ ਕੋਈ ਕੀ ਕਹਿੰਦਾ ਹੈ ਇਹ ਉਨ੍ਹਾਂ ‘ਤੇ ਨਿਰਭਰ ਕਰਦਾ ਹੈ। ਜੇਕਰ ਅਜਿਹਾ ਕੁਝ ਹੁੰਦਾ ਤਾਂ ਪੋਸਟ ਮਾਰਟਮ ਕਰਵਾਇਆ ਜਾਣਾ ਸੀ, ਪਰ ਪਰਿਵਾਰ ਵਾਲਿਆਂ ਨੇ ਅਜਿਹਾ ਕੁਝ ਨਹੀਂ ਕਿਹਾ ਹੈ।