ਸਾਬਕਾ CM ਚੰਨੀ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ, ਗੋਆ ‘ਚ 8 ਏਕੜ ਜ਼ਮੀਨ ਨੂੰ ਲੈ ਕੇ ਕਾਰਵਾਈ ਦੀ ਤਿਆਰੀ ‘ਚ AAP ਸਰਕਾਰ

abhishek-thakur
Published: 

12 Oct 2023 14:49 PM

ਗੋਆ ਬੀਚ ਦੇ ਕੰਢੇ ਪੰਜਾਬ ਸਰਕਾਰ ਦੀ 8 ਏਕੜ ਜ਼ਮੀਨ ਸਸਤੇ ਭਾਅ ਤੇ ਲੀਜ਼ ਤੇ ਦੇਣ ਦੇ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਮੁੱਖ ਮੰਤਰੀ ਮਾਨ ਨੇ ਸਬੰਧਤ ਵਿਭਾਗ ਨੂੰ ਜ਼ਮੀਨ ਨਾਲ ਸਬੰਧਤ ਰਿਕਾਰਡ ਵਿਜੀਲੈਂਸ ਨੂੰ ਸੌਂਪਣ ਅਤੇ ਜਾਂਚ ਟੀਮ ਨੂੰ ਤੇਜ਼ੀ ਨਾਲ ਜਾਂਚ ਕਰਨ ਲਈ ਜ਼ੁਬਾਨੀ ਹੁਕਮ ਦਿੱਤੇ ਹਨ।

ਸਾਬਕਾ CM ਚੰਨੀ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ, ਗੋਆ ਚ 8 ਏਕੜ ਜ਼ਮੀਨ ਨੂੰ ਲੈ ਕੇ ਕਾਰਵਾਈ ਦੀ ਤਿਆਰੀ ਚ AAP ਸਰਕਾਰ
Follow Us On
ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਹੁਣ ਵਧ ਸਕਦੀਆਂ ਹਨ। ਗੋਆ ਬੀਚ ਦੇ ਕੰਢੇ ਪੰਜਾਬ ਸਰਕਾਰ ਦੀ 8 ਏਕੜ ਜ਼ਮੀਨ ਸਸਤੇ ਭਾਅ ਤੇ ਲੀਜ਼ ਤੇ ਦੇਣ ਦੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ਕਰੀਬ 4 ਮਹੀਨੇ ਪਹਿਲਾਂ ਸ਼ੁਰੂ ਹੋਈ ਸੀ। ਇਹ ਜ਼ਮੀਨ ਸਸਤੇ ਭਾਅ ‘ਤੇ ਪੰਜ ਸਟੋਰੀ ਹੋਟਲ ਚੇਨ ਨੂੰ ਲੀਜ਼ ‘ਤੇ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਬੰਧਤ ਵਿਭਾਗ ਨੂੰ ਜ਼ਮੀਨ ਨਾਲ ਸਬੰਧਤ ਰਿਕਾਰਡ ਵਿਜੀਲੈਂਸ ਨੂੰ ਸੌਂਪਣ ਅਤੇ ਜਾਂਚ ਟੀਮ ਨੂੰ ਤੇਜ਼ੀ ਨਾਲ ਜਾਂਚ ਕਰਨ ਲਈ ਜ਼ੁਬਾਨੀ ਹੁਕਮ ਦਿੱਤੇ ਗਏ ਸਨ।

ਹੋਟਲ ਨੂੰ ਖੇਤੀਬਾੜੀ ਜਾਂ ਬਾਗਬਾਨੀ ਲਈ ਜ਼ਮੀਨ ਦਿੱਤੀ

ਦੱਸ ਦਈਏ ਕਿ ਪੰਜਾਬ ਦੇ ਗੋਆ ਵਿੱਚ ਅੱਠ ਏਕੜ ਜ਼ਮੀਨ ਸਿਰਫ਼ ਖੇਤੀ ਜਾਂ ਬੂਟੇ ਲਾਉਣ ਲਈ ਵਰਤੀ ਜਾ ਸਕਦੀ ਹੈ। ਇਹ ਇਲਜ਼ਾਮ ਹਨ ਕਿ ਕਾਂਗਰਸ ਸਰਕਾਰ ਵੇਲੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਦੌਰਾਨ ਇਹ ਅੱਠ ਏਕੜ ਜ਼ਮੀਨ ਪੰਜ ਤਾਰਾ ਹੋਟਲ ਚੇਨ ਨੂੰ ਅਲਾਟ ਕੀਤੀ ਗਈ ਸੀ। ਇਹ ਜ਼ਮੀਨ ਗੋਆ ਦੀ ਨਵੀਂ ਸੈਰ-ਸਪਾਟਾ ਨੀਤੀ ਤਹਿਤ 1 ਲੱਖ ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਅਲਾਟ ਕੀਤੀ ਗਈ ਸੀ।

ਚੰਨੀ ਨੂੰ ਜ਼ਮੀਨ ਬਾਰੇ ਪਹਿਲਾਂ ਤੋਂ ਪਤਾ ਸੀ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਚਰਨਜੀਤ ਸਿੰਘ ਚੰਨੀ ਨੂੰ ਇਸ ਜ਼ਮੀਨ ਬਾਰੇ ਪਹਿਲਾਂ ਤੋਂ ਹੀ ਪਤਾ ਸੀ। ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤਾਂ ਚੰਨੀ ਸੱਭਿਆਚਾਰਕ ਵਿਭਾਗ ਦੇ ਮੰਤਰੀ ਸਨ। ਉਸ ਦੌਰਾਨ ਉਨ੍ਹਾਂ ਨੂੰ ਗੋਆ ਵਿੱਚ ਪੰਜਾਬ ਸਰਕਾਰ ਦੀ ਜ਼ਮੀਨ ਬਾਰੇ ਜਾਣਕਾਰੀ ਸੀ ਕਿਉਂਕਿ ਉਸ ਦੌਰਾਨ ਕਈ ਹੋਟਲ ਕੰਪਨੀਆਂ ਪੰਜਾਬ ਸਰਕਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ। ਕੈਪਟਨ ਦੇ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਣ ਤੋਂ ਬਾਅਦ ਚੰਨੀ ਸੀ.ਐਮ. ਬਣੇ। ਵਿਭਾਗ ਵੀ ਉਨ੍ਹਾਂ ਦੇ ਕੋਲ ਹੀ ਸੀ, ਜਿਸ ਕਰਕੇ ਉਨ੍ਹਾਂ ਨੇ ਜ਼ਮੀਨ ਲੀਜ਼ ‘ਤੇ ਦੇਣ ਦੀ ਮਨਜ਼ੂਰੀ ਦਿੱਤੀ।

ਵਿਜੀਲੈਂਸ ਨੇ ਰਿਕਾਰਡ ਇਕੱਠਾ ਕੀਤਾ

ਵਿਜੀਲੈਂਸ ਟੀਮ ਨੇ ਇਸ ਜ਼ਮੀਨ ਨਾਲ ਸਬੰਧਤ ਵੱਖ-ਵੱਖ ਰਿਕਾਰਡ ਇਕੱਠੇ ਕੀਤੇ ਹਨ। ਇਸ ਤੋਂ ਪਤਾ ਚੱਲਦਾ ਹੈ ਕਿ ਇਹ ਜ਼ਮੀਨ ਕਿਸ ਵਰਤੋਂ ਲਈ ਅਤੇ ਕਿਸ ਮਾਪਦੰਡ ਮੁਤਾਬਕ ਪੰਜ ਤਾਰਾ ਹੋਟਲਾਂ ਦੀ ਲੜੀ ਨੂੰ ਸਸਤੇ ਭਾਅ ‘ਤੇ ਅਲਾਟ ਕੀਤੀ ਗਈ ਸੀ।