Good News: 999 ਰੁਪਏ ‘ਚ ਲਵੋ ਹਵਾਈ ਸਫਰ ਦਾ ਮਜ਼ਾ, ਕੋਰੋਨਾ ਦੌਰਾਨ ਬੰਦ ਹੋਇਆ ਬਠਿੰਡਾ ਹਵਾਈ ਅੱਡਾ ਦਾ ਬੁੱਧਵਾਰ ਨੂੰ ਮੁੜ ਹੋਵੇਗਾ ਸ਼ੁਰੂ
Flight from Bathinda: ਕੁਝ ਹੀ ਦਿਨ ਪਹਿਲਾਂ ਉਦੋਯਗ ਨਗਰੀ ਲੁਧਿਆਣਾ ਤੋਂ ਵੀ ਮੁੜ ਤੋਂ ਫਲਾਈਟ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਫਲਾਈਟ ਨਾਲ ਆਮ ਲੋਕਾਂ ਦੇ ਨਾਲ-ਨਾਲ ਕਾਰੋਬਾਰੀਆਂ ਨੂੰ ਬਹੁਤ ਫਾਇਦਾ ਹੋਣ ਵਾਲਾ ਹੈ। ਹੁਣ ਬਠਿੰਡਾ ਤੋਂ ਹਵਾਈ ਸੇਵਾ ਸ਼ੁਰੂ ਹੋਣ ਨਾਲ ਪੰਜਾਬ ਅਤੇ ਦਿੱਲੀ ਆਉਣ-ਜਾਣ ਵਾਲੇ ਲੋਕਾਂ ਦਾ ਸਮਾਂ ਅਤੇ ਪੈਸਾ ਦੋਵੇਂ ਹੀ ਬਚਣਗੇ।
ਪੰਜਾਬ ਦੇ ਲੋਕਾਂ ਨੂੰ ਇੱਕ ਹੋਰ ਵੱਡੀ ਖੁਸ਼ਖਬਰੀ ਮਿਲਣ ਜਾ ਰਹੀ ਹੈ। ਕੋਰੋਨਾ ਦੌਰਾਨ ਬੰਦ ਹੋਇਆ ਬਠਿੰਡਾ ਏਅਰਪੋਰਟ ਹੁਣ ਬੁੱਧਵਾਰ ਨੂੰ ਮੁੜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਕੱਲ ਇਸ ਹਵਾਈ ਅੱਡੇ ਨੂੰ ਦੁਬਾਰਾ ਸ਼ੁਰੂ ਕਰਨ ਜਾ ਰਹੇ ਹਨ। ਇਸ ਤੋਂ ਕੁਝ ਹੀ ਦਿਨ ਪਹਿਲਾਂ ਲੁਧਿਆਣਾ ਤੋਂ ਦਿੱਲੀ ਲਈ ਉਡਾਣ ਸ਼ੁਰੂ ਕੀਤੀ ਜਾ ਚੁੱਕੀ ਹੈ।
ਵੱਡੀ ਗੱਲ ਇਹ ਹੈ ਕਿ ਇਸ ਉਡਾਣ ਦਾ ਕਿਰਾਇਆ ਵੀ ਏਨਾ ਘੱਟ ਰੱਖਿਆ ਗਿਆ ਹੈ ਕਿ ਕੋਈ ਵੀ ਆਰਾਮ ਨਾਲ ਹਵਾਈ ਸਫਰ ਦਾ ਆਨੰਦ ਮਾਣ ਸਕਦਾ ਹੈ। ਇਸ ਉਡਾਣ ਦਾ ਕਿਰਾਇਆ ਸਿਰਫ 999 ਰੁਪਏ ਰੱਖਿਆ ਗਿਆ ਹੈ। ਫਿਲਹਾਲ ਕੰਪਨੀ 19 ਸੀਟਰ ਏਅਰਕ੍ਰਾਫਟ ਦਾ ਸੰਚਾਲਨ ਕਰੇਗੀ, ਜਿਸ ਤੋਂ ਬਾਅਦ ਲੋੜ ਪੈਣ ‘ਤੇ ਵੱਡੇ ਜਹਾਜ਼ ਵੀ ਚਲਾਏ ਜਾ ਸਕਦੇ ਹਨ।
ਹਿੰਡਨ ਜਾਵੇਗੀ ਪਹਿਲੀ ਉਡਾਣ
ਹਵਾਈ ਅੱਡੇ ਤੋਂ ਪਹਿਲੀ ਉਡਾਣ ਬੁੱਧਵਾਰ ਨੂੰ 12:30 ਵਜੇ ਬਠਿੰਡਾ ਤੋਂ ਦਿੱਲੀ ਲਈ ਰਵਾਨਾ ਹੋਵੇਗੀ। ਇਹ 1 ਘੰਟਾ 40 ਮਿੰਟ ਬਾਅਦ ਦੁਪਹਿਰ 2:10 ਵਜੇ ਦਿੱਲੀ ਪਹੁੰਚੇਗੀ। ਇਸ ਤੋਂ ਪਹਿਲਾਂ ਦਿੱਲੀ ਤੋਂ ਫਲਾਈਟ ਦਾ ਸਮਾਂ ਸਵੇਰੇ 10:30 ਵਜੇ ਹੈ, ਜਦੋਂਕਿ ਫਲਾਈਟ ਦੁਪਹਿਰ 12:10 ਵਜੇ ਬਠਿੰਡਾ ‘ਚ ਲੈਂਡ ਕਰੇਗੀ। ਇਸ ਦਾ ਕਿਰਾਇਆ ਇੱਕ ਹਜ਼ਾਰ ਰੁਪਏ ਰੱਖਿਆ ਗਿਆ ਹੈ। ਇਹ ਫਲਾਈਟ ਗਾਜ਼ੀਆਬਾਦ ਦੇ ਹਿੰਡਨ ਹਵਾਈ ਅੱਡੇ ਤੱਕ ਜਾਵੇਗੀ। ਪਹਿਲਾਂ ਇਸ ਉਡਾਣ ਨੂੰ ਮੰਗਲਵਾਰ ਨੂੰ ਹਰੀ ਝੰਡੀ ਵਿਖਾਈ ਜਾਣੀ ਸੀ ਪਰ ਕੁਝ ਤਕਨੀਕੀ ਵਜ੍ਹਾਂ ਕਰਕੇ ਇਸ ਨੂੰ ਬੁੱਧਵਾਰ ਤੱਕ ਮੁਲਤਵੀ ਕਰਨਾ ਪਿਆ।
ਪਹਿਲੀ ਉਡਾਣ ‘ਚ ਆਉਣਗੇ ਕੇਂਦਰ ਸਰਕਾਰ ਦੇ ਮੰਤਰੀ
ਦਰਅਸਲ, ਸੀਐਮ ਭਗਵੰਤ ਮਾਨ ਨੇ ਹਾਲ ਹੀ ਵਿੱਚ ਲੁਧਿਆਣਾ ਵਿੱਚ ਵੀ ਉਡਾਣ ਦੀ ਸ਼ੁਰੂਆਤ ਕੀਤੀ ਹੈ, ਜਿਸ ਤੋਂ ਬਾਅਦ ਹੁਣ ਕੋਰੋਨਾ ਦੇ ਸਮੇਂ ਤੋਂ ਬੰਦ ਪਏ ਬਠਿੰਡਾ ਏਅਰਪੋਰਟ ਨੂੰ ਖੋਲ੍ਹਣ ਦੀ ਤਿਆਰੀ ਕੀਤੀ ਗਈ ਸੀ। ਅਜਿਹਾ ਕਰਕੇ ਸਰਕਾਰ ਲੋਕ ਸਭਾ ਚੋਣਾਂ ਵਿੱਚ ਇਸਦਾ ਫਾਇਦਾ ਉਠਾਉਣਾ ਚਾਹੁੰਦੀ ਹੈ। ਇਸ ਉਡਾਣ ਦੀ ਸ਼ੁਰੂਆਤ ਕਰਨ ਲਈ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਵੀ ਇੱਥੇ ਆਉਣ ਦੀ ਸੰਭਾਵਨਾ ਹੈ। ਪਹਿਲਾਂ ਜਹਾਜ ਬਠਿੰਡਾ ਤੋਂ ਦਿੱਲੀ ਅਤੇ ਜੰਮੂ ਤੱਕ ਜਾਂਦੇ ਸਨ। ਜੋ ਕਿ ਕਰੋਨਾ ਦੌਰਾਨ ਬੰਦ ਹੋ ਗਏ ਸਨ। ਦੱਸ ਦੇਈਏ ਕਿ ਇਸ ਏਅਰਪੋਰਟ ਨੂੰ ਲੈ ਕੇ ਕਾਫੀ ਸਿਆਸਤ ਵੀ ਹੋਈ ਸੀ।