9 ਸਾਲਾਂ ‘ਚ 16 ਕੇਸ, ਟ੍ਰਿਪਲ ਮਰਡਰ ਦਾ ਮੁੱਖ ਮੁਲਜ਼ਮ, ਗੈਂਗਸਟਰ ਆਸ਼ੀਸ਼ ਚੋਪੜਾ ਦੀ ਹੁਸ਼ਿਆਰਪੁਰ ਜੇਲ੍ਹ ‘ਚ ਮੌਤ
ਫ਼ਿਰੋਜ਼ਪੁਰ ਦੇ ਇੱਕ ਨਿੱਜੀ ਸਕੂਲ ਵਿੱਚ ਪੜ੍ਹਾਈ ਦੌਰਾਨ ਝਗੜਿਆਂ ਅਤੇ ਬਦਮਾਸ਼ੀ ਕਾਰਨ ਚਰਚਾ ਵਿੱਚ ਆਇਆ ਭੁਵਨੇਸ਼ ਉਰਫ਼ ਆਸ਼ੀਸ਼ ਚੋਪੜਾ, ਜਿਸ ਨੇ ਮਹਿਜ਼ 20 ਵਰ੍ਹਿਆਂ ਦੀ ਉਮਰ ਵਿੱਚ ਜੁਰਮ ਦੀ ਦੁਨੀਆ ਵਿੱਚ ਕਦਮ ਧਰਿਆ ਸੀ, ਦੀ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਵਿੱਚ ਮੌਤ ਹੋ ਗਈ ਹੈ। ਆਸ਼ੀਸ਼ ਖ਼ਿਲਾਫ਼ ਮਹਿਜ਼ ਨੌਂ ਸਾਲਾਂ ਦੇ ਅਰਸੇ ਦੌਰਾਨ ਕਤਲ ਦੀ ਕੋਸ਼ਿਸ਼, ਨਸ਼ਾ ਤਸਕਰੀ, ਨਾਜਾਇਜ਼ ਅਸਲ੍ਹਾ ਅਤੇ ਡਕੈਤੀ ਵਰਗੇ 16 ਸੰਗੀਨ ਅਪਰਾਧਿਕ ਮਾਮਲੇ ਦਰਜ ਹੋ ਚੁੱਕੇ ਸਨ।
ਫ਼ਿਰੋਜ਼ਪੁਰ ਦੇ ਇੱਕ ਨਿੱਜੀ ਸਕੂਲ ਵਿੱਚ ਪੜ੍ਹਾਈ ਦੌਰਾਨ ਝਗੜਿਆਂ ਅਤੇ ਬਦਮਾਸ਼ੀ ਕਾਰਨ ਚਰਚਾ ਵਿੱਚ ਆਇਆ ਭੁਵਨੇਸ਼ ਉਰਫ਼ ਆਸ਼ੀਸ਼ ਚੋਪੜਾ, ਜਿਸ ਨੇ ਮਹਿਜ਼ 20 ਵਰ੍ਹਿਆਂ ਦੀ ਉਮਰ ਵਿੱਚ ਜੁਰਮ ਦੀ ਦੁਨੀਆ ਵਿੱਚ ਕਦਮ ਧਰਿਆ ਸੀ, ਦੀ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਵਿੱਚ ਮੌਤ ਹੋ ਗਈ ਹੈ। ਆਸ਼ੀਸ਼ ਖ਼ਿਲਾਫ਼ ਮਹਿਜ਼ ਨੌਂ ਸਾਲਾਂ ਦੇ ਅਰਸੇ ਦੌਰਾਨ ਕਤਲ ਦੀ ਕੋਸ਼ਿਸ਼, ਨਸ਼ਾ ਤਸਕਰੀ, ਨਾਜਾਇਜ਼ ਅਸਲ੍ਹਾ ਅਤੇ ਡਕੈਤੀ ਵਰਗੇ 16 ਸੰਗੀਨ ਅਪਰਾਧਿਕ ਮਾਮਲੇ ਦਰਜ ਹੋ ਚੁੱਕੇ ਸਨ। ਉਹ 3 ਸਤੰਬਰ 2024 ਨੂੰ ਫ਼ਿਰੋਜ਼ਪੁਰ ਵਿਖੇ ਹੋਏ ਬਹੁ-ਚਰਚਿਤ ਤੀਹਰੇ ਕਤਲਕਾਂਡ (ਟ੍ਰਿਪਲ ਮਰਡਰ ਕੇਸ) ਦਾ ਮੁੱਖ ਸਾਜ਼ਿਸ਼ਘਾੜਾ ਅਤੇ ਦੋਸ਼ੀ ਸੀ। 26 ਅਕਤੂਬਰ ਦੀ ਦੇਰ ਰਾਤ ਅਚਾਨਕ ਸਿਹਤ ਵਿਗੜਨ ਮਗਰੋਂ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮਾੜੀ ਸੰਗਤ ਨੇ ਧੱਕਿਆ ਜੁਰਮ ਦੇ ਰਾਹ
ਵੇਰਵਿਆਂ ਅਨੁਸਾਰ ਆਸ਼ੀਸ਼ ਚੋਪੜਾ ਦਾ ਪਰਿਵਾਰ ਫ਼ਿਰੋਜ਼ਪੁਰ ਦਾ ਵਸਨੀਕ ਹੈ। ਉਸ ਦੇ ਪਿਤਾ ਹੀਰਾ ਲਾਲ ਚੋਪੜਾ ਕਾਰੋਬਾਰੀ ਹਨ, ਜਦਕਿ ਮਾਤਾ ਅਨੂ ਚੋਪੜਾ ਅਰੁਣ ਜੋਤੀ ਸਕੂਲ ਵਿੱਚ ਅਧਿਆਪਕਾ ਵਜੋਂ ਸੇਵਾ ਨਿਭਾਉਂਦੇ ਰਹੇ ਹਨ। ਆਸ਼ੀਸ਼ ਖ਼ੁਦ ਵੀ ਇਸੇ ਸਕੂਲ ਵਿੱਚ ਪੜ੍ਹਿਆ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਕੂਲ ਦੇ ਦਿਨਾਂ ਦੌਰਾਨ ਹੀ ਉਸ ਦੀ ਸੰਗਤ ਵਿਗੜਨੀ ਸ਼ੁਰੂ ਹੋ ਗਈ ਸੀ। ਸਕੂਲ ਵੇਲੇ ਹੁੰਦੇ ਝਗੜੇ ਅਤੇ ਗੁੰਡਾਗਰਦੀ ਦੇ ਕਿੱਸੇ ਉਸ ਦੇ ਜੁਰਮ ਦੇ ਰਾਹ ‘ਤੇ ਤੁਰਨ ਦਾ ਮੁੱਢ ਬਣੇ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ ਅਤੇ ਮੌਤ ਤੋਂ ਮਹਿਜ਼ ਤਿੰਨ ਦਿਨ ਪਹਿਲਾਂ 23 ਅਕਤੂਬਰ ਨੂੰ ਉਸ ਨੂੰ ਸੰਗਰੂਰ ਜੇਲ੍ਹ ਤੋਂ ਹੁਸ਼ਿਆਰਪੁਰ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਸੀ। ਉਸ ਦੀ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਅਤੇ ਮੈਜਿਸਟ੍ਰੇਟੀ ਜਾਂਚ ਤੋਂ ਬਾਅਦ ਹੀ ਹੋਵੇਗੀ।
20 ਸਾਲ ਦੀ ਉਮਰ ‘ਚ ਦਰਜ ਹੋਈ ਸੀ ਪਹਿਲੀ FIR
20 ਦਸੰਬਰ 1997 ਨੂੰ ਜਨਮੇ ਆਸ਼ੀਸ਼ ਦੇ ਖ਼ਿਲਾਫ਼ ਪਹਿਲਾ ਪਰਚਾ 16 ਦਸੰਬਰ 2017 ਨੂੰ ਫ਼ਿਰੋਜ਼ਪੁਰ ਸਿਟੀ ਥਾਣੇ ਵਿੱਚ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਤਹਿਤ ਦਰਜ ਹੋਇਆ ਸੀ। ਉਸ ਵੇਲੇ ਉਸ ਦੀ ਉਮਰ ਸਿਰਫ਼ 20 ਸਾਲ ਸੀ। ਇਸ ਤੋਂ ਬਾਅਦ 2017 ਤੋਂ ਲੈ ਕੇ 2026 ਤੱਕ ਉਸ ਖ਼ਿਲਾਫ਼ ਕੁੱਲ 16 ਮੁਕੱਦਮੇ ਦਰਜ ਹੋਏ। ਇਨ੍ਹਾਂ ਵਿੱਚ ਕਤਲ ਦੀ ਕੋਸ਼ਿਸ਼, ਹੈਰੋਇਨ ਤਸਕਰੀ, ਹਥਿਆਰਾਂ ਦੀ ਤਸਕਰੀ ਅਤੇ ਡਕੈਤੀ ਵਰਗੇ ਖ਼ਤਰਨਾਕ ਅਪਰਾਧ ਸ਼ਾਮਲ ਸਨ। ਫ਼ਿਰੋਜ਼ਪੁਰ ਤੋਂ ਇਲਾਵਾ ਮੁਹਾਲੀ ਜ਼ਿਲ੍ਹੇ ਦੇ ਖਰੜ, ਫ਼ਾਜ਼ਿਲਕਾ, ਪਟਿਆਲਾ ਅਤੇ ਅੰਮ੍ਰਿਤਸਰ ਵਿੱਚ ਵੀ ਉਸ ਖ਼ਿਲਾਫ਼ ਕੇਸ ਦਰਜ ਸਨ।
ਉਸ ਵਿਰੁੱਧ ਦਰਜ ਆਖ਼ਰੀ ਕੇਸਾਂ ਵਿੱਚ 12 ਮਈ 2026 ਨੂੰ ਥਾਣਾ ਘੱਲ ਖੁਰਦ ਵਿਖੇ ਕਰੀਬ ਡੇਢ ਕਿਲੋ ਹੈਰੋਇਨ ਦੀ ਬਰਾਮਦਗੀ ਦਾ ਮਾਮਲਾ ਵੀ ਸ਼ਾਮਲ ਸੀ। ਆਪਣੀ ਕੈਦ ਦੌਰਾਨ ਉਹ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਰਿਹਾ, ਜਿਨ੍ਹਾਂ ਵਿੱਚ ਫ਼ਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਸੰਗਰੂਰ, ਪਟਿਆਲਾ, ਫ਼ਾਜ਼ਿਲਕਾ, ਫ਼ਰੀਦਕੋਟ, ਕਪੂਰਥਲਾ ਅਤੇ ਹੁਸ਼ਿਆਰਪੁਰ ਦੀਆਂ ਜੇਲ੍ਹਾਂ ਸ਼ਾਮਲ ਹਨ।
ਫ਼ਿਰੋਜ਼ਪੁਰ ਟ੍ਰਿਪਲ ਮਰਡਰ ਕਾਂਡ ਤੋਂ ਬਾਅਦ ਸੁਰਖ਼ੀਆਂ ‘ਚ ਆਇਆ ਸੀ
3 ਸਤੰਬਰ 2024 ਨੂੰ ਫ਼ਿਰੋਜ਼ਪੁਰ ਸ਼ਹਿਰ ਵਿੱਚ ਦਿਨ-ਦਿਹਾੜੇ ਦੋ ਨੌਜਵਾਨਾਂ ਅਤੇ ਇੱਕ ਮੁਟਿਆਰ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਮ੍ਰਿਤਕਾਂ ਦੀ ਪਛਾਣ ਜਸਪ੍ਰੀਤ ਕੌਰ, ਦਿਲਦੀਪ ਸਿੰਘ ਅਤੇ ਅਕਾਸ਼ਦੀਪ ਵਜੋਂ ਹੋਈ ਸੀ। ਇਸ ਦਿਲ-ਕੰਬਾਊ ਤੀਹਰੇ ਕਤਲਕਾਂਡ ਵਿੱਚ ਆਸ਼ੀਸ਼ ਚੋਪੜਾ ਦਾ ਨਾਂ ਮੁੱਖ ਸਾਜ਼ਿਸ਼ਕਰਤਾ ਵਜੋਂ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਪੰਜਾਬ ਪੁਲਿਸ ਉਸ ਦੀ ਪੈੜ ਨੱਪਣ ਵਿੱਚ ਜੁਟ ਗਈ ਸੀ।
ਇਹ ਵੀ ਪੜ੍ਹੋ
ਘਟਨਾ ਦੇ ਕਰੀਬ 18 ਮਹੀਨਿਆਂ ਬਾਅਦ 12 ਮਾਰਚ 2026 ਨੂੰ ਪੰਜਾਬ ਪੁਲਿਸ ਨੇ ਉਸ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰੀ ਮਗਰੋਂ ਪੁਲਿਸ ਰਿਮਾਂਡ ਦੌਰਾਨ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਅਤੇ ਬਾਅਦ ਵਿੱਚ ਉਸ ਨੂੰ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਗਿਆ ਸੀ। ਇਸ ਕਾਂਡ ਨੇ ਆਸ਼ੀਸ਼ ਨੂੰ ਖੇਤਰ ਦੇ ਸਭ ਤੋਂ ਵੱਡੇ ਅਪਰਾਧੀਆਂ ਦੀ ਸੂਚੀ ਵਿੱਚ ਲਿਆ ਖੜ੍ਹਾ ਕੀਤਾ ਸੀ।
ਪਾਕਿਸਤਾਨੀ ਸਮੱਗਲਰਾਂ ਨਾਲ ਵੀ ਜੁੜੀਆਂ ਸੀ ਤਾਰਾਂ
ਪੁਲਿਸ ਜਾਂਚ ਦੌਰਾਨ ਇਹ ਖ਼ੁਲਾਸਾ ਹੋਇਆ ਸੀ ਕਿ ਆਸ਼ੀਸ਼ ਦੇ ਸਬੰਧ ਸਰਹੱਦ ਪਾਰ ਪਾਕਿਸਤਾਨ ਵਿੱਚ ਬੈਠੇ ਨਸ਼ਾ ਤਸਕਰਾਂ ਨਾਲ ਵੀ ਸਨ। ਉਸ ਉੱਤੇ ਡਰੋਨਾਂ ਰਾਹੀਂ ਪਾਕਿਸਤਾਨ ਤੋਂ ਭਾਰਤ ਵਿੱਚ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਮੰਗਵਾਉਣ ਵਾਲੇ ਨੈੱਟਵਰਕ ਦਾ ਅਹਿਮ ਹਿੱਸਾ ਹੋਣ ਦਾ ਦੋਸ਼ ਸੀ। ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ਕੌਮਾਂਤਰੀ ਸਰਹੱਦੀ ਖੇਤਰ ਦੇ ਨਜ਼ਦੀਕ ਹੋਣ ਕਾਰਨ ਸਰਹੱਦੀ ਪੱਟੀ ਵਿੱਚ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਕਈ ਮਾਮਲਿਆਂ ਵਿੱਚ ਵੀ ਉਸ ਦਾ ਨਾਮ ਸ਼ਾਮਲ ਸੀ।
ਨਵੰਬਰ 2025 ‘ਚ ਫੜੇ ਗਏ ਸੀ ਗਰੋਹ ਦੇ ਦੋ ਮੈਂਬਰ
3 ਨਵੰਬਰ 2025 ਨੂੰ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਅਤੇ ਫ਼ਿਰੋਜ਼ਪੁਰ ਪੁਲਿਸ ਨੇ ਸਾਂਝੇ ਅਪਰੇਸ਼ਨ ਦੌਰਾਨ ਆਸ਼ੀਸ਼ ਚੋਪੜਾ ਗਰੋਹ ਦੇ ਦੋ ਸਰਗਰਮ ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਕੋਲੋਂ 205 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਫ਼ਰਾਰ ਹੋਣ ਦੌਰਾਨ ਪੁਲਿਸ ਨੇ ਉਸ ਖ਼ਿਲਾਫ਼ ਲੁੱਕਆਊਟ ਸਰਕੂਲਰ (LOC) ਜਾਰੀ ਕਰਵਾਇਆ ਸੀ। ਅੰਤਰਰਾਸ਼ਟਰੀ ਸੁਰੱਖਿਆ ਏਜੰਸੀਆਂ ਦੇ ਸਹਿਯੋਗ ਨਾਲ ਉਸ ਦੀ ਲੋਕੇਸ਼ਨ ਮੱਧ ਏਸ਼ੀਆ ਦੇ ਇੱਕ ਦੇਸ਼ ਵਿੱਚ ਟਰੇਸ ਹੋਈ ਸੀ, ਜਿਸ ਉਪਰੰਤ ਉਸ ਨੂੰ ਭਾਰਤ ਲਿਆਂਦਾ ਗਿਆ ਅਤੇ ਦਿੱਲੀ ਹਵਾਈ ਅੱਡੇ ‘ਤੇ ਦਬੋਚਿਆ ਗਿਆ ਸੀ।
ਜੇਲ੍ਹ ਅੰਦਰ ਆਸ਼ੀਸ਼ ਚੋਪੜਾ ਦੀ ਮੌਤ ਤੋਂ ਬਾਅਦ ਇੱਕ ਵਾਰ ਫਿਰ ਫ਼ਿਰੋਜ਼ਪੁਰ ਟ੍ਰਿਪਲ ਮਰਡਰ ਕੇਸ ਚਰਚਾ ਦਾ ਵਿਸ਼ਾ ਬਣ ਗਿਆ ਹੈ। ਫ਼ਿਲਹਾਲ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਅਤੇ ਨਿਆਂਇਕ ਪੜਤਾਲ ਤੋਂ ਬਾਅਦ ਹੀ ਸਾਹਮਣੇ ਆਵੇਗਾ। ਪਰਿਵਾਰ ਵੱਲੋਂ 30 ਅਕਤੂਬਰ ਨੂੰ ਫ਼ਿਰੋਜ਼ਪੁਰ ਸ਼ਹਿਰ ਦੇ ਸ਼ਮਸ਼ਾਨਘਾਟ ਵਿਖੇ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
