ਫਰੀਦਕੋਟ: ਨਕਲੀ ਪੁਲਿਸ ਨੇ ਕਾਰੋਬਾਰੀ ਤੋਂ ਲੁੱਟੇ 2.15 ਲੱਖ ਰੁਪਏ, ਤਲਾਸ਼ੀ ਲੈਣ ਦੇ ਬਹਾਨੇ ਰੋਕੀ ਸੀ ਕਾਰ
ਜਾਣਕਾਰੀ ਅਨੁਸਾਰ, ਕੋਹਾਰਵਾਲਾ ਦੇ ਇੱਕ ਵਪਾਰੀ ਕੁਲਵੰਤ ਸਿੰਘ ਨੇ ਮੰਗਲਵਾਰ ਨੂੰ ਹਰੀਨੌ ਪਿੰਡ 'ਚ ਐਚਡੀਐਫਸੀ ਬੈਂਕ ਤੋਂ 2.15 ਲੱਖ ਰੁਪਏ ਕਢਵਾਏ। ਉਸ ਨੇ ਸਬਜ਼ੀਆਂ ਦੇ ਕਿਸਾਨਾਂ ਨੂੰ ਇਹ ਰਕਮ ਦੇਣੀ ਸੀ। ਜਦੋਂ ਕੁਲਵੰਤ ਸਿੰਘ ਵਾਡਾ ਦਰਾਕਾ ਰੋਡ 'ਤੇ ਆਪਣੇ ਖੇਤਾਂ ਵੱਲ ਕਾਰ 'ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਇੱਕ ਹੋਰ ਕਾਰ 'ਚ ਸਵਾਰ ਚਾਰ ਨੌਜਵਾਨਾਂ ਨੇ ਜ਼ਬਰਦਸਤੀ ਉਸ ਦੀ ਗੱਡੀ ਰੋਕ ਲਈ।
ਫਰੀਦਕੋਟ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਇੱਕ ਕਾਰ ‘ਚ ਸਵਾਰ ਚਾਰ ਅਣਪਛਾਤੇ ਨੌਜਵਾਨਾਂ ਨੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਇੱਕ ਸਬਜ਼ੀ ਵਿਕਰੇਤਾ ਤੋਂ 2.15 ਲੱਖ ਰੁਪਏ ਲੁੱਟ ਲਏ। ਮੁਲਜ਼ਮਾਂ ਨੇ ਕਾਰੋਬਾਰੀ ਦੀ ਕਾਰ ਰੋਕ ਕੇ ਤਲਾਸ਼ੀ ਲੈਣ ਦੇ ਬਹਾਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ, ਕੋਹਾਰਵਾਲਾ ਦੇ ਇੱਕ ਵਪਾਰੀ ਕੁਲਵੰਤ ਸਿੰਘ ਨੇ ਮੰਗਲਵਾਰ ਨੂੰ ਹਰੀਨੌ ਪਿੰਡ ‘ਚ ਐਚਡੀਐਫਸੀ ਬੈਂਕ ਤੋਂ 2.15 ਲੱਖ ਰੁਪਏ ਕਢਵਾਏ। ਉਸ ਨੇ ਸਬਜ਼ੀਆਂ ਦੇ ਕਿਸਾਨਾਂ ਨੂੰ ਇਹ ਰਕਮ ਦੇਣੀ ਸੀ। ਜਦੋਂ ਕੁਲਵੰਤ ਸਿੰਘ ਵਾਡਾ ਦਰਾਕਾ ਰੋਡ ‘ਤੇ ਆਪਣੇ ਖੇਤਾਂ ਵੱਲ ਕਾਰ ‘ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਇੱਕ ਹੋਰ ਕਾਰ ‘ਚ ਸਵਾਰ ਚਾਰ ਨੌਜਵਾਨਾਂ ਨੇ ਜ਼ਬਰਦਸਤੀ ਉਸ ਦੀ ਗੱਡੀ ਰੋਕ ਲਈ। ਮੁਲਜ਼ਮਾਂ ਨੇ ਆਪਣੀ ਗੱਡੀ ‘ਤੇ ਪੰਜਾਬ ਪੁਲਿਸ ਦਾ ਸਟਿੱਕਰ ਲਗਾਇਆ ਹੋਇਆ ਸੀ। ਉਨ੍ਹਾਂ ਨੇ ਆਪਣੇ ਆਪ ਨੂੰ ਪੁਲਿਸ ਹੋਣ ਦਾ ਦਿਖਾਵਾ ਕਰਦੇ ਹੋਏ ਕੁਲਵੰਤ ਸਿੰਘ ਦੀ ਕਾਰ ‘ਚ ਨਸ਼ਾ ਹੋਣ ਦਾ ਦਾਅਵਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਤਲਾਸ਼ੀ ਲੈਂਦੇ ਹੋਏ ਉਨ੍ਹਾਂ ਨੇ ਨਕਦੀ ਖੋਹ ਲਈ ਤੇ ਭੱਜ ਗਏ। ਘਟਨਾ ਤੋਂ ਬਾਅਦ, ਪੀੜਤ ਕੁਲਵੰਤ ਸਿੰਘ ਨੇ ਮੁਲਜ਼ਮਾਂ ਦੀ ਕਾਰ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਉਨ੍ਹਾਂ ਨੂੰ ਫੜਨ ‘ਚ ਅਸਮਰੱਥ ਰਹੇ। ਸੂਚਨਾ ਮਿਲਦੇ ਹੀ ਡੀਐਸਪੀ ਕੋਟਕਪੂਰਾ ਸੰਜੀਵ ਕੁਮਾਰ ਤੇ ਕੋਟਕਪੂਰਾ ਸਦਰ ਪੁਲਿਸ ਸਟੇਸ਼ਨ ਦੇ ਐਸਐਚਓ ਇੰਸਪੈਕਟਰ ਗੁਰਾਂਦਿੱਤਾ ਸਿੰਘ ਦੀ ਅਗਵਾਈ ਹੇਠ ਇੱਕ ਪੁਲਿਸ ਟੀਮ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਕੋਟਕਪੂਰਾ ਸਦਰ ਪੁਲਿਸ ਸਟੇਸ਼ਨ ‘ਚ ਮਾਮਲਾ ਦਰਜ ਕਰ ਲਿਆ ਹੈ ਤੇ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ।


