ਫ਼ਰੀਦਕੋਟ ‘ਚ ਦਿਨ-ਦਿਹਾੜੇ ਫ਼ਲਿੱਪਕਾਰਟ ਮੁਲਾਜ਼ਮ ਨੂੰ ਹਥਿਆਰ ਦਿਖਾ ਸਾਢੇ 4 ਲੱਖ ਰੁਪਏ ਲੁੱਟੇ, ਬਾਈਕ ਸਵਾਰ ਫ਼ਰਾਰ
ਫ਼ਰੀਦਕੋਟ ਦੇ ਕੋਟਕਪੂਰਾ ਰੋਡ 'ਤੇ ਦਿਨ-ਦਿਹਾੜੇ ਲੁੱਟ-ਖੋਹ ਦੀ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਇੱਥੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਮਸ਼ਹੂਰ ਈ-ਕਾਮਰਸ ਕੰਪਨੀ ਫ਼ਲਿੱਪਕਾਰਟ (Flipkart) ਦੇ ਇੱਕ ਮੁਲਾਜ਼ਮ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਕੋਲੋਂ ਸਾਢੇ ਚਾਰ ਲੱਖ ਰੁਪਏ (₹4.50 ਲੱਖ) ਦੀ ਨਕਦੀ ਨਾਲ ਭਰਿਆ ਬੈਗ ਖੋਹ ਲਿਆ ਗਿਆ।
ਫ਼ਰੀਦਕੋਟ ਦੇ ਕੋਟਕਪੂਰਾ ਰੋਡ ‘ਤੇ ਦਿਨ-ਦਿਹਾੜੇ ਲੁੱਟ-ਖੋਹ ਦੀ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਇੱਥੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਮਸ਼ਹੂਰ ਈ-ਕਾਮਰਸ ਕੰਪਨੀ ਫ਼ਲਿੱਪਕਾਰਟ (Flipkart) ਦੇ ਇੱਕ ਮੁਲਾਜ਼ਮ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਕੋਲੋਂ ਸਾਢੇ ਚਾਰ ਲੱਖ ਰੁਪਏ (₹4.50 ਲੱਖ) ਦੀ ਨਕਦੀ ਨਾਲ ਭਰਿਆ ਬੈਗ ਖੋਹ ਲਿਆ ਗਿਆ। ਘਟਨਾ ਦੀ ਇਤਲਾਹ ਮਿਲਦੇ ਸਾਰ ਹੀ ਸਥਾਨਕ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਗਈ ਅਤੇ ਕਾਰਵਾਈ ਆਰੰਭ ਦਿੱਤੀ।
ਸਕੂਟਰ ਨੂੰ ਟੱਕਰ ਮਾਰ ਕੇ ਸੁੱਟਿਆ ਹੇਠਾਂ
ਪ੍ਰਾਪਤ ਵੇਰਵਿਆਂ ਮੁਤਾਬਕ ਕੋਟਕਪੂਰਾ ਰੋਡ ਸਥਿਤ ਫ਼ਲਿੱਪਕਾਰਟ ਦੇ ਦਫ਼ਤਰ ਵਿਖੇ ਤਾਇਨਾਤ ਮੁਲਾਜ਼ਮ ਬਿਕਰਮਜੀਤ ਸਿੰਘ ਬੁੱਧਵਾਰ ਸ਼ਾਮ ਕਰੀਬ 4 ਵਜੇ ਕੰਪਨੀ ਦੀ 4.50 ਲੱਖ ਰੁਪਏ ਦੀ ਨਕਦੀ ਬੈਗ ਵਿੱਚ ਪਾ ਕੇ ਆਪਣੇ ਸਕੂਟਰ ਰਾਹੀਂ ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਨਿਕਲਿਆ ਸੀ। ਉਹ ਦਫ਼ਤਰ ਤੋਂ ਥੋੜ੍ਹੀ ਹੀ ਦੂਰੀ ‘ਤੇ ਪਹੁੰਚਿਆ ਸੀ ਕਿ ਪਿੱਛੋਂ ਤੇਜ਼ ਰਫ਼ਤਾਰ ਬਾਈਕ ‘ਤੇ ਆਏ ਦੋ ਲੁਟੇਰਿਆਂ ਨੇ ਉਸ ਦੇ ਸਕੂਟਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਬਿਕਰਮਜੀਤ ਸਿੰਘ ਸੜਕ ‘ਤੇ ਡਿੱਗ ਪਿਆ।
ਇਸ ਤੋਂ ਤੁਰੰਤ ਬਾਅਦ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਕੱਢ ਕੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਨਕਦੀ ਨਾਲ ਭਰਿਆ ਬੈਗ ਖੋਹ ਕੇ ਮੌਕੇ ਤੋਂ ਰਫ਼ੂ-ਚੱਕਰ ਹੋ ਗਏ। ਪੀੜਤ ਮੁਲਾਜ਼ਮ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਵਾਰਦਾਤ ਮਗਰੋਂ ਉਸ ਨੇ ਰੌਲਾ ਵੀ ਪਾਇਆ, ਪਰ ਸੜਕ ‘ਤੇ ਆਵਾਜਾਈ ਜ਼ਿਆਦਾ ਹੋਣ ਅਤੇ ਸ਼ੋਰ-ਸ਼ਰਾਬੇ ਕਾਰਨ ਰਾਹਗੀਰਾਂ ਨੂੰ ਮਾਮਲਾ ਤੁਰੰਤ ਸਮਝ ਨਾ ਆਇਆ, ਜਿਸ ਦਾ ਫ਼ਾਇਦਾ ਉਠਾ ਕੇ ਮੁਲਜ਼ਮ ਤੇਜ਼ੀ ਨਾਲ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ।
CCTV ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਪੁਲਿਸ
ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਸੂਚਨਾ ਪ੍ਰਾਪਤ ਹੁੰਦਿਆਂ ਹੀ ਪੁਲਿਸ ਟੀਮ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਮੁੱਢਲੀ ਪੜਤਾਲ ਤੋਂ ਬਾਅਦ ਮੁਲਜ਼ਮਾਂ ਦਾ ਸੁਰਾਗ ਲਗਾਉਣ ਲਈ ਆਸ-ਪਾਸ ਦੀਆਂ ਦੁਕਾਨਾਂ ਅਤੇ ਇਮਾਰਤਾਂ ‘ਤੇ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਖ-ਵੱਖ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਕਰ ਰਹੀ ਹੈ ਅਤੇ ਬਹੁਤ ਜਲਦ ਲੁਟੇਰਿਆਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
