Vigilance Notice: ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਛੱਡ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋਏ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ (Balbir Singh Sidhu) ਦੀਆਂ ਮੁਸ਼ਕੱਲਾਂ ਵੱਧਦੀਆਂ ਨਜਰ ਆ ਰਹੀਆਂ ਹਨ। ਪੰਜਾਬ ਵਿਜੀਲੈਂਸ ਵਿਭਾਗ (Punjab Vigilance Department) ਨੇ ਸਿੱਧੂ ਖਿਲਾਫ ਸੰਮਨ ਜਾਰੀ ਕਰਕੇ ਆਉਂਦੀ 21 ਅਪ੍ਰੈਲ ਨੂੰ ਪੇਸ਼ ਹੋਣ ਲਈ ਕਿਹਾ ਹੈ। ਵਿਜੀਲੈਂਸ ਵਿਭਾਗ ਵੱਲੋਂ ਇਹ ਸੰਮਨ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਭੇਜਿਆ ਗਿਆ ਹੈ।
ਸੂਤਰਾਂ ਦੀ ਮੰਨੀਏ ਤਾਂ ਵਿਜੀਲੈਂਸ ਨੇ ਬਲਬੀਰ ਸਿੱਧੂ ਦੀਆਂ ਜਾਇਦਾਦਾਂ ਨਾਲ ਜੁੜੇ ਕਈ ਰਿਕਾਰਡ ਮੰਗਵਾਏ ਹਨ। ਤਕਰੀਬਨ ਇੱਕ ਮਹੀਨਾ ਪਹਿਲਾਂ ਸਿੱਧੂ ਦੀਆਂ ਜਾਇਦਾਦਾਂ ਅਤੇ ਬੈਂਕ ਖਾਤਿਆਂ ਦੀ ਜਾਂਚ ਦੀ ਕਾਰਵਾਈ ਸ਼ੁਰੂ ਹੋਈ ਸੀ, ਜਿਸ ਦੇ ਮਿਲਾਨ ਲਈ ਹੁਣ 21 ਅਪ੍ਰੈਲ ਨੂੰ ਸਿੱਧੂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਰਿਕਾਰਡਾਂ ਦੀ ਡੁੰਘਾਈ ਨਾਲ ਜਾਂਚ ਕੀਤੀ ਜਾਵੇਗੀ।
ਮਿਲ ਸਕਦੀ ਹੈ ਅਸਥਾਈ ਰਾਹਤ
ਸੂਤਰਾਂ ਦੇ ਹਵਾਲੇ ਨਾਲ ਖਬਰ ਹੈ ਕਿ ਬਲਬੀਰ ਸਿੱਧੂ ਵਿਜੀਲੈਂਸ ਕੋਲੋਂ ਪੇਸ਼ ਹੋਣ ਲਈ ਥੋੜਾ ਸਮਾਂ ਮੰਗ ਸਕਦੇ ਹਨ, ਕਿਉਂਕਿ ਇਸ ਵੇਲ੍ਹੇ ਉਹ ਜਲੰਧਰ ਲੋਕ ਸਭਾ ਜਿਮਨੀ ਚੋਣ ਦੇ ਪ੍ਰਚਾਰ ਵਿੱਚ ਰੁੱਝੇ ਹੋਏ ਹਨ। ਜੇਕਰ ਵਿਜੀਲੈਂਸ ਉਨ੍ਹਾਂ ਦੀ ਇਸ ਅਪੀਲ ਨੂੰ ਮੰਨ ਲੈਂਦੀ ਹੈ ਤਾਂ ਕੁਝ ਦਿਨਾਂ ਲਈ ਸਿੱਧੂ ਨੂੰ ਅਸਥਾਈ ਰਾਹਤ ਜਰੂਰ ਮਿਲ ਸਕਦੀ ਹੈ, ਪਰ ਉਨ੍ਹਾਂ ਦੀਆਂ ਮੁਸ਼ੱਕਲਾਂ ਸਥਾਈ ਤੌਰ ‘ਤੇ ਉਦੋਂ ਤੱਕ ਬਣੀਆਂ ਰਹਿਣਗੀਆਂ, ਜਦੋਂ ਤੱਕ ਉਹ ਆਪਣੀ ਆਮਦਨ ਦੇ ਸਰੋਤਾਂ ਦੇ ਠੋਸ ਸਬੂਤ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਕਰ ਦਿੰਦੇ।
ਕਈ ਸਾਬਕਾ ਮੰਤਰੀਆਂ ਖਿਲਾਫ ਚੱਲ ਰਹੀ ਹੈ ਜਾਂਚ
ਦੱਸ ਦੇਈਏ ਕਿ ਬਲਬੀਰ ਸਿੱਧੂ ਪਹਿਲੇ ਸਾਬਕਾ ਮੰਤਰੀ ਨਹੀਂ ਹਨ, ਜਿਨ੍ਹਾਂ ਖਿਲਾਫ ਵਿਜੀਲੈਂਸ ਨੇ ਸ਼ਿੰਕਜਾ ਕੱਸਿਆ ਹੈ। ਉਨ੍ਹਾਂ ਤੋਂ ਪਹਿਲਾਂ ਵੀ ਕਈ ਸਾਬਕਾ ਮੰਤਰੀ ਇਸ ਵੇਲੇ ਵਿਜੀਲੈਂਸ ਦੀ ਜਾਂਚ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਧੂ ਸਿੰਘ ਧਰਮਸੋਤ, ਸ਼ਾਮ ਸੁੰਦਰ ਅਰੋੜਾ, ਓਪੀ ਸੋਨੀ, ਬ੍ਰਹਮ ਮਹਿੰਦਰਾ, ਭਾਰਤ ਭੂਸ਼ਣ ਆਸ਼ੂ, ਵਿਜੇਂਦਰ ਸਿੰਗਲਾ, ਗੁਰਪ੍ਰੀਤ ਕਾਂਗੜ ਮੁੱਖ ਤੌਰ ਤੇ ਸ਼ਾਮਲ ਹਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ