ਵਿਜੀਲੈਂਸ ਦਾ ਸ਼ਿਕੰਜਾ, ਸਾਬਕਾ CM ਚੰਨੀ ਅਤੇ ਸਾਬਕਾ ਮੰਤਰੀ ਬਲਬੀਰ ਸਿੱਧੂ ਦੀ ਪੇਸ਼ੀ
ਪੰਜਾਬ ਨਿਊਜ: ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਪੰਜਾਬ ਵਿਜੀਲੈਂਸ ਵਿਭਾਗ ਵੱਲੋਂ ਸਾਬਕਾ ਮੰਤਰੀ, ਵਿਧਾਇਕਾਂ ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਦੇ ਸਾਬਕਾ ਮੰਤਰੀ ਬਲਬੀਰ ਸਿੱਧੂ ਤੋਂ ਅੱਜ ਵਿਜੀਲੈਂਸ ਪੁੱਛਗਿੱਛ ਕਰੇਗੀ।
ਦੱਸ ਦਈਏ ਕਿ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਪੁੱਛਗਿੱਛ ਲਈ ਵਿਜੀਲੈਂਸ ਨੇ ਪੇਸ਼ੀ ਲਈ ਬੁਲਾਇਆ ਸੀ। ਚਰਨਜੀਤ ਸਿੰਘ ਚੰਨੀ ਨੇ ਵਿਜੀਲੈਂਸ ਤੋਂ ਇੱਕ ਹਫਤੇ ਦਾ ਸਮਾਂ ਮੰਗਿਆ ਹੈ।
ਦੱਸ ਦੇਈਏ ਕਿ ਇਸ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 14 ਅਪ੍ਰੈਲ ਵਾਲੇ ਦਿਨ ਅਚਾਨਕ ਵਿਜਿਲੈਂਸ ਵਿਭਾਗ ਨੇ ਤਲਬ ਕੀਤਾ ਸੀ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਮਨ ਦੀ ਟਾਈਮਿੰਗ ‘ਤੇ ਸਵਾਲ ਚੁੱਕੇ ਸਨ।
ਉਨ੍ਹਾਂ ਨੇ ਕਿਹਾ ਕਿ ਜਦੋਂ ਵਿਸਾਖੀ ਦੀ ਛੁੱਟੀ ‘ਤੇ ਸਾਰੇ ਦਫ਼ਤਰ ਬੰਦ ਹਨ ਤਾਂ ਉਹ ਇਕੱਲੇ ਹੀ
ਵਿਜੀਲੈਂਸ (Vigilance) ਦੇ ਦਫ਼ਤਰ ਜਾਣਗੇ। ਵਿਜੀਲੈਂਸ ਬਿਊਰੋ ਨੇ ਬੀਤੀ 7 ਮਾਰਚ ਨੂੰ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਖਿਲਾਫ
ਲੁੱਕਆਊਟ ਸਰਕੂਲਰ ਨੋਟਿਸ (Look Out Circular) ਜਾਰੀ ਕੀਤਾ ਸੀ। ਉਨ੍ਹਾਂ ਦੇ ਦੇਸ਼ ਤੋਂ ਬਾਹਰ ਜਾਣ ਤੇ ਰੋਕ ਲਗਾ ਦਿੱਤੀ ਸੀ। ਇਸ ਨੋਟਿਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਆਪਣਾ ਅਮਰੀਕਾ ਦੌਰਾ ਰੱਦ ਕਰ ਦਿੱਤਾ ਸੀ।
ਸਾਬਕਾ ਮੰਤਰੀ ਬਲਬੀਰ ਸਿੱਧੂ ਵੀ ਹੋਣਗੇ ਪੇਸ਼
ਬਲਬੀਰ ਸਿੰਘ ਸਿੱਧੂ ‘ਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਤੋਂ ਇਲਾਵਾ ਕੋਵਿਡ ਕਿੱਟਾਂ ਦੀ ਖਰੀਦ ‘ਚ ਘੁਟਾਲੇ ਦਾ ਵੀ ਦੋਸ਼ ਹੈ। ਬਲਬੀਰ ਸਿੰਘ ਸਿੱਧੂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ। ਦੱਸ ਦਈਏ ਕਿ
ਬਲਬੀਰ ਸਿੰਘ ਸਿੱਧੂ ਮੁਹਾਲੀ ਵਿਧਾਨ ਸਭਾ ਹਲਕੇ ਤੋਂ ਲਗਾਤਾਰ ਤਿੰਨ ਵਾਰ ਵਿਧਾਇਕ ਰਹੇ ਹਨ।
ਬ੍ਰਹਮ ਮਹਿੰਦਰਾ ਤੋਂ ਹੋਈ ਪੁੱਛਗਿੱਛ
ਪੰਜਾਬ ਦੇ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਤੋਂ ਪੰਜਾਬ ਵਿਜੀਲੈਂਸ ਵਿਭਾਗ ਨੇ ਬੀਤੇ ਦਿਨ ਕਰੀਬ 5 ਘੰਟੇ ਤੱਕ ਪੁੱਛਗਿੱਛ ਕੀਤੀ। ਆਮਦਨ ਤੋਂ ਵਧ ਜਾਇਦਾਦ ਮਾਮਲੇ ਵਿੱਚ ਪੁੱਛਗਿੱਛ ਦੌਰਾਨ ਕਈ ਸਵਾਲ ਜਵਾਬ ਹੋਏ। ਦੱਸ ਦਈਏ ਕਿ ਬ੍ਰਹਮ ਮਹਿੰਦਰਾ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਹਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ