ਜਲੰਧਰ ਨਿਊਜ: ਜਲੰਧਰ ਚ ਵੀਰਵਾਰ ਨੂੰ ਕਾਂਗਰਸ ਦੇ ਉਮੀਦਵਾਰ ਕਰਮਜੀਤ ਚੌਧਰੀ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ, ਜਿਸ ਤੋਂ ਬਾਅਦ ਕਾਂਗਰਸ ਲੀਡਰਸ਼ਿਪ ਨੇ ਚੌਧਰੀ ਪਰਿਵਾਰ ਦੇ ਘਰ ਪ੍ਰੈੱਸ ਕਾਨਫਰੰਸ ਕੀਤੀ, ਜਿਸ ਚ ਚਰਨਜੀਤ ਸਿੰਘ ਚੰਨੀ, ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਮੌਜੂਦ ਸਨ। ਇਸ ਮੌਕੇ ਚੰਨੀ ਨੇ ਸੂਬਾ ਸਰਕਾਰ ਤੇ ਹਮਲਾ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦਲਿਤ ਵਿਰੋਧੀ ਹੈ। ਇਸ ਸਰਕਾਰ ਨੇ ਉਨ੍ਹਾਂ ਦੀ ਸਰਕਾਰ ਸਮੇਂ ਸ਼ੁਰੂ ਕੀਤੀਆਂ ਸਾਰੀਆਂ ਦਲਿਤ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਹਨ।
ਚੰਨੀ ਨੇ ਕਿਹਾ ਕਿ ਜਦੋਂ ਚੋਣਾਂ ਦਾ ਸਮਾਂ ਸੀ ਤਾਂ ਆਪ ਦਲਿਤਾਂ ਨੂੰ ਲੁਭਾਉਣ ਲਈ ਬਹੁਤ ਕੰਮ ਕੀਤਾ ਜਾ ਰਿਹਾ ਸੀ ਪਰ ਅਸੀਂ ਉਨ੍ਹਾਂ ਲਈ ਜੋ ਸਕੀਮ ਸ਼ੁਰੂ ਕੀਤੀ ਸੀ, ਉਹ ਵੀ ਬੰਦ ਕਰ ਦਿੱਤੀ ਗਈ ਹੈ। ਕਾਂਗਰਸ ਸਰਕਾਰ ਨੇ ਡੇਰਾ ਬੱਲਾਂ ਨੂੰ ਮਿਊਜ਼ੀਅਮ ਬਣਾਉਣ ਲਈ 25 ਕਰੋੜ ਦਾ ਚੰਦਾ ਦਿੱਤਾ ਸੀ ਪਰ ਮਾਨ ਸਰਕਾਰ ਨੇ ਉਹ ਪੈਸਾ ਵਾਪਸ ਲੈ ਲਿਆ ਸੀ ਅਤੇ ਜਦੋਂ ਉਪ ਚੋਣਾਂ ਦਾ ਐਲਾਨ ਹੋਇਆ ਤਾਂ ਉਨ੍ਹਾਂ ਨੂੰ ਯਾਦ ਆਇਆ ਕਿ ਜਲੰਧਰ ਵਿੱਚ ਦਲਿਤ ਵੋਟ ਵੀ ਬਹੁਤ ਜ਼ਿਆਦਾ ਹੈ, ਇਸ ਲਈ ਉਸ ਰਾਸ਼ੀ ਦਾ ਭੁਗਤਾਨ ਕਰਨ ਲਈ ਚੈੱਕ ਦੇ ਨਾਲ ਉੱਥੇ ਪਹੁੰਚ ਗਏ। ਚੰਨੀ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਲਈ ਘਰ ਤਾਂ ਕੀ ਬਣਾਵੇਗੀ, ਉਲਟਾ ਉਸ ਨੇ ਲਤੀਫਪੁਰਾ ਵਿੱਚ ਬਣੇ ਮਕਾਨ ਵੀ ਢਾਹ ਦਿੱਤੇ।
ਆਪ ਦੇ ਉਮੀਦਵਾਰ ‘ਤੇ ਚੰਨੀ ਦੇ ਸਵਾਲ
ਸੁਸ਼ੀਲ ਰਿੰਕੂ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਬਾਰੇ ਉਨ੍ਹਾਂ ਕਿਹਾ ਕਿ ਇਹ ਗੱਲ ਕੇਜਰੀਵਾਲ ਤੋਂ ਪੁੱਛਣੀ ਚਾਹੀਦੀ ਹੈ, ਜਿਨ੍ਹਾਂ ਨੇ ਕਿਹਾ ਸੀ ਕਿ ਕਾਂਗਰਸ ਕੂੜੇ ਨਾਲ ਭਰੀ ਹੋਈ ਹੈ ਤਾਂ ਅੱਜ ਉਨ੍ਹਾਂ ਕਾਂਗਰਸ ਦੇ ਕੂੜੇ ਨੂੰ ਆਪਣੀ ਪਾਰਟੀ ਦਾ ਉਮੀਦਵਾਰ ਕਿਉਂ ਐਲਾਨਿਆ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੱਤਰਕਾਰੀ ਨੂੰ ਵੀ ਦਬਾਇਆ ਜਾ ਰਿਹਾ ਹੈ, ਜੋ ਕਿ ਬਹੁਤ ਗਲਤ ਹੋ ਰਿਹਾ ਹੈ। ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਲੈ ਕਿ ਚੰਨੀ ਨੇ ਜੁਬਾਨੀ ਹਮਲੇ ਬੋਲੇ। ਉਨ੍ਹਾਂ ਕਿਹਾ ਕਿ ਮੂਸੇਵਾਲੇ ਦਾ ਕਤਲ ਵੀ ਸਿਆਸੀ ਕਤਲ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ