ਪੰਜਾਬ ਵਿੱਚ ਭ੍ਰਿਸ਼ਟਾਚਾਰ ਦਾ ਖਾਤਮਾ, ਸਰਕਾਰ ਲਈ ਵੱਡੀ ਚੁਣੋਤੀ
ਪੰਜਾਬ ਵਿੱਚ ਲੰਮੇ ਸਮੇਂ ਤੋਂ ਭ੍ਰਿਸ਼ਟਾਚਾਰ ਮੁੱਖ ਮੁੱਦਾ ਰਿਹਾ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਚੋਣਾਂ ਦੌਰਾਨ ਇਸਨੂੰ ਮੁੱਖ ਮੁੱਦਾ ਬਣਾ ਕੇ ਸੱਤਾ ਵਿੱਚ ਆਈ ਸੀ।

ਪੰਜਾਬ ਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਇਹ ਇਕ ਬਹੁਤ ਵੱਡੀ ਚੁਣੌਤੀ ਹੈ, ਕਿਉਂਕਿ ਸੂਬੇ ਅੰਦਰ ਭ੍ਰਿਸ਼ਟਾਚਾਰ ਦੀਆਂ ਜੜਾਂ ਕਾਫੀ ਡੂੰਘੀਆਂ ਹੋ ਚੁੱਕੀਆਂ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਲਈ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਭ੍ਰਿਸ਼ਟਾਚਾਰ ਰੋਕੂ ਐਕਸ਼ਨ ਲਾਈਨ ਤੇ ਪਿਛਲੇ ਸਾਲ ਕੁੱਲ ਤਿੰਨ ਲੱਖ 72 ਹਾਜਰ 175 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨਾਂ ਵਿੱਚੋਂ 6,407 ਸ਼ਿਕਾਇਤਾਂ ਆਡੀਓ/ਵੀਡੀਓ ਰਿਕਾਰਡਿੰਗ ਸਮੇਤ 294 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਬਾਰੇ ਪ੍ਰਾਪਤ ਹੋਈਆਂ ਹਨ। ਪ੍ਰਾਪਤ ਹੋਈਆਂ ਆਨਲਾਈਨ ਸ਼ਿਕਾਇਤਾਂ ਦੇ ਅਧਾਰ ਤੇ ਵਿਜੀਲੈਂਸ ਨੇ 26 ਨਾਗਰਿਕਾਂ, 27 ਪੁਲਿਸ ਮੁਲਾਜ਼ਮਾਂ ਅਤੇ 29 ਸਿਵਲ ਵਿਭਾਗਾਂ ਦੇ ਕਰਮਚਾਰੀਆਂ ਵਿਰੁੱਧ 64 ਮੁਕੱਦਮੇ ਦਰਜ ਕੀਤੇ। ਜਿਸ ਵਿੱਚ 89 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ 2,970 ਸ਼ਿਕਾਇਤਾਂ ਹੋਰ ਵਿਭਾਗਾਂ ਨਾਲ ਸਬੰਧਤ ਪਾਈਆਂ ਗਈਆਂ, ਜੋ ਸਬੰਧਿਤ ਵਿਭਾਗਾਂ ਨੂੰ ਭੇਜ ਦਿੱਤੀਆਂ ਗਈਆਂ ਹਨ।
ਇਸ ਤੋਂ ਇਲਾਵਾ ਕੁੱਲ 3,143 ਸ਼ਿਕਾਇਤਾਂ ਅਪ੍ਰਸੰਗਿਕ, ਜੰਕ ਪੋਸਟਾਂ ਆਦਿ ਪਾਈਆਂ ਗਈਆਂ, ਜੋ ਕਿ ਆਮ ਸਨ।
371 ਮੁਲਜਮਾਂ ਖਿਲਾਫ 135 ਅਪਰਾਧਿਕ ਮਾਮਲੇ ਦਰਜ
ਵਿਜੀਲੈਂਸ ਬਿਊਰੋ ਨੇ 371 ਮੁਲਜਮਾਂ ਵਿਰੁੱਧ 135 ਅਪਰਾਧਿਕ ਕੇਸ ਦਰਜ ਕੀਤੇ ਹਨ, ਜਿਨ੍ਹਾਂ ਵਿੱਚ 35 ਗਜਟਿਡ ਅਫਸਰ, 163 ਨਾਨ-ਗਜਟਿਡ ਅਫਸਰ ਅਤੇ 173 ਪ੍ਰਾਈਵੇਟ ਵਿਅਕਤੀ ਸ਼ਾਮਲ ਹਨ। ਪਿਛਲੇ ਸਾਲ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਦੀ ਜਾਂਚ ਲਈ 139 ਸ਼ੱਕੀ ਵਿਅਕਤੀਆਂ ਵਿਰੁੱਧ 103 ਵਿਜੀਲੈਂਸ ਪੜਤਾਲਾਂ ਵੀ ਦਰਜ ਕੀਤੀਆਂ, ਜਿੰਨਾਂ ਵਿੱਚ 35 ਗਜ਼ਟਿਡ ਅਫਸਰ, 58 ਨਾਨ-ਗਜਟਿਡ ਅਫਸਰ ਅਤੇ 46 ਪ੍ਰਾਈਵੇਟ ਵਿਅਕਤੀ ਸ਼ਾਮਲ ਹਨ।
ਇਮਾਨਦਾਰ ਮੰਤਰੀ ਲਗਾਉਣਾ ਸਰਕਾਰ ਲਈ ਵੱਡੀ ਚੁਣੌਤੀ
ਇਕ ਪਾਸੇ ਜਿਥੇ ਪੰਜਾਬ ਸਰਕਾਰ ਲਈ ਸਰਕਾਰੀ ਮੁਲਾਜ਼ਮਾਂ ਵਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਇਕ ਵੱਡੀ ਚੁਣੌਤੀ ਹੈ ਉਥੇ ਹੀ ਆਪਣੇ ਮੰਤਰੀ ਮੰਡਲ ਚ ਬੈਠੇ ਮੰਤਰੀਆਂ ਨੂੰ ਵੀ ਭ੍ਰਿਸ਼ਟਾਚਾਰ ਤੋਂ ਦੂਰ ਰੱਖਣਾ ਸਰਕਾਰ ਲਈ ਵੱਡੀ ਚੁਣੌਤੀ ਹੈ ਕਿਉਂਕਿ ਜਿਵੇਂ ਹੀ 92 ਸੀਟਾਂ ਦੇ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਤਾਂ ਮਾਨਸਾ ਤੋਂ ਵਿਧਾਇਕ ਬਣੇ ਡਾ. ਵਿਜੈ ਸਿੰਗਲਾ ਨੂੰ ਕੈਬਨਿਟ ਵਿਚ ਮੌਕਾ ਦਿੱਤਾ ਪਰ ਕੁੱਝ ਸਮਾਂ ਬਾਅਦ ਖੁਦ ਭਗਵੰਤ ਮਾਨ ਵਲੋਂ ਇਹ ਪੁਸ਼ਟੀ ਕੀਤੀ ਜਾਂਦੀ ਹੈ ਕਿ ਕੈਬਨਿਟ ਮੰਤਰੀ ਡਾ. ਵਿਜੈ ਸਿੰਗਲਾ ਨੇ ਭ੍ਰਿਸ਼ਟਾਚਾਰ ਕਰਨ ਸਬੰਧੀ ਆਪਣਾ ਗੁਨਾਹ ਕਬੂਲਿਆ ਹੈ ਲਿਹਾਜਾ ਪੰਜਾਬ ਸਰਕਾਰ ਨੇ ਊੁਨ੍ਹਾਂ ਖਿਲਾਫ਼ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਕੈਬਨਿਟ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਉਸ ਤੋਂ ਬਾਅਦ ਹੁਣ ਬੀਤੇ ਦਿਨੀਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵਲੋਂ ਕੈਬਨਿਟ ਮੰਤਰੀ ਵਜੋਂ ਅਸਤੀਫਾ ਦੇਣ ਉਪਰੰਤ ਇਹ ਚਰਚਾਵਾਂ ਲਗਾਤਾਰ ਛਿੜ ਰਹੀਆਂ ਹਨ ਕਿ ਫੌਜਾ ਸਿੰਘ ਸਰਾਰੀ ਦੀ ਭ੍ਰਿਸ਼ਟਾਚਾਰ ਸਬੰਧੀ ਇਕ ਆਡੀਓ ਵਾਇਰਲ ਹੋਣ ਦੇ ਚਲਦਿਆਂ ਵਿਰੋਧੀਆਂ ਵਲੋਂ ਆਪ ਪਾਰਟੀ ਨੂੰ ਲਗਾਤਾਰ ਘੇਰਿਆ ਜਾ ਰਿਹਾ ਸੀ। ਲਿਹਾਜਾ ਆਪ ਪਾਰਟੀ ਨੇ ਅਸਿੱਧੇ ਢੰਗ ਨਾਲ ਫੌਜਾ ਸਿੰਘ ਸਰਾਰੀ ਨੂੰ ਕੈਬਨਿਟ ਵਿਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਹੁਣ ਮੁੱਖ ਮੰਤਰੀ ਸਾਹਮਣੇ ਆਪਣੇ ਮੰਤਰੀ ਮੰਡਲ ਅਤੇ ਅਫ਼ਸਰ ਸ਼ਾਹੀ ਵਿਚਾਲੇ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਸੰਤੁਲਨ ਬਣਾਉਣਾ ਵੱਡਾ ਮਸਲਾ ਹੈ।