ਫ਼ਰੀਦਕੋਟ ‘ਚ ਦੋਹਤੇ ਨੂੰ ਲੈਣ ਗਏ ਬਜ਼ੁਰਗ ਦੀ ਸਹੁਰਾ ਪਰਿਵਾਰ ਵੱਲੋ ਕੁੱਟਮਾਰ, ਹੋਈ ਮੌਤ; ਜਵਾਈ ਸਮੇਤ 5 ‘ਤੇ FIR ਦਰਜ

Published: 

30 Oct 2026 20:11 PM IST

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਦੋਦਾ ਤੋਂ ਆਪਣੀ ਵਿਆਹੀ ਧੀ ਦੇ ਸਹੁਰੇ ਪਿੰਡ ਰਾਮੇਆਣਾ (ਫ਼ਰੀਦਕੋਟ) ਦੋਹਤੇ ਨੂੰ ਲੈਣ ਪਹੁੰਚੇ ਬਜ਼ੁਰਗ ਕਿਰਪਾਲ ਸਿੰਘ ਦੀ ਸਹੁਰਾ ਪਰਿਵਾਰ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਗੰਭੀਰ ਜ਼ਖ਼ਮੀ ਹੋਣ ਕਾਰਨ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੇ ਜਵਾਈ ਸਮੇਤ ਪੰਜ ਨਾਮਜ਼ਦ ਅਤੇ ਕਈ ਅਣਪਛਾਤਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।

ਫ਼ਰੀਦਕੋਟ ਚ ਦੋਹਤੇ ਨੂੰ ਲੈਣ ਗਏ ਬਜ਼ੁਰਗ ਦੀ ਸਹੁਰਾ ਪਰਿਵਾਰ ਵੱਲੋ ਕੁੱਟਮਾਰ, ਹੋਈ ਮੌਤ; ਜਵਾਈ ਸਮੇਤ 5 ਤੇ FIR ਦਰਜ

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਦੋਦਾ ਤੋਂ ਫ਼ਰੀਦਕੋਟ ਦੇ ਪਿੰਡ ਰਾਮੇਆਣਾ ਵਿਖੇ ਆਪਣੀ ਵਿਆਹੀ ਧੀ ਦੇ ਘਰ ਦੋਹਤੇ ਨੂੰ ਲੈਣ ਪਹੁੰਚੇ ਇੱਕ ਬਜ਼ੁਰਗ ਵਿਅਕਤੀ ਦੀ ਸਹੁਰਾ ਪਰਿਵਾਰ ਵੱਲੋਂ ਕੀਤੀ ਗਈ ਬੇਰਹਿਮੀ ਨਾਲ ਕੁੱਟਮਾਰ ਕਾਰਨ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਵਾਰਦਾਤ ਤੋਂ ਬਾਅਦ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਮ੍ਰਿਤਕ ਦੇ ਜਵਾਈ ਸਮੇਤ ਪੰਜ ਨਾਮਜ਼ਦ ਮੁਲਜ਼ਮਾਂ ਅਤੇ 6-7 ਅਣਪਛਾਤੇ ਵਿਅਕਤੀਆਂ ਵਿਰੁੱਧ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਘਰੇਲੂ ਕਲੇਸ਼ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ

ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਪੱਪੂ ਸਿੰਘ ਪੁੱਤਰ ਕਿਰਪਾਲ ਸਿੰਘ, ਵਾਸੀ ਪਿੰਡ ਦੋਦਾ ਨੇ ਦੱਸਿਆ ਕਿ ਉਸ ਦੀ ਭੈਣ ਜਸਪ੍ਰੀਤ ਕੌਰ ਨੇ ਲਗਭਗ ਛੇ ਸਾਲ ਪਹਿਲਾਂ ਪਿੰਡ ਰਾਮੇਆਣਾ ਦੇ ਵਸਨੀਕ ਪ੍ਰਕਾਸ਼ ਸਿੰਘ ਨਾਲ ਆਪਣੀ ਮਰਜ਼ੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਬੀਤੀ 27 ਅਕਤੂਬਰ 2026 ਨੂੰ ਜਸਪ੍ਰੀਤ ਕੌਰ ਨੇ ਆਪਣੇ ਪੇਕੇ ਪਰਿਵਾਰ ਨੂੰ ਫ਼ੋਨ ‘ਤੇ ਸੂਚਿਤ ਕੀਤਾ ਕਿ ਉਸ ਦਾ ਪਤੀ ਪ੍ਰਕਾਸ਼ ਸਿੰਘ ਅਤੇ ਜੇਠ ਜਗਜੀਤ ਸਿੰਘ ਉਸ ਨਾਲ ਲਗਾਤਾਰ ਕੁੱਟਮਾਰ ਕਰ ਰਹੇ ਹਨ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।

ਧੀ ਤੇ ਦੋਹਤੀ ਨੂੰ ਲੈ ਕੇ ਪੇਕੇ ਪਰਿਵਾਰ ਪਰਤਿਆ ਪਿੰਡ

ਇਸ ਕਾਲ ਤੋਂ ਤੁਰੰਤ ਬਾਅਦ ਪੱਪੂ ਸਿੰਘ ਆਪਣੇ ਪਿਤਾ ਕਿਰਪਾਲ ਸਿੰਘ ਅਤੇ ਇੱਕ ਦੋਸਤ ਰਛਪਾਲ ਸਿੰਘ ਨੂੰ ਨਾਲ ਲੈ ਕੇ ਪਿੰਡ ਰਾਮੇਆਣਾ ਪਹੁੰਚਿਆ। ਉਹ ਉੱਥੋਂ ਜਸਪ੍ਰੀਤ ਕੌਰ ਅਤੇ ਉਸ ਦੀ ਨਾਬਾਲਗ ਧੀ ਨੂੰ ਆਪਣੇ ਨਾਲ ਸੁਰੱਖਿਅਤ ਪਿੰਡ ਦੋਦਾ ਲੈ ਆਏ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਅਗਲੇ ਦਿਨ, 28 ਅਕਤੂਬਰ ਦੀ ਸ਼ਾਮ ਨੂੰ, ਉਹ ਆਪਣੇ ਪਿਤਾ ਕਿਰਪਾਲ ਸਿੰਘ ਸਮੇਤ ਆਪਣੀ ਭੈਣ ਦੇ ਛੋਟੇ ਪੁੱਤਰ ਸਹਿਜਨੂਰ ਨੂੰ ਲੈਣ ਲਈ ਦੁਬਾਰਾ ਰਾਮੇਆਣਾ ਪਹੁੰਚੇ। ਜਦੋਂ ਉਨ੍ਹਾਂ ਨੇ ਬੱਚੇ ਨੂੰ ਭੇਜਣ ਦੀ ਗੱਲ ਰੱਖੀ ਤਾਂ ਜਵਾਈ ਪ੍ਰਕਾਸ਼ ਸਿੰਘ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ।

ਮਾਹੌਲ ਤਣਾਅਪੂਰਨ ਹੁੰਦਿਆਂ ਹੀ ਪ੍ਰਕਾਸ਼ ਸਿੰਘ ਨੇ ਆਪਣੇ ਪਰਿਵਾਰਕ ਜੀਆਂ ਅਤੇ ਹੋਰ ਸਾਥੀਆਂ ਨੂੰ ਇਕੱਠਾ ਕਰ ਲਿਆ ਅਤੇ ਪੱਪੂ ਸਿੰਘ ਤੇ ਉਸ ਦੇ ਪਿਤਾ ਕਿਰਪਾਲ ਸਿੰਘ ‘ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਵੱਲੋਂ ਕੀਤੀ ਗਈ ਇਸ ਕੁੱਟਮਾਰ ਦੌਰਾਨ ਬਜ਼ੁਰਗ ਕਿਰਪਾਲ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜ਼ਖ਼ਮੀ ਹਾਲਤ ਵਿੱਚ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਲਿਜਾਇਆ ਗਿਆ, ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਏ।

ਜਵਾਈ ਸਮੇਤ ਕਈਆਂ ਖ਼ਿਲਾਫ਼ ਕੇਸ ਦਰਜ

ਇਸ ਘਟਨਾ ਬਾਰੇ ਪੁਸ਼ਟੀ ਕਰਦਿਆਂ ਡੀਐੱਸਪੀ ਇਕਬਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਜੈਤੋ ਵਿਖੇ ਮ੍ਰਿਤਕ ਦੇ ਜਵਾਈ ਪ੍ਰਕਾਸ਼ ਸਿੰਘ, ਉਸ ਦੇ ਭਰਾ ਜਗਜੀਤ ਸਿੰਘ, ਮਾਤਾ ਛਿੰਦਰ ਕੌਰ, ਭਰਜਾਈ ਕੁਲਦੀਪ ਕੌਰ, ਮੈਂਬਰ ਸੁਖਪਾਲ ਉਰਫ਼ ਪਾਲਾ ਸਿੰਘ ਸਮੇਤ 6 ਤੋਂ 7 ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਅਨੁਸਾਰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਫ਼ਰਾਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।

Loading...
Unable to load recommendations.
Follow Us