ਡੇਰਾ ਬਾਬਾ ਨਾਨਕ ਵਿੱਚ AAP ਦੀ ਜਿੱਤ, ਜਤਿੰਦਰ ਕੌਰ ਰੰਧਾਵਾ ਨੂੰ ਹਰਾਇਆ
ਹੌਟ ਸੀਟ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਮਿਲੀ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ ਜਿੱਤ ਹਾਸਿਲ ਕੀਤੀ ਹੈ। ਉਹਨਾਂ ਨੇ ਕਾਂਗਰਸ ਦੇ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਨੂੰ 5 ਹਜ਼ਾਰ 722 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ।
ਗੁਰਦੀਪ ਸਿੰਘ ਰੰਧਾਵਾ ਨੂੰ 59 ਹਜ਼ਾਰ 44 ਵੋਟਾਂ ਮਿਲੀਆਂ ਜਦੋਂਕਿ ਦੂਜੇ ਨੰਬਰ ਤੇ ਰਹੀ ਕਾਂਗਰਸੀ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਨੂੰ 53 ਹਜ਼ਾਰ 322 ਵੋਟਾਂ ਮਿਲੀਆਂ। ਭਾਜਪਾ ਦੇ ਉਮੀਦਵਾਰ ਰਵੀ ਕਰਨ ਸਿੰਘ ਕਾਹਲੋਂ ਤੀਜੇ ਨੰਬਰ ਤੇ ਰਹੇ। ਉਹਨਾਂ ਨੂੰ 6 ਹਜ਼ਾਰ 449 ਵੋਟਾਂ ਮਿਲੀਆਂ।
18 ਰਾਉਂਡ ਤੱਕ ਚੱਲੀ ਕਾਉਂਟਿੰਗ’
ਵੋਟਾਂ ਦੀ ਗਿਣਤੀ ਸਵੇਰੇ ਅੱਠ ਵਜੇ ਸ਼ੁਰੂ ਹੋਈ। ਪਹਿਲਾਂ ਪੋਸਟਲ ਬੈਲੇਟ ਗਿਣੇ ਗਏ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੱਗੇ ਰਹੇ। ਇਸ ਤੋਂ ਬਾਅਦ ਈਵੀਐਮ ਮਸ਼ੀਨਾਂ ਖੁੱਲ੍ਹੀਆਂ ਤਾਂ ਕਾਂਗਰਸੀ ਉਮੀਦਵਾਰ ਨੂੰ ਲੀਡ ਮਿਲ ਗਈ। ਇਹ ਲੀਡ ਫਸਵੇਂ ਮੁਕਾਬਲੇ ਵਿੱਚ 10ਵੇਂ ਰਾਉਂਡ ਤੱਕ ਕਾਂਗਰਸੀ ਉਮੀਦਵਾਰ ਕੋਲ ਰਹੀ।
10ਵੇਂ ਗੇੜ ਚ ਹੋਇਆ ਫੇਰਬਦਲ
10ਵੇਂ ਗੇੜ ‘ਚ ਡੇਰਾ ਬਾਬਾ ਨਾਨਕ ਸੀਟ ‘ਤੇ ਹੰਗਾਮਾ ਹੋਇਆ। ਇਸ ਗੇੜ ‘ਚ ਆਮ ਆਦਮੀ ਪਾਰਟੀ ਇਕ ਵਾਰ ਫਿਰ ਅੱਗੇ ਆ ਗਈ ਹੈ। ਇੱਥੇ ਗੁਰਦੀਪ ਸਿੰਘ ਰੰਧਾਵਾ ਨੂੰ 36832 ਵੋਟਾਂ ਮਿਲੀਆਂ, ਉਹ 1382 ਵੋਟਾਂ ਨਾਲ ਅੱਗੇ ਹਨ। ਇਸ ਰਾਊਂਡ ਵਿੱਚ ਕਾਂਗਰਸ ਦੀ ਜਤਿੰਦਰ ਕੌਰ ਨੂੰ 35450 ਵੋਟਾਂ ਮਿਲੀਆਂ।
ਕਾਹਲੋਂ ਦੀ ਜਬਤ ਹੋਈ ਜ਼ਮਾਨਤ
ਜ਼ਿਮਨੀ ਚੋਣਾਂ ਵਿੱਚ ਜਿੱਥੇ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤਾਂ ਉੱਥੇ ਹੀ ਭਾਜਪਾ ਉਮੀਦਵਾਰ ਦੀ ਜ਼ਮਾਨਤ ਜਬਤ ਹੋ ਗਈ। ਭਾਰਤੀ ਜਨਤੀ ਪਾਰਟੀ ਦੇ ਉਮੀਦਵਾਰ ਰਵੀ ਕਰਨ ਸਿੰਘ ਕਾਹਲੋਂ ਨੂੰ 6 ਹਜ਼ਾਰ 449 ਵੋਟਾਂ ਹੀ ਮਿਲੀਆਂ।
ਬਿੱਟੂ ਨੇ ਮੰਗਿਆ ਅਸਤੀਫਾ
ਡੇਰਾ ਬਾਬਾ ਨਾਨਕ ਤੋਂ ਹੋਈ ਹਾਰ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਅਸਤੀਫਾ ਮੰਗਿਆ ਹੈ। ਉਹਨਾਂ ਕਿਹਾ ਪੰਜਾਬ ਵਿੱਚ ਭਾਜਪਾ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਸੂਬੇ ਵਿੱਚ ਪਾਰਟੀ ਦੇ ਵੋਟ ਸ਼ੇਅਰ ਵਿੱਚ ਵਾਧਾ ਹੋਇਆ ਹੈ। ਬਿੱਟੂ ਨੇ ਕਿਹਾ ਕਿ ਦੋਵੇਂ ਵੱਡੇ ਆਗੂ ਆਪਣੀਆਂ ਸੀਟਾਂ ਜਿਤਾਉਣ ਵਿੱਚ ਅਸਫ਼ਲ ਰਹੇ ਹਨ। ਜਿਸ ਕਰਕੇ ਉਹਨਾਂ ਨੂੰ ਆਪਣਾ ਅਸਤੀਫਾ ਦੇਣਾ ਚਾਹੀਦਾ ਹੈ।