ਸੁਖਬੀਰ ਬਾਦਲ ਨੂੰ ਮੁੜ ਤਲਬ ਕਰਨ ਦੀ ਮੰਗ, SGPC ਮੈਂਬਰਾਂ ਦਾ ਇੱਕ ਵਫ਼ਦ ਅਕਾਲ ਤਖ਼ਤ ਸਾਹਿਬ ਪਹੁੰਚਿਆ

Published: 

27 Apr 2026 13:42 PM IST

ਵਫ਼ਦ ਨੇ ਜਥੇਦਾਰ ਨੂੰ ਇਹ ਕਹਿੰਦੇ ਹੋਏ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਕਿ ਸੁਖਬੀਦ ਬਾਦਲ ਦੇ ਬਿਆਨ, ਖਾਸ ਕਰਕੇ ਹੁਕਮਨਾਮੇ ਨੂੰ ਸਾਜ਼ਿਸ਼ ਵਜੋਂ ਦਰਸਾਉਣਾ ਇੱਕ ਗੰਭੀਰ ਮਾਮਲਾ ਹੈ, ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਮੀਡੀਆ ਨਾਲ ਗੱਲ ਕਰਦੇ ਹੋਏ, SGPC ਮੈਂਬਰਾਂ ਨੇ ਕਿਹਾ ਕਿ ਸਿੱਖ ਇਤਿਹਾਸ ਦੌਰਾਨ, ਸਭ ਤੋਂ ਪ੍ਰਮੁੱਖ ਸ਼ਖਸੀਅਤਾਂ ਵੀ ਆਪਣੀਆਂ ਗਲਤੀਆਂ ਲਈ ਮੁਆਫ਼ੀ ਮੰਗਣ ਲਈ ਨਿਮਰਤਾ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਈਆਂ ਹਨ।

ਸੁਖਬੀਰ ਬਾਦਲ ਨੂੰ ਮੁੜ ਤਲਬ ਕਰਨ ਦੀ ਮੰਗ, SGPC ਮੈਂਬਰਾਂ ਦਾ ਇੱਕ ਵਫ਼ਦ ਅਕਾਲ ਤਖ਼ਤ ਸਾਹਿਬ ਪਹੁੰਚਿਆ

ਸੁਖਬੀਰ ਬਾਦਲ ਨੂੰ ਮੁੜ ਤਲਬ ਕਰਨ ਦੀ ਮੰਗ, SGPC ਮੈਂਬਰਾਂ ਦਾ ਇੱਕ ਵਫ਼ਦ ਅਕਾਲ ਤਖ਼ਤ ਸਾਹਿਬ ਪਹੁੰਚਿਆ

ਸੋਮਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੈਂਬਰਾਂ ਦਾ ਇੱਕ ਵਫ਼ਦ, ਮਿੱਠੂ ਸਿੰਘ ਕਾਹਨੇਕੇ ਦੀ ਅਗਵਾਈ ‘ਚ ਸ੍ਰੀ ਅਕਾਲ ਤਖ਼ਤ ਵਿਖੇ ਪਹੁੰਚਿਆ। ਇਸ ਵਫ਼ਦ ਨੇ ਇੱਕ ਮੰਗ ਪੱਤਰ ਸੌਂਪਿਆ ਜਿਸ ‘ਚ ਸੁਖਬੀਰ ਸਿੰਘ ਬਾਦਲ ਨੂੰ ਉਨ੍ਹਾਂ ਦੀਆਂ ਹਾਲੀਆ ਟਿੱਪਣੀਆਂ ਲਈ ਦੁਬਾਰਾ ਤਲਬ ਕਰਨ ਦੀ ਮੰਗ ਕੀਤੀ ਗਈ।

ਵਫ਼ਦ ਨੇ ਜਥੇਦਾਰ ਨੂੰ ਇਹ ਕਹਿੰਦੇ ਹੋਏ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਕਿ ਸੁਖਬੀਦ ਬਾਦਲ ਦੇ ਬਿਆਨ, ਖਾਸ ਕਰਕੇ ਹੁਕਮਨਾਮੇ ਨੂੰ ਸਾਜ਼ਿਸ਼ ਵਜੋਂ ਦਰਸਾਉਣਾ ਇੱਕ ਗੰਭੀਰ ਮਾਮਲਾ ਹੈ, ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਮੀਡੀਆ ਨਾਲ ਗੱਲ ਕਰਦੇ ਹੋਏ, SGPC ਮੈਂਬਰਾਂ ਨੇ ਕਿਹਾ ਕਿ ਸਿੱਖ ਇਤਿਹਾਸ ਦੌਰਾਨ, ਸਭ ਤੋਂ ਪ੍ਰਮੁੱਖ ਸ਼ਖਸੀਅਤਾਂ ਵੀ ਆਪਣੀਆਂ ਗਲਤੀਆਂ ਲਈ ਮੁਆਫ਼ੀ ਮੰਗਣ ਲਈ ਨਿਮਰਤਾ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਈਆਂ ਹਨ।

ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ, ਗਿਆਨੀ ਜ਼ੈਲ ਸਿੰਘ ਤੇ ਸੁਰਜੀਤ ਸਿੰਘ ਬਰਨਾਲਾ ਵਰਗੀਆਂ ਇਤਿਹਾਸਕ ਸ਼ਖਸੀਅਤਾਂ ਦੀਆਂ ਉਦਾਹਰਣਾਂ ਦਿੱਤੀਆਂ, ਜਿਨ੍ਹਾਂ ਨੇ ਅਕਾਲ ਤਖ਼ਤ ਦੀ ਮਰਿਆਦਾ ਨੂੰ ਮੰਨ ਕੇ ਸਿੱਖ ਪਰੰਪਰਾਵਾਂ ਨੂੰ ਕਾਇਮ ਰੱਖਿਆ। ਵਫ਼ਦ ਦੇ ਅਨੁਸਾਰ, ਇਹ ਪਰੰਪਰਾ ਸਿੱਖ ਪੰਥ ਦੇ ਮੁੱਖ ਸਿਧਾਂਤਾਂ ਤੇ ਅਨੁਸ਼ਾਸਨ ਨੂੰ ਦਰਸਾਉਂਦੀ ਹੈ।

ਮੈਂਬਰਾਂ ਨੇ ਇਲਜ਼ਾਮ ਲਗਾਇਆ ਕਿ ਸੁਖਬੀਰ ਬਾਦਲ ਦੀਆਂ ਟਿੱਪਣੀਆਂ ਅਕਾਲ ਤਖ਼ਤ ਦੀ ਮਰਿਆਦਾ ਨੂੰ ਢਾਹ ਲਾਉਂਦੀਆਂ ਹਨ ਤੇ ਸਿੱਖ ਪੰਧ ਰਿਵਾਇਤਾਂ ਦੇ ਖਿਲਾਫ਼ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਤੁਰੰਤ ਤਲਬ ਕੀਤਾ ਜਾਵੇ, “ਤਨਖਾਹੀਆ” ਘੋਸ਼ਿਤ ਕੀਤਾ ਜਾਵੇ, ਤੇ ਭਵਿੱਖ ਲਈ ਇੱਕ ਸਪੱਸ਼ਟ ਮਿਸਾਲ ਕਾਇਮ ਕਰਨ ਲਈ ਸਖ਼ਤ ਸਜ਼ਾ ਦਿੱਤੀ ਜਾਵੇ।

ਇਸ ਤੋਂ ਇਲਾਵਾ, ਵਫ਼ਦ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਭੂਮਿਕਾ ‘ਤੇ ਸਵਾਲ ਚੁੱਕੇ। ਕਿਹਾ ਗਿਆ ਕਿ 2 ਦਸੰਬਰ, 2024 ਨੂੰ ਜਾਰੀ ਕੀਤੇ ਗਏ ਹੁਕਮਨਾਮਿਆਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ, ਉਨ੍ਹਾਂ ਦੀ ਜ਼ਿੰਮੇਵਾਰੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਫਰਜ਼ ਨੂੰ ਪੂਰਾ ਕਰਨ ‘ਚ ਅਸਫਲ ਰਹੇ ਹਨ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਵੀ ਜਵਾਬਦੇਹੀ ਲਈ ਅਕਾਲ ਤਖ਼ਤ ਅੱਗੇ ਤਲਬ ਕਰਨ ਦੀ ਮੰਗ ਕੀਤੀ।

ਵਫ਼ਦ ਨੇ ਚੇਤਾਵਨੀ ਦਿੱਤੀ ਕਿ ਸਖ਼ਤ ਕਾਰਵਾਈ ਨਾ ਕਰਨ ਨਾਲ ਇੱਕ ਗਲਤ ਮਿਸਾਲ ਕਾਇਮ ਹੋ ਸਕਦੀ ਹੈ, ਜੋ ਸੰਭਾਵਤ ਤੌਰ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਣਦੇਖੀ ਕਰਨ ਲਈ ਉਤਸ਼ਾਹਿਤ ਕਰ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਥਕ ਅਨੁਸ਼ਾਸਨ ਤੇ ਧਾਰਮਿਕ ਸੰਸਥਾਵਾਂ ਦਾ ਸਤਿਕਾਰ ਬਣਾਈ ਰੱਖਣਾ ਸਿੱਖ ਭਾਈਚਾਰੇ ਦੀ ਏਕਤਾ ਤੇ ਅਖੰਡਤਾ ਲਈ ਜ਼ਰੂਰੀ ਹੈ।

Follow Us