Kotakpura Firing Case: ਬਾਦਲ ਪਿਓ-ਪੁੱਤਰ ਦੀ ਜਮਾਨਤ ‘ਤੇ ਅਦਾਲਤ ਨੇ ਕੱਲ੍ਹ ਤੱਕ ਸੁਰੱਖਿਅਤ ਰੱਖਿਆ ਫੈਸਲਾ
Kotakpura Firing Case: ਦੋਹਾਂ ਪੱਖਾਂ ਦੀਆਂ ਦਲੀਲਾਂ ਸੁਨਣ ਤੋਂ ਬਾਅਦ ਮਾਨਯੋਗ ਅਦਾਲਤ ਨੇ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਅਗਾਊਂ ਜਮਾਨਤ ਅਰਜੀ ਤੇ ਫੈਸਲਾ ਸੁਰੱਖਿਅਤ ਰੱਖਦਿਆਂ ਸੁਣਵਾਈ 15 ਮਾਰਚ ਤੱਕ ਟਾਲ ਦਿੱਤੀ।
ਫਰੀਦਕੋਟ ਨਿਊਜ: ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ ਕੋਟਕਪੂਰਾ ਗੋਲੀਕਾਂਡ (Kotakpura Firing) ਮਾਮਲੇ ਵਿਚ ਨਾਮਜਦ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Prakash Singh Badal) ਅਤੇ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ (Sukhbir Singh Badal) ਦੀ ਅਗਾਊਂ ਜਮਾਨਤ ਅਰਜੀ ਤੇ ਅੱਜ ਫਰੀਦਕੋਟ ਦੇ ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਵਿਚ ਸੁਣਵਾਈ ਹੋਈ। ਦੋਹਾਂ ਪੱਖਾ ਵੱਲੋਂ ਅਹਿਮ ਦਲੀਲਾਂ ਪੇਸ਼ ਕਰ ਆਪਣਾ ਆਪਣਾ ਪੱਖ ਰੱਖਿਆ ਗਿਆ।
ਸਿੱਖ ਜਥੇਬੰਦੀਆਂ ਦੇ ਵਕੀਲ ਨੇ ਦਿੱਤੀ ਮਾਮਲੇ ਦੀ ਜਾਣਕਾਰੀ
ਇਸ ਮੌਕੇ ਜਾਣਕਾਰੀ ਦਿੰਦਿਆਂ ਸਿੱਖ ਜਥੇਬੰਦੀਆਂ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਦੱਸਿਆ ਕਿ ਮਾਨਯੋਗ ਅਦਾਲਤ ਵਿਚ ਬਚਾਅ ਪੱਖ ਵੱਲੋਂ ਦਲੀਲ ਰੱਖੀ ਗਈ ਇਕ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਨਾਮ ਸਿਆਸੀ ਤੌਰ ਤੇ ਸ਼ਾਮਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਬਚਾਅ ਪੱਖ ਵੱਲੋਂ ਦਲੀਲ ਦਿੱਤੀ ਗਈ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਨਾਮਜਦ ਕਰਨ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਸਪੀਕਰ ਵੱਲੋਂ ਆਪਣੇ ਸ਼ੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਇਹ ਕਿਹਾ ਗਿਆ ਸੀ ਕਿ ਕੋਟਕਪੂਰਾ ਮਾਮਲੇ ਵਿਚ ਜਲਦ ਹੀ ਦੋਸ਼ੀਆ ਦੇ ਨਾਮ ਨਸ਼ਰ ਹੋਣਗੇ ਅਤੇ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਗੋਲੀਕਾਂਡ ਮਾਮਲੇ ਵਿਚ ਨਾਮਜਦ ਕੀਤਾ ਗਿਆ।
ਘਟਨਾਂ ਤੋਂ 3 ਸਾਲ ਬਾਅਦ ਦਰਜ ਕੀਤਾ ਗਿਆ ਮਾਮਲਾ
ਹਰਪਾਲ ਸਿੰਘ ਨੇ ਦੱਸਿਆ ਕਿ ਬਚਾਅ ਪੱਖ ਨੇ ਇਹ ਵੀ ਕਿਹਾ ਕਿ ਜਿਸ ਮਾਮਲੇ ਵਿਚ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਨਾਮਜਦ ਕੀਤਾ ਗਿਆ ਹੈ ਉਹ ਮਾਮਲਾ ਘਟਨਾਂ ਕ੍ਰਮ ਤੋਂ 3 ਸਾਲ ਬਾਅਦ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਮੁਦਈ ਪੱਖ ਦੇ ਵਕੀਲਾਂ ਨੇ ਮਾਨਯੋਗ ਅਦਾਲਤ ਵਿਚ ਬਚਾਅ ਪੱਖ ਦੀਆ ਦਲੀਲਾਂ ਦੇ ਵਿਰੋਧ ਵਿਚ ਆਪਣਾ ਪੱਖ ਰੱਖਦਿਆ ਕਿਹਾ ਕਿ ਬਚਾਅ ਪੱਖ ਨੇ 1983 ਦੇ ਸਿਖ ਵਿਰੋਧੀ ਦੰਗਿਆ ਦੇ ਮਾਮਲਿਆ ਵਿਚ ਸ਼ਰੇਆਮ ਸਿਆਸੀ ਤੌਰ ਤੇ ਲੋਕਾਂ ਦੇ ਨਾਮ ਲਏ ਜਿੰਨਾਂ ਦੀ ਕਰੀਬ 30 ਸਾਲ ਬਾਅਦ ਨਾਮਜਦਗੀ ਹੋਈ। ਇਸ ਲਈ ਇਸ ਮਾਮਲੇ ਵਿਚ ਜੋ ਸਹੀ ਹੈ ਜੋ ਜਾਂਚ ਟੀਮ ਨੇ ਸਹੀ ਪਾਇਆ ਉਹੀ ਜਿੰਮੇਵਾਰ ਲੋਕਾਂ ਨੂੰ ਨਾਮਜਦ ਕੀਤਾ ਹੈ।
15 ਮਾਰਚ ਲਈ ਰਾਖਵਾਂ ਰੱਖਿਆ ਗਿਆ ਫੈਸਲਾ
ਉਹਨਾਂ ਦੱਸਿਆ ਕਿ ਮਾਨਯੋਗ ਜੱਜ ਸਾਹਿਬ ਵੱਲੋਂ ਦੋਹਾਂ ਧਿਰਾਂ ਦੀਆਂ ਦਲੀਲਾਂ ਨੂੰ ਬੜੇ ਧਿਆਨ ਨਾਲ ਸੁਣਿਆ ਗਿਆ ਹੈ ਅਤੇ ਫੈਸਲਾ ਕੱਲ੍ਹ 15 ਮਾਰਚ ਲਈ ਰਾਖਵਾਂ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਜਿਸ ਵਕਤ ਇਹ ਗੋਲੀਕਾਂਡ ਵਾਪਰਿਆ ਉਸ ਵਕਤ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਅਤੇ ਸੁਖਬੀਰ ਸਿੰਘ ਬਾਦਲ ਉਪ ਮੁਖਮੰਤਰੀ ਸਨ ਅਤੇ ਗ੍ਰਹਿ ਵਿਭਾਗ ਵੀ ਉਹਨਾਂ ਕੋਲ ਸੀ। ਉਨ੍ਹਾਂ ਕਿਹਾ ਕਿ ਜੋ ਵੀ ਵਾਪਰਿਆ ਉਹ ਸਾਬਤ ਹੋ ਚੁੱਕਿਆ ਕਿ ਸਾਜਿਸ਼ ਤਹਿਤ ਵਾਪਰਿਆ। ਉਹਨਾਂ ਕਿਹਾ ਕਿ ਇਸ ਸਭ ਨੂੰ ਧਿਆਨ ਵਿਚ ਰੱਖਦੇ ਹੋਏ ਸਾਨੂੰ ਆਸ ਹੈ ਕਿ ਪ੍ਰਕਾਸ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਮਾਨਯੋਗ ਅਦਾਲਤ ਵੱਲੋਂ ਜਮਾਨਤ ਨਹੀਂ ਦਿੱਤੀ ਜਾਵੇਗੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ