ਸੀਐੱਮ ਮਾਨ ਨੇ 272 ਸਹਿਕਾਰੀ ਇੰਸਪੈਕਟਰਾਂ ਨੂੰ ਵੰਡੇ ਨਿਯੁਕਤੀ ਪੱਤਰ, ਹੁਣ ਤੱਕ 36,796 ਨੌਜਵਾਨਾਂ ਨੂੰ ਦਿੱਤੀਆਂ ਗਈਆਂ ਨੌਕਰੀਆਂ

Updated On: 

05 Oct 2023 20:51 PM

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਹੋਰ ਵੀ ਜਿਆਦਾ ਖੁਸ਼ੀ ਇਸ ਗੱਲ ਦੀ ਹੋ ਰਹੀ ਹੈ ਕਿ ਇਨ੍ਹਾਂ ਨਿਯੂਕਤੀਆਂ ਵਿੱਚ ਸੂਬੇ ਦੀਆਂ ਧੀਆਂ ਵੀ ਵੱਡੀ ਗਿਣਤੀ ਵਿੱਚ ਚੁਣੀਆਂ ਜਾ ਰਹੀਆਂ ਹਨ। ਉਨ੍ਹਾਂ ਦੀ ਸਰਕਾਰ ਬੇਟੀਆਂ ਦੀ ਸਿੱਖਿਆ ਨੂੰ ਲੈ ਕੇ ਬੇਹੱਦ ਗੰਭੀਰ ਹੈ। ਕੁੜੀਆਂ ਦੀ ਸਿੱਖਿਆ ਲਈ ਸਰਕਾਰ ਨਿੱਤ ਨਵੇਂ ਕਦਮ ਚੁੱਕ ਰਹੀ ਹੈ ਅਤੇ ਉਤਸ਼ਾਹਿਤ ਕਰਨ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਦੀ ਮੇਹਨਤ ਰੰਗ ਵੀ ਲਿਆ ਰਹੀ ਹੈ।

ਸੀਐੱਮ ਮਾਨ ਨੇ 272 ਸਹਿਕਾਰੀ ਇੰਸਪੈਕਟਰਾਂ ਨੂੰ ਵੰਡੇ ਨਿਯੁਕਤੀ ਪੱਤਰ, ਹੁਣ ਤੱਕ 36,796 ਨੌਜਵਾਨਾਂ ਨੂੰ ਦਿੱਤੀਆਂ ਗਈਆਂ ਨੌਕਰੀਆਂ
Follow Us On

ਸੀਐੱਮ ਭਗਵੰਤ ਮਾਨ ਨੇ ਵੀਰਵਾਰ ਨੂੰ 272 ਸਹਿਕਾਰੀ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੁਣ ਤੱਕ ਵੱਖ-ਵੱਖ ਵਿਭਾਗਾਂ ਵਿੱਚ 36,796 ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾ ਚੁੱਕੀ ਹੈ ਤੇ ਅੱਗੇ ਵੀ ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹੁਣ ਤੱਕ ਦਿੱਤੀਆਂ ਗਈਆਂ ਸਾਰੀਆਂ ਨੌਕਰੀਆਂ ਮੈਰਿਟ ਦੇ ਆਧਾਰ ਤੇ ਹੋਈਆਂ ਹਨ। ਇਸ ਵਿੱਚ ਇੱਕ ਵੀ ਮੁਲਾਜ਼ਮ ਸਿਫਾਰਸ਼ੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਪਾਰਦਰਸ਼ੀ ਤਰੀਕੇ ਨਾਲ ਇਸ ਮੁਹਿੰਮ ਨੂੰ ਅੰਜਾਮ ਦੇ ਰਹੀ ਹੈ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਹੜੇ ਵੀ ਨੌਜਵਾਨ ਹੁਣ ਤੱਕ ਸਰਕਾਰੀ ਮੁਲਾਜ਼ਮ ਵੱਜੋਂ ਤਾਇਨਾਤ ਹੋਏ ਹਨ, ਉਹ ਸਖ਼ਤ ਮੁਕਾਬਲੇ ਵਾਲੀ ਪ੍ਰੀਖਿਆਵਾਂ ਪਾਸ ਕਰਨ ਤੋਂ ਬਾਅਦ ਹੀ ਇੱਥੋਂ ਤੱਕ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਪਹਿਲੇ ਦਿਨ ਤੋਂ ਹੀ ਇਹੀ ਸੋਚ ਰਹੀ ਹੈ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਸਰਕਾਰੀ ਨੌਕਰੀਆਂ ਦੇ ਕੇ ਉਨ੍ਹਾਂ ਦੇ ਹੱਕਾਂ ਨੂੰ ਸੁਰੱਖਿਅਤ ਕੀਤਾ ਜਾਵੇ।

ਸੀਐਮ ਮਾਨ ਨੇ ਕਿਹਾ ਕਿ ਨਵ ਨਿਯੁਕਤ ਨੌਜਵਾਨਾਂ ਲਈ ਇਹ ਇਤਿਹਾਸਕ ਮੌਕਾ ਹੈ ਕਿਉਂਕਿ ਉਹ ਆਪਣੀ ਕਾਬਲੀਅਤ ਸਾਬਤ ਕਰਕੇ ਇਨ੍ਹਾਂ ਨੌਕਰੀਆਂ ਨੂੰ ਹਾਸਿਲ ਕੀਤਾ ਹੈ। ਉਨ੍ਹਾਂ ਸਾਬਕਾ ਸਰਕਾਰਾਂ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੂੰ ਨੌਜਵਾਨਾਂ ਦੇ ਹਿਤਾਂ ਦੀ ਹਮੇਸ਼ਾ ਅਣਦੇਖੀ ਕੀਤੀ ਹੈ। ਇਸੇ ਕਰਕੇ ਹੀ ਇਨ੍ਹਾਂ ਨੂੰ ਨੌਕਰੀਆਂ ਦੇਣ ਦੇ ਮਾਮਲੇ ਵਿੱਚ ਸੂਬਾ 70 ਸਾਲ ਪਿੱਛੇ ਚੱਲ ਰਿਹਾ ਹੈ। ਪਰ ਹੁਣ ਉਨ੍ਹਾਂ ਦੀ ਸਰਕਾਰ ਇਸ ਖਲੋਤ ਨੂੰ ਛੇਤੀ ਤੋਂ ਛੇਤੀ ਖ਼ਤਮ ਕਰਨ ਵਿੱਚ ਜੁਟੀ ਹੋਈ ਹੈ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੰਪੀਟੀਸ਼ਨ ਵਾਲੀਆਂ ਪ੍ਰੀਖਿਆਵਾਂ ਦੀ ਟ੍ਰੈਨਿੰਗ ਦੇਣ ਲਈ 8 ਹਾਈ-ਟੈੱਕ ਸੈਂਟਰ ਖੋਲ੍ਹਣ ਜਾ ਰਹੀ ਹੈ। ਸੂਬੇ ਦੇ ਨੌਜਵਾਨ ਬੱਚੇ ਇਨ੍ਹਾਂ ਸੈਂਟਰਾਂ ਵਿੱਚ ਟ੍ਰੈਨਿੰਗ ਲੈ ਕੇ ਆਪਣੇ ਉਜਵੱਲ ਭਵਿੱਖ ਦੀ ਨੀਂਹ ਰੱਖ ਸਕਦੇ ਹਨ। ਉਨ੍ਹਾਂ ਦੀ ਸਰਕਾਰ ਵੀ ਇਹੀ ਚਾਹੁੰਦੀ ਹੈ ਕਿ ਪੰਜਾਬ ਦੇ ਨੌਜਵਾਨਾਂ ਦੇਸ਼ ਦੇ ਵੱਡੇ-ਵੱਡੇ ਅਹੁਦਿਆਂ ਤੇ ਬਹਿ ਕੇ ਸੂਬੇ ਦਾ ਨਾਂ ਰੋਸ਼ਨ ਕਰਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਭਲਾਈ ਲਈ ਸਰਕਾਰ ਹਰ ਉਹ ਕਦਮ ਚੁੱਕ ਰਹੀ ਹੈ, ਜਿਸ ਨਾਲ ਉਨ੍ਹਾਂ ਨੂੰ ਵੱਧ ਤੋਂ ਵੱਧ ਲਾਹਾ ਮਿਲ ਸਕੇ। ਸੀਐਮ ਭਗਵੰਤ ਮਾਨ ਨੇ ਨਵੇਂ ਭਰਤੀ ਹੋਏ ਮੁਲਾਜ਼ਮਾ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੰਦਿਆਂ ਆਸ ਜਤਾਈ ਕਿ ਉਹ ਆਪਣੇ ਫ਼ਰਜ਼ ਨੂੰ ਪੂਰੀ ਤਨਦੇਹੀ ਅਤੇ ਦਿਆਨਤਦਾਰੀ ਨਾਲ ਨਿਭਾਉਣਗੇ।

ਭ੍ਰਿਸ਼ਟਾਚਾਰ ਵਿਰੁੱਧ ਜਾਰੀ ਹੈ ਜੰਗ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਸਰਕਾਰ ਲਗਾਤਾਰ ਭ੍ਰਿਸ਼ਟਾਚਾਰ ਵਿਰੁੱਧ ਐਕਸ਼ਨ ਲੈ ਰਹੀ ਹੈ । ਕਿਸੇ ਵੀ ਭ੍ਰਿਸ਼ਟਾਚਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਫੇਰ ਭਾਵੇਂ ਉਹ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ। ਉਨ੍ਹਾਂ ਕਿਹਾ ਕਿ ਤਾਕਤ ਦਾ ਨਾਜਾਇਜ਼ ਲਾਹਾ ਚੁੱਕ ਕੇ ਭ੍ਰਿਸ਼ਟ ਆਗੂਆਂ ਨੇ ਆਪਣੀ ਸਰਕਾਰ ਦੇ ਸਮੇਂ ਆਲੀਸ਼ਾਨ ਮਹਿਲ ਬਣਵਾ ਲਏ, ਜਦੋਂ ਕਿ ਸੂਬੇ ਦਾ ਆਮ ਆਦਮੀ ਨੂੰ ਦੋ ਵੇਲ੍ਹੇ ਦੀ ਰੋਟੀ ਤੋਂ ਵੀ ਮੁਥਾਜ ਰਿਹਾ। ਹੁਣ ਅਜਿਹੇ ਲੋਕਾਂ ਕੋਲੋਂ ਭ੍ਰਿਸ਼ਟਾਚਾਰ ਦਾ ਇੱਕ-ਇੱਕ ਪੈਸਾ ਵਾਪਸ ਲਿਆ ਜਾਵੇਗਾ ਅਤੇ ਉਸ ਪੈਸੇ ਨੂੰ ਆਮ ਜਨਤਾ ਦੇ ਹਿੱਤਾਂ ਦੀ ਰਾਖੀ ਲਈ ਇਸਤੇਮਾਲ ਕੀਤਾ ਜਾਵੇਗਾ।