ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ‘ਚ ਹੁਣ ਰੇਲਵੇ ਬਣਿਆ ਅੜਿੱਕਾ, ਰੇਲ ਗੱਡੀਆਂ ਦੇਣ ਤੋਂ ਪ੍ਰਗਟਾਈ ਅਸਮਰੱਥਾ
ਪੰਜਾਬ ਸਰਕਾਰ ਨੇ ਇਸ ਕੰਮ ਲਈ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਨਾਲ ਐਮਓਯੂ ਸਾਈਨ ਕੀਤਾ ਹੈ। ਉੱਧਰ, ਪੰਜਾਬ ਅਤੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਬੱਸ ਰਾਹੀਂ ਕਰਵਾਈ ਜਾ ਰਹੀ ਹੈ। ਯਾਤਰਾ ਦੀ ਰੂਪ ਰੇਖਾ ਤਿਆਰ ਕਰਨ ਲਈ ਮੰਤਰੀ ਮੰਡਲ ਵੱਲੋਂ ਇੱਕ ਸਬ-ਕਮੇਟੀ ਬਣਾਈ ਗਈ ਹੈ। ਇਸ ਵਿੱਚ ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ ਅਤੇ ਅਮਨ ਅਰੋੜਾ ਸ਼ਾਮਲ ਹਨ।
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ (Chief Minister Teerath Yojna) ਹੁਣ ਰੇਲਵੇ ਕਾਰਨ ਅੜਿੱਕਿਆਂ ਦਾ ਸਾਹਮਣਾ ਕਰ ਰਹੀ ਹੈ। ਰੇਲਵੇ ਨੇ ਆਉਣ ਵਾਲੇ ਡੇਢ ਮਹੀਨੇ ਤੱਕ ਯਾਤਰਾ ਲਈ ਰੇਲਗੱਡੀਆਂ ਮੁਹੱਈਆ ਕਰਵਾਉਣ ਵਿੱਚ ਅਸਮਰੱਥਾ ਪ੍ਰਗਟਾਈ ਹੈ। ਰੇਲਵੇ ਦੇ ਇੱਕ ਅਧਿਕਾਰੀ ਨੇ ਇਸ ਸਬੰਧੀ ਪੰਜਾਬ ਸਰਕਾਰ ਨੂੰ ਜ਼ੁਬਾਨੀ ਤੌਰ ‘ਤੇ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਉਹ ਫਰਵਰੀ ਤੱਕ ਰੇਲਗੱਡੀ ਨਹੀਂ ਦੇ ਸਕਣਗੇ।
ਪੰਜਾਬ ਸਰਕਾਰ ਰੇਲਵੇ ਤੋਂ ਟਰੇਨ ਲੈਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਨੇ ਇਸ ਮਾਮਲੇ ਵਿੱਚ ਰੇਲਵੇ ਬੋਰਡ ਦੇ ਚੇਅਰਮੈਨ ਨੂੰ ਇੱਕ ਹੋਰ ਪੱਤਰ ਲਿਖਿਆ ਹੈ। ਨਾਵ ਹੀ ਇਸ ਦਿਸ਼ਾ ਵਿੱਚ ਯੋਗ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਸਕੀਮ ਤਹਿਤ ਰੂਟਾਂ ਤੇ ਬੱਸਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਹੁਣ ਰੋਜ਼ਾਨਾ ਗੁਆਂਢੀ ਰਾਜਾਂ ਨੂੰ ਜਾਣ ਵਾਲੀਆਂ ਬੱਸਾਂ ਦੀ ਗਿਣਤੀ ਦਸ ਹੋ ਜਾਵੇਗੀ।
ਪੰਜਾਬ ਸਰਕਾਰ ਵੱਲੋਂ 18 ਦਿਨ ਪਹਿਲਾਂ 27 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸ਼ੁਰੂ ਕੀਤੀ ਗਈ ਸੀ। ਉਦੋਂ ਤੋਂ ਹੁਣ ਤੱਕ ਸਿਰਫ਼ ਇੱਕ ਰੇਲਗੱਡੀ ਹੀ ਸ਼ਰਧਾਲੂਆਂ ਨੂੰ ਲਿਜਾ ਸਕੀ ਹੈ। ਪਹਿਲਾ ਜਥਾ ਸ੍ਰੀ ਹਜ਼ੂਰ ਸਾਹਿਬ ਲਈ ਰਵਾਨਾ ਹੋਇਆ ਸੀ। ਰੇਲਵੇ ਨੂੰ ਦਰਪੇਸ਼ ਮੁਸ਼ਕਲਾਂ ਕਾਰਨ 6 ਦਸੰਬਰ ਨੂੰ ਜਲੰਧਰ ਤੋਂ ਵਾਰਾਣਸੀ ਜਾਣ ਵਾਲੀ ਰੇਲਗੱਡੀ ਨੂੰ ਰੱਦ ਕਰ ਦਿੱਤਾ ਗਿਆ ਸੀ। ਹੁਣ ਇਹ ਜੱਥਾ 15 ਦਸੰਬਰ ਨੂੰ ਮਲੇਰਕੋਟਲਾ ਤੋਂ ਅਜਮੇਰ ਸ਼ਰੀਫ ਜਾਣਾ ਸੀ ਪਰ ਰੇਲਵੇ ਨੇ ਅਸਮਰੱਥਾ ਪ੍ਰਗਟਾਈ ਹੈ। ਹਾਲਾਂਕਿ, ਰਾਜ ਸਰਕਾਰ ਨੇ 15 ਦਸੰਬਰ ਦੀ ਰੇਲਗੱਡੀ ਲਈ ਰੇਲਵੇ ਕੋਲ 1.34 ਕਰੋੜ ਰੁਪਏ ਜਮ੍ਹਾਂ ਕਰਾਏ ਹਨ।
ਜਨਰੇਟਰਾਂ ਦੀ ਘਾਟ ਦਾ ਦਿੱਤਾ ਹਵਾਲਾ
ਪੰਜਾਬ ਸਰਕਾਰ ਦੀ ਤਰਫੋਂ ਲੋਕਾਂ ਨੂੰ ਇਹ ਸਫਰ ਏਸੀ ਗੱਡੀਆਂ ‘ਚ ਕਰਵਾਇਆ ਜਾ ਰਿਹਾ ਹੈ, ਜਦਕਿ ਰੇਲਵੇ ਦਾ ਤਰਕ ਹੈ ਕਿ ਉਨ੍ਹਾਂ ਕੋਲ ਜਨਰੇਟਰ ਕਾਰਾਂ ਦੀ ਘਾਟ ਹੈ। ਦੂਜੇ ਪਾਸੇ ਸੂਬਾ ਸਰਕਾਰ ਦਾ ਤਰਕ ਹੈ ਕਿ ਸਫ਼ਰ ਲਈ ਰੇਲਵੇ ਨਾਲ ਐਮਓਯੂ ਸਾਈਨ ਕੀਤਾ ਗਿਆ ਹੈ, ਜਦਕਿ ਸਫ਼ਰ ਨਾਲ ਸਬੰਧਤ ਰਕਮ ਵੀ ਪਹਿਲਾਂ ਹੀ ਦਿੱਤੀ ਜਾ ਰਹੀ ਹੈ। ਇਸ ਦੇ ਬਾਵਜੂਦ ਇਸ ਤਰ੍ਹਾਂ ਦੀ ਸਮੱਸਿਆ ਅਜੇ ਵੀ ਬਣੀ ਹੋਈ ਹੈ। ਹਾਲਾਂਕਿ ਸਰਕਾਰ ਨੇ ਤੀਰਥ ਯਾਤਰਾ ਨੂੰ ਲੈ ਕੇ ਯੋਜਨਾਵਾਂ ਬਣਾਈਆਂ ਹਨ। ਕੋਸ਼ਿਸ਼ ਇਹੀ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਨੂੰ ਹਰ ਕੀਮਤ ‘ਤੇ ਪੂਰਾ ਕਰ ਲਿਆ ਜਾਵੇ।
ਆਪ ਨੇ ਕੇਂਦਰ ਤੇ ਲਾਇਆ ਵਿਤਕਰਾ ਕਰਨ ਦਾ ਆਰੋਪ
ਰੇਲਵੇ ਵੱਲੋਂ ਦਿੱਤੇ ਜਵਾਬ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਕੇਂਦਰ ‘ਤੇ ਨਿਸ਼ਾਨਾ ਸਾਧਿਆ ਹੈ। ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਕੰਗ ਨੇ ਕਿਹਾ ਕਿ ਕੇਂਦਰ ਦਾ ਪੰਜਾਬ ਵਿਰੋਧੀ ਰਵੱਈਆ ਇੱਕ ਵਾਰ ਫਿਰ ਸਾਹਮਣੇ ਆ ਗਿਆ ਹੈ। ਕੇਂਦਰ ਸਰਕਾਰ ਪੰਜਾਬ ਨਾਲ ਵੱਡਾ ਵਿਤਕਰਾ ਕਰ ਰਹੀ ਹੈ।
ਇਹ ਵੀ ਪੜ੍ਹੋ
AAP Punjab ਦੇ ਮੁੱਖ ਬੁਲਾਰੇ Malvinder Singh Kang ਜੀ ਦੀ ਅਹਿਮ Press Conference | Live https://t.co/BDs3Qp5SnH
— AAP Punjab (@AAPPunjab) December 14, 2023
ਹਰ ਹਫ਼ਤੇ ਜਾਣੀ ਸੀ ਸ਼ਰਧਾਲੂਆਂ ਨੂੰ ਲੈ ਕੇ ਰੇਲਗੱਡੀ
ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਲਈ 40 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਚਾਲੂ ਵਿੱਤੀ ਸਾਲ ਵਿੱਚ ਧਾਰਮਿਕ ਸਥਾਨਾਂ ਲਈ 13 ਰੇਲ ਗੱਡੀਆਂ ਭੇਜਣ ਦੀ ਯੋਜਨਾ ਹੈ। ਯੋਜਨਾ ਅਨੁਸਾਰ ਹਰ ਹਫ਼ਤੇ ਇੱਕ ਰੇਲਗੱਡੀ ਸ਼ਰਧਾਲੂਆਂ ਨੂੰ ਲੈ ਕੇ ਜਾਣੀ ਸੀ। ਹਰੇਕ ਰੇਲਗੱਡੀ ਵਿੱਚ ਇੱਕ ਹਜ਼ਾਰ ਸ਼ਰਧਾਲੂਆਂ ਨੂੰ ਲੈ ਕੇ ਜਾਣਾ ਸੀ।