ਕਾਂਗਰਸ ਹਾਈਕਮਾਨ ਦੇ ਸਖ਼ਤ ਰਵਈਏ ਤੋਂ ਬਾਅਦ ਬੈਕਫੁੱਟ ‘ਤੇ ਚੰਨੀ! ਨਾਰਾਜ਼ਗੀ ‘ਤੇ ਵੱਟੀ ਚੁੱਪੀ
Charanjit Channi : ਭੁਪੇਸ਼ ਬਘੇਲ 6 ਜੁਲਾਈ ਨੂੰ ਚੰਡੀਗੜ੍ਹ ਪਹੁੰਚੇ ਸਨ। ਉਹ 5 ਦਿਨਾਂ ਲਈ ਚੰਡੀਗੜ੍ਹ ਰੁਕਣਗੇ। ਹਾਈ ਕਮਾਂਡ ਨੇ ਉਨ੍ਹਾਂ ਨੂੰ ਪੰਜਾਬ ਕਾਂਗਰਸ ਅੰਦਰ ਮਤਭੇਦਾਂ ਨੂੰ ਸੁਲਝਾਉਣ ਲਈ ਭੇਜਿਆ ਹੈ। ਬਘੇਲ ਇਸ ਦੌਰਾਨ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰ ਸੀਨੀਅਰ ਆਗੂਆਂ ਨਾਲ ਮੁਲਾਕਾਤ ਕਰ ਚੁੱਕੇ ਹਨ। ਇਸ ਦੌਰਾਨ ਚਰਨਜੀਤ ਚੰਨੀ ਇਨ੍ਹਾਂ ਮੀਟਿੰਗਾਂ 'ਚ ਨਜ਼ਰ ਨਹੀਂ ਆ ਰਹੇ। ਦੂਜੇ ਪਾਸੇ, ਚੰਨੀ ਨੇ ਬੀਤੀ ਦਿਨੀਂ ਕੁਝ ਸੀਨੀਅਰ ਕਾਂਗਰਸੀ ਆਗੂਆਂ ਨਾਲ ਮੁਲਾਕਾਤ ਕੀਤੀ ਸੀ।
Charanjit Channi On Backfoot: ਪੰਜਾਬ ਕਾਂਗਰਸ ਦੇ ਅੰਦਰ ਬਾਗ਼ੀ ਰਵੱਈਆ ਦਿਖਾ ਰਹੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਚੰਨੀ ਹਾਈਕਮਾਨ ਦੇ ਸਖ਼ਤ ਰੁਖ਼ ਤੋਂ ਬਾਅਦ ਬੈਕਫੁੱਟ ਤੇ ਆ ਗਏ ਹਨ। ਸੂਬਾ ਪ੍ਰਧਾਨ ਰਾਜਾ ਵੜਿੰਗ ਖਿਲਾਫ ਮੋਰਚਾ ਖੋਲ੍ਹਣ ਤੋਂ ਬਾਅਦ ਬੁੱਧਵਾਰ ਨੂੰ, ਉਨ੍ਹਾਂ ਨੇ ਪਹਿਲੀ ਵਾਰ ਇੱਕ ਨਿਜੀ ਮੀਡੀਆ ਚੈਨਲ ਨਾਲ ਗੱਲਬਾਤ ਕੀਤੀ। ਕਾਂਗਰਸ ਦੇ ਅੰਦਰ ਆਪਣੀ ਨਾਰਾਜ਼ਗੀ ਬਾਰੇ ਪੁੱਛੇ ਜਾਣ ‘ਤੇ ਚੰਨੀ ਨੇ ਕਿਹਾ, “ਮੇਰਾ ਉਦੇਸ਼ ਕਾਂਗਰਸ ਨੂੰ ਅੱਗੇ ਵਧਾਉਣਾ ਹੈ। ਮੈਂ ਬਾਕੀ ਮਾਮਲੇ ‘ਤੇ ਕੋਈ ਟਿੱਪਣੀ ਨਹੀਂ ਕਰਾਂਗਾ।” ਚੰਨੀ ਨੇ ਅੱਗੇ ਕਿਹਾ, “ਰਾਹੁਲ ਗਾਂਧੀ ਮੇਰੇ ਲੀਡਰ ਹਨ ਅਤੇ ਰਹਿਣਗੇ। ਸਾਰੇ ਮੁੱਦੇ ਜਲਦੀ ਹੀ ਹੱਲ ਹੋ ਜਾਣਗੇ। ਅਸੀਂ ਪਾਰਟੀ ਦੀ ਰਣਨੀਤੀ ਅਨੁਸਾਰ ਹੀ ਅੱਗੇ ਵਧਾਂਗੇ।”
ਇਸ ਤੋਂ ਪਹਿਲਾਂ, ਪੰਜ ਦਿਨਾਂ ਦੇ ਪੰਜਾਬ ਦੌਰੇ ‘ਤੇ ਆਏ ਏਆਈਸੀਸੀ ਇੰਚਾਰਜ ਭੁਪੇਸ਼ ਬਘੇਲ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ ਪ੍ਰਧਾਨ ਬਦਲਣਾ ਗੁੱਡੇ-ਗੁੱਡੀ ਦੀ ਖੇਡ ਨਹੀਂ ਹੈ। ਹਾਈਕਮਾਨ ਆਪਣਾ ਫੈਸਲਾ ਨਹੀਂ ਬਦਲੇਗੀ। ਰਾਜਾ ਵੜਿੰਗ ਨੂੰ 23 ਜ਼ਿਲ੍ਹਾ ਪ੍ਰਧਾਨਾਂ ਦਾ ਸਮਰਥਨ ਪ੍ਰਾਪਤ ਹੈ। ਜ਼ਿਲ੍ਹਾ ਪ੍ਰਧਾਨ ਪਹਿਲਾਂ ਹੀ ਮੀਟਿੰਗ ਵਿੱਚ ਆਪਣੀ ਸਹਿਮਤੀ ਦੇ ਚੁੱਕੇ ਹਨ।
ਬਘੇਲ ਦੇ ਸਖ਼ਤ ਰਵਈਏ ਦੇ ਪਿੱਛੇ ਦੀ ਵਜ੍ਹਾ
ਬਘੇਲ ਦਾ ਇਸ ਸਖ਼ਤ ਰਵਈਏ ਦੇ ਪਿੱਛੇ ਚੰਨੀ ਧੜੇ ਵੱਲੋਂ ਲਗਾਏ ਗਏ ਉਸ ਆਰੋਪ ਨੂੰ ਮੰਨਿਆ ਜਾ ਰਿਹਾ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਬਘੇਲ ਨੇ ਹਾਈਕਮਾਨ ਨੂੰ ਗੁੰਮਰਾਹ ਕੀਤਾ ਅਤੇ ਗਲਤ ਰਿਪੋਰਟ ਦਿੱਤੀ। “ਅਸੀਂ ਰਾਜਾ ਵੜਿੰਗ ਦੀ ਅਗਵਾਈ ਹੇਠ 2027 ਦੀਆਂ ਚੋਣਾਂ ਨਹੀਂ ਜਿੱਤ ਸਕਦੇ।”
ਬਾਜਵਾ ਬੋਲੇ, “ਅਪੀਲ ਰਿਜੈਕਟ ਹੋ ਗਈ ਤਾਂ ਮੁੜ ਤੋਂ ਗੱਲ ਕਰ ਸਕਦੇ ਹਨ”
ਇਸ ਦੌਰਾਨ, ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ 2022 ਦੀਆਂ ਚੋਣਾਂ ਵਿੱਚ, ਆਮ ਆਦਮੀ ਪਾਰਟੀ ਦੇ 22 ਵਿੱਚੋਂ 10 ਵਿਧਾਇਕ ਟੁੱਟ ਗਏ, ਫਿਰ ਵੀ ਉਨ੍ਹਾਂ ਨੇ 92 ਸੀਟਾਂ ਜਿੱਤੀਆਂ। ਜੇਕਰ ਸੀਨੀਅਰ ਆਗੂ ਪਿੱਛੇ ਰਹਿ ਜਾਂਦੇ ਹਨ, ਤਾਂ ਨਵੇਂ ਮੈਂਬਰ ਆਉਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੇ ਜੋ ਮਨ ਬਣਾ ਲਿਆ ਹੈ, ਉਸਦੇ ਨਾਲ ਹੀ ਰਹਿਣਗੇ। ਚੰਨੀ ਧੜੇ ਦਾ ਨਾਮ ਲਏ ਬਿਨਾਂ, ਉਨ੍ਹਾਂ ਕਿਹਾ, ” ਅੱਠ ਤੋਂ ਦਸ ਦਿਨ ਦੇਖ ਲਓ। ਜੇਕਰ ਉਨ੍ਹਾਂ ਦੀ ਅਪੀਲ ਰਿਜੈਕਟ ਹੋ ਗਈ ਤਾਂ ਉਹ ਮੁੜ ਤੋਂ ਗੱਲ ਕਰ ਸਕਦੇ ਹਨ।”
ਫੋਟੋ ਸੈਸ਼ਨ ਰਾਹੀਂ ਤਾਕਤ ਦਿਖਾਉਣ ਦਾ ਸਮਾਂ ਨਹੀਂ -ਪ੍ਰਗਟ ਸਿੰਘ
ਇਸ ਦੌਰਾਨ, ਜਲੰਧਰ ਛਾਉਣੀ ਦੇ ਵਿਧਾਇਕ ਪ੍ਰਗਟ ਸਿੰਘ ਦਾ ਕਹਿਣਾ ਹੈ, “ਹੁਣ ਪੰਜਾਬ ਵਿੱਚ ਐਕਸਪੈਰੀਮੈਂਟ ਕਰਨ ਦਾ ਸਮਾਂ ਨਹੀਂ ਹੈ। ਪੰਜਾਬ ਦੀ ਲੜਾਈ ਬਹੁਤ ਵੱਡੀ ਹੈ, ਅਤੇ ਚੋਣਾਂ ਬਹੁਤ ਨੇੜੇ ਹਨ। ਇਹ ਫੋਟੋ ਸੈਸ਼ਨ ਰਾਹੀਂ ਆਪਣੀ ਤਾਕਤ ਦਿਖਾਉਣ ਦਾ ਸਮਾਂ ਨਹੀਂ ਹੈ। ਸਾਨੂੰ ਆਪਣੀਆਂ ਛੋਟੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੀਦਾ ਹੈ। ਫੋਟੋ ਸੈਸ਼ਨ ਰਾਹੀਂ ਨੈਰੇਟਿਵ ਸੈੱਟ ਕੀਤੇ ਜਾ ਰਹੇ ਹਨ।”
ਇਹ ਵੀ ਪੜ੍ਹੋ
ਦੱਸ ਦੇਈਏ ਕਿ ਚਰਨਜੀਤ ਚੰਨੀ ਧੜਾ ਪੰਜਾਬ ਪ੍ਰਧਾਨ ਅਹੁਦੇ ‘ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਰਕਰਾਰ ਰੱਖਣ ਦੇ ਹਾਈਕਮਾਂਡ ਦੇ ਫੈਸਲੇ ਤੋਂ ਖੁਸ਼ ਨਹੀਂ ਹੈ। ਚੰਨੀ ਧੜੇ ਦਾ ਕਹਿਣਾ ਸੀ ਕਿ ਉਹ ਪਾਰਟੀ ਹਾਈ ਕਮਾਂਡ ਨੂੰ ਮਿਲ ਕੇ ਫੈਸਲੇ ‘ਤੇ ਪੁਨਰ ਵਿਚਾਰ ਕਰਨ ਦੀ ਅਪੀਲ ਕਰੇਗਾ। ਪਰ, ਇਸ ਵਿਚਕਾਰ ਬਘੇਲ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਿਸੇ ਵੀ ਫੈਸਲੇ ‘ਤੇ ਪੁਨਰ ਵਿਚਾਰ ਨਹੀਂ ਹੋਵੇਗਾ। ਹੁਣ, ਇਸ ਬਿਆਨ ਤੋਂ ਬਾਅਦ ਚਰਨਜੀਤ ਚੰਨੀ ਦਾ ਅਗਲਾ ਕਦਮ ਕੀ ਹੋਵੇਗਾ, ਇਸ ‘ਤੇ ਸਭ ਦੀਆਂ ਨਜ਼ਰਾਂ ਹਨ।
