ਰਾਜਪਾਲ ਪੁਰੋਹਿਤ ਨੇ ਛੱਡਿਆ ਟਮਾਟਰ, ਕੀਮਤਾਂ ਘਟ ਹੋਣ ਤੱਕ ਰਾਜ ਭਵਨ ‘ਚ ਨਹੀਂ ਹੋਵੇਗਾ ਇਸਤੇਮਾਲ
Governor on Tomato Use: ਮਾਨਸੂਨ ਤੋਂ ਪਹਿਲਾਂ ਚੰਡੀਗੜ੍ਹ ਦੀ ਸਬਜ਼ੀ ਮੰਡੀ ਵਿੱਚੋਂ ਸ਼ੈੱਡ ਹਟਵਾਉਣ ਕਰਕੇ ਆੜ੍ਹਤੀਆਂ ਨੇ ਟਮਾਟਰਾਂ ਦੀ ਸਪਲਾਈ ਘੱਟ ਕਰ ਦਿੱਤੀ ਸੀ। ਜਿਸਤੋਂ ਬਾਅਦ ਚੰਡੀਗੜ੍ਹ ਵਿੱਚ ਟਮਾਟਰ ਦੀ ਕੀਮਤ 300 ਰੁਪਏ ਕਿਲੋ ਤੱਕ ਪਹੁੰਚ ਗਈ ਸੀ।
ਟਮਾਟਰਾਂ ਦੀ ਵਧਦੀ ਕੀਮਤ ਨੇ ਆਮ ਤੋਂ ਲੈ ਕੇ ਖਾਸ ਤੱਕ ਹਰ ਕਿਸੇ ਦੀ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ। ਬੀਤੇ ਲੰਬੇ ਵੇਲ੍ਹੇ ਤੋਂ ਹੀ ਟਮਾਟਰ ਲੋਕਾਂ ਦੀ ਪਹੁੰਚ ਤੋਂ ਦੂਰ ਬਣਿਆ ਹੋਇਆ ਹੈ। ਲਗਾਤਾਰ ਮਹਿੰਗੇ ਹੁੰਦੇ ਜਾ ਰਹੇ ਟਮਾਟਰ ਨੂੰ ਲੈ ਕੇ ਹੁਣ ਚੰਡੀਗਡ਼੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ (Banwari Lal Purohit) ਨੇ ਇੱਕ ਅਹਿਮ ਫੈਸਲਾ ਲਿਆ ਹੈ। ਉਨ੍ਹਾਂ ਨੇ ਰਾਜਭਵਨ ਦੇ ਮੁਲਾਜ਼ਮਾਂ ਨੂੰ ਹੁਕਮ ਦਿੱਤੇ ਹਨ ਕਿ ਜਦੋਂ ਤੱਕ ਇਸ ਦੀਆਂ ਕੀਮਤਾਂ ਆਮ ਆਦਮੀ ਦੀ ਪਹੁੰਚ ਵਿੱਚ ਨਹੀਂ ਆ ਜਾਂਦੀਆਂ, ਉਦੋਂ ਤੱਕ ਰਾਜਭਵਨ ਵਿੱਚ ਵੀ ਇਸਦਾ ਇਸਤੇਮਾਲ ਨਾ ਕੀਤਾ ਜਾਵੇ।
ਰਾਜਪਾਲ ਨੇ ਕਿਹਾ ਹੈ ਕਿ ਖਾਣ-ਪੀਣ ਦੀਆਂ ਚੀਜਾਂ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਤੋਂ ਅੱਜ ਹਰ ਕੋਈ ਚਿੰਤਤ ਹੈ। ਅਜਿਹੇ ਵਿੱਚ ਲੋਕਾਂ ਨੂੰ ਚਾਹੀਦਾ ਹੈ ਕਿ ਫਿਲਹਾਲ ਜੋ ਵੀ ਚੀਜਾਂ ਬਾਜਾਰ ਵਿੱਚ ਉਪੱਲਬਧ ਹਨ, ਉਨ੍ਹਾਂ ਦੀ ਬੜੀ ਹੀ ਸੋਚ-ਸਮਝ ਕੇ ਵਰਤੋਂ ਕੀਤੀ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਲੋਕਾਂ ਨੂੰ ਕੋਈ ਚੀਜ਼ ਆਸਾਨੀ ਨਾਲ ਮੁਹੱਈਆ ਨਹੀਂ ਹੋ ਪਾ ਰਹੀ ਹੈ ਤਾਂ ਉਹ ਵੀ ਉਸ ਚੀਜ ਨੂੰ ਉਦੋਂ ਤੱਕ ਇਸਤੇਮਾਲ ਨਹੀਂ ਕਰਨਗੇ, ਜਦੋਂ ਤੱਕ ਕਿ ਇਹ ਲੋਕਾਂ ਦੀ ਪਹੁੰਚ ਵਿੱਚ ਨਾ ਆ ਜਾਵੇ।
ਲੋਕਾਂ ਨੂੰ ਸਬਰ ਨਾਲ ਕੰਮ ਲੈਣ ਦੀ ਅਪੀਲ
ਰਾਜਪਾਲ ਨੇ ਖਾਣ ਵਾਲੀਆਂ ਵਸਤੂਆਂ ਦੀਆਂ ਵਧਦੀਆਂ ਕੀਮਤਾਂ ਕਰਕੇ ਪਰੇਸ਼ਾਨ ਪੰਜਾਬ ਦੇ ਲੋਕਾਂ ਨੂੰ ਸ਼ਾਂਤੀ ਅਤੇ ਸਬਰ ਨਾਲ ਕੰਮ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਚੁਣੌਤੀ ਕੁਝ ਹੀ ਦਿਨਾਂ ਲਈ ਹੀ ਹੈ, ਉਦੋਂ ਤੱਕ ਨਾਲ ਇਕਮੁੱਠਤਾ ਦਿਖਾਉਂਦੇ ਹੋਏ ਘਰਾਂ ਵਿੱਚ ਟਮਾਟਰਾਂ ਦੀ ਖਪਤ ਨੂੰ ਅਸਥਾਈ ਤੌਰ ‘ਤੇ ਬੰਦ ਜਾਂ ਘੱਟ ਕੀਤਾ ਜਾਵੇ। ਨਾਲ ਹੀ ਉਨ੍ਹਾਂ ਨੇ ਟਮਾਟਰਾਂ ਦੇ ਬਦਲ ਦੇ ਵੀ ਇਸਤੇਮਾਲ ਕਰਨ ਦੀ ਸਲਾਹ ਦਿੱਤੀ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਹਫਤਿਆਂ ਤੋਂ ਪੰਜਾਬ ਖਾਸਕਰ ਚੰਡੀਗੜ੍ਹ ਵਿੱਚ ਟਮਾਟਰਾਂ ਦੀ ਕੀਮਤ ‘ਚ ਬੇਮਿਸਾਲ ਵਾਧਾ ਹੋਇਆ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ