ਰਾਜਪਾਲ ਪੁਰੋਹਿਤ ਨੇ ਮੁੱੜ ਲਿਖੀ ਸੀਐਮ ਨੂੰ ਚਿੱਠੀ, ‘ਆਪ’ ਵਿਧਾਇਕ ਦੀ ਰੀਅਲ ਅਸਟੇਟ ਕੰਪਨੀ ਨੂੰ ਲੈ ਕੇ ਮੰਗੀ ਰਿਪੋਰਟ

Published: 

27 Oct 2023 16:26 PM

Governor Purohit Vs CM Mann: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਬੀਤੇ ਕਈ ਦਿਨਾਂ ਤੋਂ ਲਗਾਤਾਰ ਤਣਾਅ ਵਧਦਾ ਜਾ ਰਿਹਾ ਹੈ। ਹਾਲ ਹੀ 'ਚ ਐੱਸਵਾਈਐੱਲ ਮੁੱਦੇ 'ਤੇ ਬੁਲਾਏ ਗਏ ਵਿਸ਼ੇਸ਼ ਸੈਸ਼ਨ 'ਚ ਵੀ ਦੋਵਾਂ ਵਿਚਾਲੇ ਤਣਾਅ ਕਾਰਨ ਪੰਜਾਬ 'ਚ ਬਣੇ ਮਾਹੌਲ 'ਤੇ ਚਰਚਾ ਕੀਤੀ ਗਈ ਸੀ। ਸਦਨ ਵਿੱਚ ਕੋਈ ਵੀ ਬਿੱਲ ਪਾਸ ਕੀਤੇ ਬਿਨਾਂ ਦੋ ਦਿਨ ਦਾ ਸੈਸ਼ਨ ਇੱਕ ਦਿਨ ਵਿੱਚ ਹੀ ਖ਼ਤਮ ਕਰ ਦਿੱਤਾ ਗਿਆ ਸੀ।

ਰਾਜਪਾਲ ਪੁਰੋਹਿਤ ਨੇ ਮੁੱੜ ਲਿਖੀ ਸੀਐਮ ਨੂੰ ਚਿੱਠੀ, ਆਪ ਵਿਧਾਇਕ ਦੀ ਰੀਅਲ ਅਸਟੇਟ ਕੰਪਨੀ ਨੂੰ ਲੈ ਕੇ ਮੰਗੀ ਰਿਪੋਰਟ
Follow Us On

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇੱਕ ਵਾਰ ਫਿਰ ਮਾਨ ਸਰਕਾਰ ‘ਤੇ ਹਮਲਾ ਬੋਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੇ ਇੱਕ ਹੋਰ ਪੱਤਰ ‘ਚ ਰਾਜਪਾਲ ਨੇ ਮੋਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਦੀ ਮਾਲਕੀ ਵਾਲੀ ਰੀਅਲ ਅਸਟੇਟ ਕੰਪਨੀ ‘ਤੇ ਸਵਾਲ ਚੁੱਕੇ ਹਨ। ਰਾਜਪਾਲ ਨੇ ਸਪੱਸ਼ਟ ਕੀਤਾ ਹੈ ਕਿ ਇਹ ਸ਼ਿਕਾਇਤ ਕੇਂਦਰੀ ਵਾਤਾਵਰਣ ਮੰਤਰਾਲੇ ਤੋਂ ਉਨ੍ਹਾਂ ਕੋਲ ਪਹੁੰਚੀ ਹੈ।

ਮੁੱਖ ਮੰਤਰੀ ਨੂੰ ਭੇਜੀ ਗਈ ਰਾਜਪਾਲ ਦੀ ਇਹ ਸ਼ਿਕਾਇਤ ਦੋ ਪ੍ਰਾਜੈਕਟਾਂ ਸਬੰਧੀ ਹੈ, ਜੋ ਮੁਹਾਲੀ ਦੇ ਵਿਧਾਇਕ ਦੀ ਕੰਪਨੀ ਵੱਲੋਂ ਬਣਾਏ ਜਾ ਰਹੇ ਹਨ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਸਿਵਲ ਅਥਾਰਟੀ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਰਾਜ ਪੱਧਰੀ ਵਾਤਾਵਰਣ ਪ੍ਰਭਾਵ ਮੁਲਾਂਕਣ ਅਥਾਰਟੀ (SEIAA) ਨੂੰ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕਿਹਾ ਜਾਵੇ। ਇਸ ਦੇ ਨਾਲ ਹੀ ਰਾਜਪਾਲ ਨੇ ਮੁੱਖ ਮੰਤਰੀ ਨੂੰ ਇਸ ਸ਼ਿਕਾਇਤ ‘ਤੇ ਐਕਸ਼ਨ ਰਿਪੋਰਟ ਵੀ ਭੇਜਣ ਲਈ ਵੀ ਕਿਹਾ ਹੈ।

ਦੋ ਪ੍ਰਾਜੈਕਟਾਂ ਵਿੱਚ ਨਿਯਮਾਂ ਦੀ ਉਲੰਘਣਾ ਦੇ ਆਰੋਪ

ਸ਼ਿਕਾਇਤ ਵਿੱਚ ਦੋ ਪ੍ਰੋਜੈਕਟਾਂ ਦਾ ਜ਼ਿਕਰ ਕੀਤਾ ਗਿਆ ਹੈ, ਜੋ ਜਨਤਾ ਲੈਂਡ ਪ੍ਰਮੋਟਰਜ਼ ਲਿਮਟਿਡ (ਜੇਐਲਪੀਐਲ) ਦੁਆਰਾ ਬਣਾਏ ਜਾ ਰਹੇ ਹਨ। ਰਾਜਪਾਲ ਨੂੰ ਦਿੱਤੀ ਸ਼ਿਕਾਇਤ ਵਿੱਚ ਇਨ੍ਹਾਂ ਦੋਵਾਂ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਗਿਆ ਹੈ ਕਿ ਜਨਤਾ ਲੈਂਡ ਪ੍ਰਮੋਟਰਜ਼ ਲਿਮਟਿਡ ਦੇ ਪ੍ਰਾਜੈਕਟ ਸੁਪਰ ਮੈਗਾ ਮਿਕਸਡ ਯੂਜ਼ ਇੰਟੈਗਰੇਟਿਡ ਇੰਡਸਟਰੀਅਲ ਪਾਰਕ ਮੁਹਾਲੀ ਦੇ ਸੈਕਟਰ 82-83 ਅਤੇ ਸੈਕਟਰ-66 ਵਿੱਚ ਗਲੈਕਸੀ ਹਾਈਟਸ ਦੀ ਉਸਾਰੀ ਵਿੱਚ ਵਾਤਾਵਰਨ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਇਸ ਸਬੰਧੀ ਉਨ੍ਹਾਂ ਨੂੰ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਸੂਚਿਤ ਕੀਤਾ ਹੈ।

ਇਹ ਦੋਵੇਂ ਪ੍ਰੋਜੈਕਟ ਸੁਖਨਾ ਵਾਈਲਡਲਾਈਫ ਸੈਂਚੂਰੀ ਤੋਂ 13.06 ਕਿਲੋਮੀਟਰ ਅਤੇ ਸਿਟੀ ਬਰਡ ਸੈਂਚੂਰੀ ਦੀ ਸੀਮਾ ਤੋਂ 8.40 ਕਿਲੋਮੀਟਰ ਦੀ ਦੂਰੀ ‘ਤੇ ਹਨ। ਗੋਆ ਫਾਊਂਡੇਸ਼ਨ ਬਨਾਮ ਭਾਰਤ ਸਰਕਾਰ ਅਤੇ ਹੋਰ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ 4 ਦਸੰਬਰ, 2006 ਨੂੰ ਦਿੱਤੇ ਹੁਕਮਾਂ ਅਨੁਸਾਰ ਅਤੇ ਕੇਂਦਰੀ ਮੰਤਰਾਲੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ ਪ੍ਰੋਜੈਕਟ ਲਈ ਵਾਤਾਵਰਨ ਮੰਤਰਾਲੇ ਦੀ ਪ੍ਰਵਾਨਗੀ ਜ਼ਰੂਰੀ ਹੈ।

ਵਿਧਾਇਕ ਦਾ ਦਾਅਵਾ – ਨਿਯਮਾਂ ਅਨੁਸਾਰ ਬਣੇ ਪ੍ਰੋਜੈਕਟ

ਆਪ ਵਿਧਾਇਕ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ਅਤੇ ਰਾਜਪਾਲ ਵੱਲੋਂ ਜਾਰੀ ਪੱਤਰ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਦੇ ਸਾਰੇ ਪ੍ਰੋਜੈਕਟ ਨਿਯਮਾਂ ਅਨੁਸਾਰ ਬਣਾਏ ਗਏ ਹਨ। ਸਰਕਾਰ ਵੱਲੋਂ ਜੋ ਵੀ ਦਸਤਾਵੇਜ਼ ਮੰਗੇ ਜਾਣਗੇ, ਉਹ ਮੁਹੱਈਆ ਕਰਵਾਏ ਜਾਣਗੇ।