ਮੁੱਖ ਮੰਤਰੀ ਨੇ ਸਕੂਲ ਆਫ਼ ਐਮੀਨੈਂਸ ‘ਚ ਪੜ੍ਹਦੇ ਵਿਦਿਆਰਥੀਆਂ ਨਾਲ ਕੀਤੀ ਗੱਲਬਾਤ, ਸੁਨਹਿਰੀ ਭਵਿੱਖ ਦਾ ਦੁਆਇਆ ਭਰੋਸਾ

Updated On: 

31 May 2023 15:51 PM

ਵਿਦਿਆਰਥੀਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਲਈ ਵਧਾਈ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਹ ਇਨ੍ਹਾਂ ਛੁੱਟੀਆਂ ਦੀ ਵਰਤੋਂ ਆਪਣੇ ਸਿੱਖਿਆ ਦੇ ਹੁਨਰ ਨੂੰ ਹੋਰ ਤਰਾਸ਼ਣ ਲਈ ਕਰਨ।

ਮੁੱਖ ਮੰਤਰੀ ਨੇ ਸਕੂਲ ਆਫ਼ ਐਮੀਨੈਂਸ ਚ ਪੜ੍ਹਦੇ ਵਿਦਿਆਰਥੀਆਂ ਨਾਲ ਕੀਤੀ ਗੱਲਬਾਤ, ਸੁਨਹਿਰੀ ਭਵਿੱਖ ਦਾ ਦੁਆਇਆ ਭਰੋਸਾ
Follow Us On

ਚੰਡੀਗੜ੍ਹ ਨਿਊਜ: ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਨੇ ਬੁੱਧਵਾਰ ਨੂੰ ਸੂਬੇ ਭਰ ਦੇ ਸਕੂਲ ਆਫ਼ ਐਮੀਨੈਂਸ (School of Eminance) ਵਿੱਚ ਨੌਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਸਥਾਪਤ ਕੀਤੇ ਸਕੂਲ ਆਫ਼ ਐਮੀਨੈਂਸ ਵਿਦਿਆਰਥੀਆਂ ਦਾ ਭਵਿੱਖ ਸੁਨਿਹਰੀ ਬਣਾਉਣ ਲਈ ਮੋਢੀ ਦੀ ਭੂਮਿਕਾ ਨਿਭਾਉਣਗੇ।

ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਕੂਲ ਇਕ ਨਵਾਂ ਤਜਰਬਾ ਹਨ, ਜਿਸ ਦਾ ਉਦੇਸ਼ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਵੱਖ-ਵੱਖ ਖੇਤਰਾਂ ਵਿੱਚ ਵਿਦਿਆਰਥੀਆਂ ਨੂੰ ਨਿਪੁੰਨ ਬਣਨ ਲਈ ਸਿੱਖਣ ਦਾ ਵਧੀਆ ਤਜਰਬਾ ਮਿਲੇਗਾ। ਭਗਵੰਤ ਮਾਨ ਨੇ ਕਿਹਾ ਕਿ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇਹ ਸਕੂਲ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰ ਰਹੇ ਹਨ।

ਸਿੱਖਿਆ ਖੇਤਰ ਨੂੰ ਮਜ਼ਬੂਤ ਕਰਨ ਲਈ ਪੁਰਜ਼ੋਰ ਕੋਸ਼ਿਸ਼ਾਂ

ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਪੰਜਾਬ ਵਿੱਚ ਸਿੱਖਿਆ ਖੇਤਰ ਨੂੰ ਮਜ਼ਬੂਤ ਕਰਨ ਲਈ ਪੁਰਜ਼ੋਰ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਸੂਬੇ ਦੇ 23 ਜ਼ਿਲ੍ਹਿਆਂ ਵਿੱਚ 117 ਸਕੂਲ ਆਫ਼ ਐਮੀਨੈਂਸ ਸਥਾਪਤ ਕੀਤੇ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਸਕੂਲਾਂ ਦਾ ਧਿਆਨ ਵਿਦਿਆਰਥੀਆਂ ਨੂੰ ਇੰਜਨੀਅਰਿੰਗ, ਲਾਅ, ਕਾਮਰਸ, ਯੂ.ਪੀ.ਐਸ.ਸੀ. ਅਤੇ ਐਨ.ਡੀ.ਏ. ਸਣੇ ਪੰਜ ਪੇਸ਼ੇਵਰ ਤੇ ਮੁਕਾਬਲੇ ਵਾਲੇ ਕੋਰਸਾਂ ਲਈ ਤਿਆਰ ਕਰਨ ਉਤੇ ਕੇਂਦਰਤ ਹੈ।

ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਇਹ ਸਕੂਲ ਮਿਆਰੀ ਸਿੱਖਿਆ ਦੇਣ ਵਿੱਚ ਨਵਾਂ ਮੀਲ ਪੱਥਰ ਸਾਬਤ ਹੋਣਗੇ ਅਤੇ ਇਨ੍ਹਾਂ ਸਕੂਲਾਂ ਦੇ ਨਤੀਜੇ ਸਕੂਲ ਸਿੱਖਿਆ ਵਿੱਚ ਨਵੇਂ ਯੁੱਗ ਦਾ ਆਗਾਜ਼ ਕਰਨਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਭਰ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਸਕੂਲ ਆਫ਼ ਐਮੀਨੈਂਸ ਦੇ ਅਧਿਆਪਕਾਂ ਦਾ ਸਨਮਾਨ ਕਰੇਗੀ। ਭਗਵੰਤ ਮਾਨ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਕੌਮਾਂਤਰੀ ਪੱਧਰ ਉਤੇ ਵੱਖ-ਵੱਖ ਖੇਤਰਾਂ ਵਿੱਚ ਆਪਣਾ ਮੁਕਾਮ ਬਣਾਉਣ ਲਈ ਉਹ ਸਖ਼ਤ ਮਿਹਨਤ ਕਰਨ।

ਸਕੂਲਾਂ ਬਾਰੇ ਪੁੱਛੇ ਵਿਦਿਆਰਥੀਆਂ ਦੇ ਤਜਰਬੇ

ਇਸ ਵਰਚੂਅਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਵਿਦਿਆਰਥੀਆਂ ਤੋਂ ਇਨ੍ਹਾਂ ਸਕੂਲਾਂ ਬਾਰੇ ਉਨ੍ਹਾਂ ਦੇ ਤਜਰਬੇ ਪੁੱਛੇ। ਭਗਵੰਤ ਮਾਨ ਨੇ ਇਹ ਵੀ ਆਖਿਆ ਕਿ ਉਹ ਵਿਦਿਆਰਥੀਆਂ ਨੂੰ ਮਿਲ ਰਹੀ ਸਿੱਖਿਆ ਬਾਰੇ ਉਨ੍ਹਾਂ ਦੇ ਪ੍ਰਤੀਕਰਮ ਲੈਣ ਲਈ ਬਾਕਾਇਦਾ ਅਜਿਹੀਆਂ ਮੀਟਿੰਗਾਂ ਕਰਨਗੇ। ਉਨ੍ਹਾਂ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਡਰ ਤੋਂ ਖੁੱਲ੍ਹ ਕੇ ਆਪਣੇ ਵਿਚਾਰ ਰੱਖਣ ਲਈ ਆਖਿਆ ਅਤੇ ਕਿਹਾ ਕਿ ਜੇ ਵਿਦਿਆਰਥੀਆਂ ਨੂੰ ਕੋਈ ਸ਼ਿਕਾਇਤ ਜਾਂ ਘਾਟ ਰੜਕਦੀ ਹੈ ਤਾਂ ਉਹ ਵੀ ਦੱਸ ਸਕਦੇ ਹਨ।

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਇਨ੍ਹਾਂ ਵਿਦਿਆਰਥੀਆਂ ਲਈ ਪੰਜਾਬ ਭਰ ਦੀਆਂ ਅਹਿਮ ਥਾਵਾਂ ਦੇ ਸਟੱਡੀ ਟੂਰਾਂ ਦਾ ਵੀ ਪ੍ਰਬੰਧ ਕਰੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਬਾਰੇ ਜਾਣਨ ਦਾ ਮੌਕਾ ਮਿਲੇਗਾ। ਇਸ ਤੋਂ ਇਲਾਵਾ ਉਹ ਸੂਬੇ ਵੱਲੋਂ ਵੱਖ-ਵੱਖ ਖ਼ੇਤਰਾਂ ਵਿੱਚ ਕੀਤੀ ਤਰੱਕੀ ਤੋਂ ਵੀ ਜਾਣੂੰ ਹੋਣਗੇ, ਜਿਸ ਨਾਲ ਵਿਦਿਆਰਥੀਆਂ ਦੀ ਸ਼ਖ਼ਸੀਅਤ ਦਾ ਵਿਕਾਸ ਕਰਨ ਵਿੱਚ ਮਦਦ ਮਿਲੇਗੀ।

Exit mobile version