ਤਾਜ ਹੋਟਲ ਕਾਰੋਬਾਰੀ ਮੌਤ ਮਾਮਲਾ: ਕਮਰੇ ‘ਚ ਮੌਜੂਦ ਸੀ ਕੁੜੀ, ਪੋਸਟਮਾਰਟਮ ਮਗਰੋਂ ਪਰਿਵਾਰ ਨੂੰ ਸੌਂਪੀ ਲਾਸ਼

Updated On: 

22 Oct 2026 17:52 PM IST

ਚੰਡੀਗੜ੍ਹ ਦੇ ਸੈਕਟਰ-17 ਸਥਿਤ ਤਾਜ ਹੋਟਲ ਵਿੱਚ ਛੱਤੀਸਗੜ੍ਹ ਦੇ ਕਾਰੋਬਾਰੀ ਦੀਪਕ ਮਿੱਤਲ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਪੁਲਿਸ ਅਨੁਸਾਰ ਮੁੱਢਲੀ ਜਾਂਚ 'ਚ ਜ਼ਿਆਦਾ ਸ਼ਰਾਬ ਪੀਣਾ ਮੌਤ ਦਾ ਕਾਰਨ ਜਾਪਦਾ ਹੈ, ਪਰ ਅਸਲ ਵਜ੍ਹਾ ਵਿਸਰਾ ਰਿਪੋਰਟ ਤੋਂ ਸਾਫ਼ ਹੋਵੇਗੀ। ਕਮਰੇ ਵਿੱਚ ਮੌਜੂਦ ਮੁਟਿਆਰ ਕੋਲੋਂ ਪੁਲਿਸ ਵੱਲੋਂ ਪੁੱਛਗਿੱਛ ਜਾਰੀ ਹੈ।

ਤਾਜ ਹੋਟਲ ਕਾਰੋਬਾਰੀ ਮੌਤ ਮਾਮਲਾ: ਕਮਰੇ ਚ ਮੌਜੂਦ ਸੀ ਕੁੜੀ, ਪੋਸਟਮਾਰਟਮ ਮਗਰੋਂ ਪਰਿਵਾਰ ਨੂੰ ਸੌਂਪੀ ਲਾਸ਼

ਚੰਡੀਗੜ੍ਹ ਦੇ ਸੈਕਟਰ-17 ਸਥਿਤ ਤਾਜ ਹੋਟਲ ਵਿੱਚ ਮ੍ਰਿਤਕ ਮਿਲੇ ਛੱਤੀਸਗੜ੍ਹ ਦੇ ਪ੍ਰਮੁੱਖ ਕਾਰੋਬਾਰੀ ਦੀਪਕ ਮਿੱਤਲ ਦੀ ਲਾਸ਼ ਦਾ ਬੁੱਧਵਾਰ ਦੇਰ ਸ਼ਾਮ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਮਾਮਲੇ ਸਬੰਧੀ ਥਾਣਾ ਸੈਕਟਰ-17 ਦੇ ਮੁੱਖ ਅਫ਼ਸਰ (ਐੱਸਐੱਚਓ) ਇੰਸਪੈਕਟਰ ਸੁਦੇਸ਼ ਕੁਮਾਰ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਜ਼ਿਆਦਾ ਸ਼ਰਾਬ ਪੀਣ ਕਾਰਨ ਮੌਤ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਹਾਲਾਂਕਿ, ਮੌਤ ਦੇ ਅਸਲ ਕਾਰਨਾਂ ਦੀ ਪੁਖ਼ਤਾ ਪੁਸ਼ਟੀ ਵਿਸਰਾ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਹੀ ਹੋਵੇਗੀ। ਪੁਲਿਸ ਨੇ ਵਿਸਰਾ ਜਾਂਚ ਲਈ ਲੈਬਾਰਟਰੀ ਭੇਜ ਦਿੱਤਾ ਹੈ।

ਜਾਂਚ ਦੌਰਾਨ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਮੰਗਲਵਾਰ ਰਾਤ ਜਿਸ ਮੁਟਿਆਰ ਤੋਂ ਪੁੱਛਗਿੱਛ ਕੀਤੀ ਗਈ ਸੀ, ਉਹ ਹੋਟਲ ਦੇ ਕਮਰੇ ਵਿੱਚ ਦੀਪਕ ਮਿੱਤਲ ਦੇ ਨਾਲ ਮੌਜੂਦ ਸੀ। ਪੁਲਿਸ ਵੱਲੋਂ ਉਕਤ ਮੁਟਿਆਰ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਘਟਨਾ ਨਾਲ ਜੁੜੇ ਹਰ ਪਹਿਲੂ ਦੀ ਤਹਿ ਤੱਕ ਪਹੁੰਚਿਆ ਜਾ ਸਕੇ।

ਸੋਨੇ ਦੀ ਚੇਨ ਤੇ ਕੜਾ ਗ਼ਾਇਬ ਹੋਣ ਦੇ ਆਰੋਪ

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਗੰਭੀਰ ਦੋਸ਼ ਲਗਾਏ ਹਨ ਕਿ ਦੀਪਕ ਮਿੱਤਲ ਦੇ ਗਲ਼ ਵਿੱਚ ਸੋਨੇ ਦੀ ਚੇਨ ਅਤੇ ਹੱਥ ਵਿੱਚ ਸੋਨੇ ਦਾ ਕੜਾ ਪਾਇਆ ਹੋਇਆ ਸੀ, ਜੋ ਕਿ ਹੁਣ ਗ਼ਾਇਬ ਹਨ। ਪਰਿਵਾਰ ਦੇ ਇਹਨਾਂ ਦੋਸ਼ਾਂ ਮਗਰੋਂ ਪੁਲਿਸ ਟੀਮ ਨੇ ਹੋਟਲ ਤਾਜ ਦੇ ਰਿਸੈਪਸ਼ਨ ਅਤੇ ਐਂਟਰੀ ਪੁਆਇੰਟ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਬਾਰੀਕੀ ਨਾਲ ਜਾਂਚ ਕੀਤੀ। ਪੁਲਿਸ ਅਧਿਕਾਰੀਆਂ ਅਨੁਸਾਰ, ਹੋਟਲ ਵਿੱਚ ਦਾਖ਼ਲ ਹੋਣ ਸਮੇਂ ਦੀ ਰਿਕਾਰਡਿੰਗ ਵਿੱਚ ਦੀਪਕ ਮਿੱਤਲ ਦੇ ਗਲੇ ਵਿੱਚ ਚੇਨ ਜਾਂ ਹੱਥ ਵਿੱਚ ਕੜਾ ਪਹਿਨਿਆ ਨਜ਼ਰ ਨਹੀਂ ਆ ਰਿਹਾ। ਫ਼ਿਲਹਾਲ ਪੁਲਿਸ ਇਸ ਸ਼ੱਕੀ ਪਹਿਲੂ ਦੀ ਵੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ।

ਸਵੇਰੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਵੇਖ ਵੇਟਰ ਨੇ ਦਿੱਤੀ ਸੂਚਨਾ

ਪ੍ਰਾਪਤ ਵੇਰਵਿਆਂ ਮੁਤਾਬਕ, ਬੁੱਧਵਾਰ ਸਵੇਰੇ ਕਰੀਬ 6 ਵਜੇ ਜਦੋਂ ਹੋਟਲ ਦਾ ਵੇਟਰ ਕਮਰੇ ਵੱਲ ਗਿਆ ਤਾਂ ਦਰਵਾਜ਼ਾ ਖੁੱਲ੍ਹਾ ਹੋਇਆ ਸੀ। ਅੰਦਰ ਜਾ ਕੇ ਦੇਖਿਆ ਤਾਂ ਦੀਪਕ ਮਿੱਤਲ ਬਿਸਤਰੇ ‘ਤੇ ਬੇਸੁੱਧ ਹਾਲਤ ਵਿੱਚ ਪਏ ਸਨ। ਵੇਟਰ ਨੇ ਉਨ੍ਹਾਂ ਨੂੰ ਹਿਲਾ-ਜੁਲਾ ਕੇ ਉਠਾਉਣ ਦਾ ਯਤਨ ਕੀਤਾ, ਪਰ ਸਰੀਰ ਵਿੱਚ ਕੋਈ ਹਿਲਜੁਲ ਨਹੀਂ ਹੋਈ। ਇਸ ਤੋਂ ਤੁਰੰਤ ਬਾਅਦ ਹੋਟਲ ਪ੍ਰਬੰਧਕਾਂ ਨੂੰ ਸੂਚਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਉਪਰੰਤ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸੈਕਟਰ-17 ਦੀ ਪੁਲਿਸ ਅਤੇ ਫੋਰੈਂਸਿਕ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸੈਕਟਰ-16 ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਸੀ, ਜਿੱਥੋਂ ਪੋਸਟਮਾਰਟਮ ਉਪਰੰਤ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।

ਦੋ ਦਿਨ ਪਹਿਲਾਂ ਆਏ ਸਨ ਚੰਡੀਗੜ੍ਹ: SHO

ਥਾਣਾ ਸੈਕਟਰ-17 ਦੇ ਐੱਸਐੱਚਓ ਸੁਦੇਸ਼ ਕੁਮਾਰ ਨੇ ਦੱਸਿਆ ਕਿ ਕਾਰੋਬਾਰੀ ਦੀਪਕ ਮਿੱਤਲ ਦੋ ਦਿਨ ਪਹਿਲਾਂ ਹੀ ਹੋਟਲ ਵਿੱਚ ਆਏ ਸਨ ਅਤੇ ਡਰਾਈਵਰ ਉਨ੍ਹਾਂ ਨੂੰ ਇੱਥੇ ਛੱਡ ਕੇ ਗਿਆ ਸੀ। ਸਵੇਰੇ 6 ਵਜੇ ਹੋਟਲ ਕਾਮੇ ਵੱਲੋਂ ਕਮਰੇ ਵਿੱਚ ਬੇਸੁੱਧ ਦੇਖੇ ਜਾਣ ‘ਤੇ ਤੁਰੰਤ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਹੋਈ। ਪੁਲਿਸ ਮਾਮਲੇ ਦੀ ਹਰ ਕੋਣ ਤੋਂ ਜਾਂਚ ਕਰ ਰਹੀ ਹੈ ਅਤੇ ਅਸਲ ਸੱਚ ਵਿਸਰਾ ਰਿਪੋਰਟ ਤੇ ਮੁਟਿਆਰ ਦੇ ਬਿਆਨਾਂ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ।

Loading...
Unable to load recommendations.
Follow Us