ਚੰਡੀਗੜ੍ਹ ਨੂੰ ਪਹਿਲੀ ਵਾਰ ਮਿਲਿਆ ਬੈਸਟ ਸਫ਼ਾਈ ਮਿੱਤਰ ਸੁਰੱਖਿਅਤ ਸ਼ਹਿਰ ਐਵਾਰਡ
ਚੰਡੀਗੜ੍ਹ ਆਪਣੀ ਸਫਾਈ ਅਤੇ ਆਪਣੇ ਨਿਵਾਸੀਆਂ ਦੀ ਸੁਰੱਖਿਆ ਨੂੰ ਲੈਕੇ ਦੇਸ਼ ਭਰ ਵਿੱਚ ਮਸ਼ਹੂਰ ਹੈ। ਚੰਡੀਗੜ੍ਹ ਨੇ Swachh Survekshan Award ਵਿੱਚ ਪਹਿਲੀ ਵਾਰ ਸਰਵੋਤਮ ਸਫ਼ਾਈ ਮਿੱਤਰ ਸੇਫ਼ ਸਿਟੀ ਐਵਾਰਡ ਜਿੱਤਿਆ ਹੈ। ਇਸ ਐਵਾਰਡ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੰਡੀਗੜ੍ਹ ਦੇ ਮੇਅਰ ਅਨੂਪ ਗੁਪਤਾ ਦਿੱਤਾ। ਦੇਸ਼ ਭਰ ਵਿੱਚੋਂ ਸਫਾਈ ਦੇ ਮਾਮਲੇ ਵਿੱਚ ਇਸ ਵਾਰ ਚੰਡੀਗੜ੍ਹ ਨੇ 11ਵਾਂ ਰੈਂਕ ਹਾਸਿਲ ਕੀਤਾ ਹੈ।
ਚੰਡੀਗੜ੍ਹ ਸ਼ਹਿਰ ਨੂੰ ਸਰਵੋਤਮ ਸਫ਼ਾਈ ਮਿੱਤਰ ਸੇਫ਼ ਸਿਟੀ ਐਵਾਰਡ ਮਿਲਿਆ ਹੈ। ਇਹ ਖਿਤਾਬ ਚੰਡੀਗੜ੍ਹ ਦੇ ਮੇਅਰ ਅਨੂਪ ਗੁਪਤਾ ਨੂੰ ਦਿੱਲੀ ਦੇ ਭਾਰਤ ਮੰਡਪਮ (ਪ੍ਰਗਤੀ ਮੈਦਾਨ) ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਦਿੱਤਾ ਗਿਆ। ਇਹ ਪੁਰਸਕਾਰ ਉਨ੍ਹਾਂ ਨੂੰ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦਿੱਤਾ ਹੈ। ਚੰਡੀਗੜ੍ਹ ਦੇ ਕਾਰਜਕਾਰੀ ਸਲਾਹਕਾਰ ਨਿਤਿਨ ਕੁਮਾਰ ਯਾਦਵ ਅਤੇ ਚੰਡੀਗੜ੍ਹ ਨਿਗਮ ਦੀ ਕਮਿਸ਼ਨਰ ਆਨੰਦਿਤਾ ਮਿੱਤਰਾ ਇਸ ਸਮੇਂ ਉਹਨਾਂ ਨਾਲ ਮੌਜੂਦ ਰਹੇ।
ਚੰਡੀਗੜ੍ਹ ਨੂੰ ਇਹ ਐਵਾਰਡ ਮਿਲਣ ਦਾ ਪ੍ਰਮੁੱਖ ਕਾਰਨ ਆਟੋਮੈਟਿਕ ਮਸ਼ੀਨਾਂ ਨਾਲ ਸ਼ਹਿਰ ਵਿੱਚ ਸੀਵਰੇਜ ਦੀ ਸਫ਼ਾਈ ਕਰਨਾ ਸੀ। ਇਸ ਦੇ ਨਾਲ ਹੀ ਸਫ਼ਾਈ ਸੇਵਕਾਂ ਦੇ ਬੂਥ ਤੋਂ ਮੁਲਾਜ਼ਮਾਂ ਦੀ ਸੁਰੱਖਿਆ ਤੇ ਸਹੂਲਤ ਦਾ ਜਿਸ ਤਰ੍ਹਾਂ ਧਿਆਨ ਰੱਖਿਆ ਜਾਂਦਾ ਹੈ, ਇਹ ਗੱਲ ਵੀ ਚੰਡੀਗੜ੍ਹ ਦੇ ਹੱਕ ਵਿੱਚ ਰਹੀ ਹੈ। ਦੇਸ਼ ਵਿੱਚ ਪਹਿਲੀ ਵਾਰ ਚੰਡੀਗੜ੍ਹ ਵਿੱਚ ਸੈਨੀਟੇਸ਼ਨ ਵਰਕਰਜ਼ ਬੂਥ ਦੀ ਸਥਾਪਨਾ ਕੀਤੀ ਗਈ। ਮੁਲਾਜ਼ਮਾਂ ਦੀਆਂ ਸਮੱਸਿਆਵਾਂ ਸੁਣਨ ਲਈ ਉਥੇ ਵੱਖਰਾ ਸਟਾਫ਼ ਤਾਇਨਾਤ ਕੀਤਾ ਗਿਆ ਹੈ।
ਲੋਕਾਂ ਦੀ ਲਈ ਗਈ ਸੀ ਸਲਾਹ
ਸਵੱਛਤਾ ਸਰਵੇਖਣ ਲਈ ਲੋਕਾਂ ਤੋਂ ਰਾਏ ਮੰਗੀ ਗਈ। ਇੱਕ ਐਪ ਰਾਹੀਂ ਸ਼ਹਿਰ ਵਾਸੀਆਂ ਨੂੰ ਸਵਾਲ ਪੁੱਛੇ ਗਏ। ਸਾਰੇ 9 ਸਵਾਲ ਸਫਾਈ ਬਾਰੇ ਸਨ। ਇਹ ਸਫਾਈ ਅਵਾਰਡ ਲੋਕਾਂ ਦੀ ਰਾਏ ਦੇ ਆਧਾਰ ‘ਤੇ ਤੈਅ ਕੀਤਾ ਗਿਆ ਹੈ।
ਸਫ਼ਾਈ ਦੇ ਮਾਮਲੇ ਚ 11ਵਾਂ ਸਥਾਨ
ਸਫਾਈ ਦੇ ਮਾਮਲੇ ਵਿੱਚ ਚੰਡੀਗੜ੍ਹ ਨੂੰ ਦੇਸ਼ ਭਰ ਵਿੱਚੋ 11ਵਾਂ ਸਥਾਨ ਮਿਲਿਆ ਹੈ ਇਸਦੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਕਮਿਸ਼ਨਰ ਆਨੰਦਿਤਾ ਮਿੱਤਰਾ ਨੇ ਦੱਸਿਆ ਕਿ ਸ਼ਹਿਰ ਨੇ ਸਵੱਛਤਾ ਸਰਵੇਖਣ 2023 ਵਿੱਚ ਪੂਰੇ ਦੇਸ਼ ਵਿੱਚ 11ਵਾਂ ਸਥਾਨ ਹਾਸਲ ਚੰਡੀਗੜ੍ਹ ਦੇ ਨਿਵਾਸੀਆਂ ਲਈ ਵੱਡੀ ਪ੍ਰਾਪਤੀ ਹੈ।
ਤੁਹਾਨੂੰ ਦੱਸ ਦਈਏ ਕਿ ਸਾਲ 2020 ਵਿੱਚ 66ਵੇਂ ਰੈਂਕ ਤੋਂ ਚੰਡੀਗੜ੍ਹ 2021 ਵਿੱਚ 12ਵੇਂ ਸਥਾਨ ਤੇ ਪਹੁੰਚ ਗਿਆ। ਹੁਣ 2023 ਵਿੱਚ ਇਸ ਰੈਂਕਿੰਗ ਵਿੱਚ ਹੋਰ ਸੁਧਾਰ ਹੋਇਆ ਹੈ ਅਤੇ ਹੁਣ ਇਸ ਨੂੰ 11ਵਾਂ ਸਥਾਨ ਹਾਸਲ ਹੋਇਆ ਹੈ।