Chandigarh Mayor Election: ਚੰਡੀਗੜ੍ਹ ਨਗਰ ਨਿਗਮ ‘ਤੇ ਭਾਜਪਾ ਦਾ ਕਬਜ਼ਾ, ਤਿੰਨੋਂ ਹੀ ਅਹੁਦਿਆਂ ‘ਤੇ ਮਿਲੀ ਜਿੱਤ

Updated On: 

29 Jan 2026 13:34 PM IST

Chandigarh Mayor Election: ਚੰਡੀਗੜ੍ਹ ਨਗਰ ਨਿਗਮ ਨੂੰ ਅੱਜ ਨਵਾਂ ਮੇਅਰ ਮਿਲਿਆ ਹੈ। ਭਾਜਪਾ ਦੇ ਸੌਰਭ ਜੋਸ਼ੀ ਚੰਡੀਗੜ੍ਹ ਦੇ ਨਵੇਂ ਮੇਅਰ ਬਣੇ ਹਨ। ਉਨ੍ਹਾਂ ਨੂੰ ਭਾਜਪਾ ਦੇ ਸਾਰੇ ਹੀ 18 ਕੌਂਸਲਰਾਂ ਨੇ ਵੋਟ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਦੀ ਜਿੱਤ ਤੈਅ ਹੋ ਗਈ।

Chandigarh Mayor Election: ਚੰਡੀਗੜ੍ਹ ਨਗਰ ਨਿਗਮ ਤੇ ਭਾਜਪਾ ਦਾ ਕਬਜ਼ਾ, ਤਿੰਨੋਂ ਹੀ ਅਹੁਦਿਆਂ ਤੇ ਮਿਲੀ ਜਿੱਤ

ਚੰਡੀਗੜ੍ਹ ਨਗਰ ਨਿਗਮ 'ਤੇ ਭਾਜਪਾ ਦਾ ਕਬਜ਼ਾ

Follow Us On

ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ , ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਇੱਕ ਪਾਸੜ ਮੁਕਾਬਲੇ ‘ਚ ਜਿੱਤ ਲਈ। ਆਮ ਆਦਮੀ ਪਾਰਟੀ (ਆਪ) ਤੇ ਕਾਂਗਰਸ ਨੇ ਅੰਤ ਤੱਕ ਆਪਣੇ ਉਮੀਦਵਾਰ ਵਾਪਸ ਨਹੀਂ ਲਏ, ਜਿਸ ਨਾਲ ਭਾਜਪਾ ਨੂੰ ਫਾਇਦਾ ਹੋਇਆ ਤੇ ਚੋਣ ਜਿੱਤ ਗਈ। ਭਾਜਪਾ ਦੇ ਸੌਰਭ ਜੋਸ਼ੀ ਚੰਡੀਗੜ੍ਹ ਦੇ ਨਵੇਂ ਮੇਅਰ ਹੋਣਗੇ। ਸੌਰਭ ਪੰਜਾਬ ਭਾਜਪਾ ਦੇ ਸਟੇਟ ਮੀਡੀਆ ਹੈੱਡ ਵਿਨੀਤ ਜੋਸ਼ੀ ਦੇ ਭਰਾ ਹਨ।

35 ਕੌਂਸਲਰਾਂ ਤੇ ਚੰਡੀਗੜ੍ਹ ਦੇ ਸੰਸਦ ਮੈਂਬਰ ਨੇ ਵੀਰਵਾਰ ਨੂੰ ਮੇਅਰ ਦੀ ਚੋਣ ਲਈ ਆਪਣੀਆਂ ਵੋਟਾਂ ਪਾਈਆਂ। ਇਸ ਵਾਰ ਗੁਪਤ ਵੋਟਿੰਗ ਦੀ ਬਜਾਏ ਓਪਨ ਵੋਟਿੰਗ ਕਰਵਾਈ ਗਈ, ਜਿਸ ‘ਚ ਕੌਂਸਲਰਾਂ ਨੇ ਹੱਥ ਖੜ੍ਹੇ ਕਰਕੇ ਆਪਣੀਆਂ ਵੋਟਾਂ ਪਾਈਆਂ। ਭਾਜਪਾ ਦੇ ਸੌਰਭ ਜੋਸ਼ੀ ਨੂੰ ਚੋਣ ਵਿੱਚ 18 ਵੋਟਾਂ ਮਿਲੀਆਂ, ਕਾਂਗਰਸ ਉਮੀਦਵਾਰ ਨੂੰ 7 ਵੋਟਾਂ ਮਿਲੀਆਂ, ਜਦੋਂ ਕਿ ਆਮ ਆਦਮੀ ਪਾਰਟੀ ਨੂੰ 11 ਵੋਟਾਂ ਮਿਲੀਆਂ। ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਾਂਗਰਸ ਉਮੀਦਵਾਰ ਗੁਰਪ੍ਰੀਤ ਸਿੰਘ ਗਾਬੀ ਦੇ ਸਮਰਥਨ ‘ਚ ਵੋਟ ਪਾਈ।

ਇਸ ਤੋਂ ਪਹਿਲਾਂ, ਚੰਡੀਗੜ੍ਹ ਦੇ ਮੇਅਰ ਦੀ ਪੂਰੀ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਗਈ। ਵੋਟਿੰਗ ਤੋਂ ਪਹਿਲਾਂ ਆਮ ਆਦਮੀ ਪਾਰਟੀ ਜਾਂ ਕਾਂਗਰਸ ਦੇ ਮੇਅਰ ਦੇ ਕਿਸੇ ਵੀ ਉਮੀਦਵਾਰ ਨੇ ਆਪਣੀਆਂ ਨਾਮਜ਼ਦਗੀਆਂ ਵਾਪਸ ਨਹੀਂ ਲਈਆਂ। ਵੋਟਿੰਗ ਤੋਂ ਪਹਿਲਾਂ, ਪ੍ਰੀਜ਼ਾਈਡਿੰਗ ਅਫਸਰ ਨੇ ਉਮੀਦਵਾਰਾਂ ਤੋਂ ਪੁੱਛਿਆ ਕਿ ਕੀ ਉਹ ਆਪਣੀਆਂ ਨਾਮਜ਼ਦਗੀਆਂ ਵਾਪਸ ਲੈਣਾ ਚਾਹੁੰਦੇ ਹਨ, ਪਰ ਕਿਸੇ ਵੀ ਉਮੀਦਵਾਰ ਨੇ ਅਜਿਹਾ ਨਹੀਂ ਕੀਤਾ।

ਤਿੰਨੋਂ ਵੱਡੀਆਂ ਪਾਰਟੀਆਂ, ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਨੇ ਮੇਅਰ ਦੀ ਚੋਣ ਲਈ ਆਪਣੇ ਉਮੀਦਵਾਰ ਖੜ੍ਹੇ ਕੀਤੇ। ਵੋਟਿੰਗ ਤੋਂ ਪਹਿਲਾਂ, ਭਾਜਪਾ ਨੰਬਰਾਂ ਦੀ ਖੇਡ ‘ਚ ਸਭ ਤੋਂ ਅੱਗੇ ਸੀ, ਉਨ੍ਹਾਂ ਦੇ ਨਗਰ ਨਿਗਮ ‘ਚ 18 ਕੌਂਸਲਰ ਸਨ। ਗਿਣਤੀ ਦੀ ਘਾਟ ਦੇ ਬਾਵਜੂਦ, ‘ਆਪ’ ਤੇ ਕਾਂਗਰਸ ਨੇ ਵੀ ਉਮੀਦਵਾਰ ਖੜ੍ਹੇ ਕੀਤੇ।

  • ਕੁੱਲ ਕੌਂਸਲਰ- 35
  • ਬਹੁਮਤ 19
  • ਭਾਜਪਾ ਦੇ ਕੌਂਸਲਰ- 18
  • ਆਮ ਆਦਮੀ ਪਾਰਟੀ ਦੇ ਕੌਂਸਲਰ-11
  • ਕਾਂਗਰਸ ਦੇ ਕੌਂਸਲਰ-6+1 ਲੋਕ ਸਭਾ ਮੈਂਬਰ

ਜਸਮਨਪ੍ਰੀਤ ਬਣੇ ਸੀਨੀਅਰ ਡਿਪਟੀ ਮੇਅਰ

ਸੀਨੀਅਰ ਡਿਪਟੀ ਮੇਅਰ ਚੋਣ ‘ਚ ਵੀ ਭਾਜਪਾ ਨੇ ਜਿੱਤ ਹਾਸਲ ਕੀਤੀ। ਜਸਮਨਪ੍ਰੀਤ ਸਿੰਘ ਚੰਡੀਗੜ੍ਹ ਦੇ ਨਵੇਂ ਸੀਨੀਅਰ ਡਿਪਟੀ ਮੇਅਰ ਬਣੇ। ਉਨ੍ਹਾਂ ਨੂੰ 18 ਵੋਟ ਮਿਲੇ। ਆਮ ਆਦਮੀ ਪਾਰਟੀ ਦੇ ਮੁਨੱਵਰ ਖਾਨ ਨੂੰ 11 ਵੋਟ ਮਿਲੇ, ਜਦਕਿ ਕਾਂਗਰਸ ਨੇ ਮੇਅਰ ਚੋਣ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਚੋਣ ਤੋਂ ਵਾਕਆਊਟ ਕਰ ਦਿੱਤਾ। ਉਨ੍ਹਾਂ ਦੇ ਉਮੀਦਵਾਰ ਸਚਿਨ ਗਾਲਿਬ ਨੂੰ ਕੋਈ ਵੀ ਵੋਟ ਨਹੀਂ ਮਿਲੀ।

ਡਿਪਟੀ ਮੇਅਰ ਵੀ ਭਾਜਪਾ ਦਾ…

ਚੋਣ ‘ਚ ਕਾਂਗਰਸ ਦੇ ਵਾਕਆਊਟ ਕਰਨ ਤੋਂ ਬਾਅਦ ਭਾਜਪਾ ਦੀ ਡਿਪਟੀ ਮੇਅਰ ਅਹੁਦੇ ‘ਤੇ ਵੀ ਜਿੱਤ ਤੈਅ ਹੋ ਗਈ। ਭਾਜਪਾ ਦੀ ਉਮੀਦਵਾਰ ਸੁਮਨ ਦੇਵੀ ਨੇ 18 ਵੋਟਾਂ ਨਾਲ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਆਜਾਦ ਉਮੀਦਵਾਰ ਰਾਮ ਚੰਦਰ ਯਾਦਵ ਨੇ ਆਪਣਾ ਨਾਮ ਵਾਪਸ ਲੈ ਲਿਆ। ਕਾਂਗਰਸ ਦੀ ਉਮੀਦਵਾਰ ਨਿਰਮਲਾ ਦੇਵੀ ਤੇ ਕੌਂਸਲਰ ਵਾਕਆਊਟ ਕਰ ਗਏ। ਆਮ ਆਦਮੀ ਪਾਰਟੀ ਦੀ ਉਮੀਦਵਾਰ ਜਸਵਿੰਦਰ ਕੌਰ ਨੂੰ ਸਿਰਫ਼ 11 ਹੀ ਵੋਟਾਂ ਮਿਲੀਆਂ।

ਕੌਣ ਹਨ ਭਾਜਪਾ ਨੇ ਨਵੇਂ ਮੇਅਰ ਸੌਰਭ ਜੋਸ਼ੀ?

ਸੌਰਭ ਜੋਸ਼ੀ ਨੇ ਪੰਜਾਬ ਯੂਨੀਵਰਸਿਟੀ ਤੋਂ ਕਾਨੂੰਨ ‘ਚ ਗ੍ਰੈਜੂਏਟ ਕੀਤੀ। ਉਹ ਦੂਜੀ ਪੀੜ੍ਹੀ ਦੇ ਆਰਐਸਐਸ ਵਲੰਟੀਅਰ ਤੇ ਭਾਜਪਾ ਵਰਕਰ ਰਹੇ। ਇਸ ਦੌਰਾਨ ਉਹ ਵਿਦਿਆਰਥੀ ਨੇਤਾ ਤੋਂ ਸਿਆਸਤਦਾਨ ਬਣੇ। ਉਨ੍ਹਾਂ ਨੇ ਏਬੀਵੀਪੀ ਉਮੀਦਵਾਰ ਵਜੋਂ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਪ੍ਰੀਸ਼ਦ (ਪੀਯੂਐਸਸੀ) ਦੀਆਂ ਚੋਣਾਂ ‘ਚ ਪ੍ਰਧਾਨ ਤੇ ਜਨਰਲ ਸਕੱਤਰ ਦੇ ਅਹੁਦਿਆਂ ਲਈ ਚੋਣ ਲੜੀ।

ਸੌਰਭ ਜੋਸ਼ੀ ਸਿਰਫ਼ 29 ਸਾਲ ਦੀ ਉਮਰ ‘ਚ ਭਾਜਪਾ ਕੌਂਸਲਰ ਵਜੋਂ ਚੁਣੇ ਗਏ। ਉਨ੍ਹਾਂ ਦੇ ਪਿਤਾ ਸਵਰਗਵਾਸੀ ਜੈ ਰਾਮ ਜੋਸ਼ੀ ਹਨ ਭਾਜਪਾ ਚੰਡੀਗੜ੍ਹ ਦੇ ਸਾਬਕਾ ਸੂਬਾ ਪ੍ਰਧਾਨ ਰਹਿ ਚੁੱਕੇ ਹਨ। ਸੌਰਭ ਜੋਸ਼ੀ ਦੇ ਵੱਡੇ ਭਰਾ ਵਿਨੀਤ ਜੋਸ਼ੀ ਨੇ ਵੀ ਵਿਦਿਆਰਥੀ ਨੇਤਾ ਵਜੋਂ ਸ਼ੁਰੂਆਤ ਕੀਤੀ ਸੀ। ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਹਿ ਚੁੱਕੇ ਹਨ ਤੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਹਨ।