ਚੰਡੀਗੜ੍ਹ ‘ਚ 25 ਗੈਰ-ਕਾਨੂੰਨੀ ਦੁਕਾਨਾਂ ‘ਤੇ ਚੱਲਿਆ ਬੁਲਡੋਜਰ, ਕਾਰੋਬਾਰੀ ਨਿਰਾਸ਼
ਮੌਕੇ 'ਤੇ ਮੌਜ਼ੂਦ ਇੱਕ ਦੁਕਾਨਦਾਰ ਨੇ ਕਿਹਾ ਕਿ ਜਦੋਂ ਉਹ ਮਲੋਇਆ ਆਏ ਸਨ ਤਾਂ ਇੱਕ ਛੋਟੇ ਬੱਚੇ ਸਨ। ਉਨ੍ਹਾਂ ਨੇ ਇੱਥੇ ਇੱਕ ਛੋਟੀ ਮੀਟ ਸ਼ਾਪ ਖੋਲ੍ਹੀ ਸੀ ਤੇ ਉਸ ਦੇ ਸਹਾਰੇ ਹੀ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਸਨ, ਹੁਣ ਦੁਕਾਨ ਟੁੱਟਣ ਤੋਂ ਬਾਅਦ ਉਨ੍ਹਾਂ ਦੀ ਰੋਜ਼ੀ-ਰੋਟੀ 'ਤੇ ਸੰਕਟ ਆ ਗਿਆ ਹੈ।

ਚੰਡੀਗੜ੍ਹ ਦੇ ਪਿੰਡ ਮਲੋਇਆ ‘ਚ ਮੰਗਲਵਾਰ ਸਵੇਰੇ ਪ੍ਰਸ਼ਾਸਨ ਦੀ ਟੀਮ ਭਾਰੀ ਪੁਲਿਸ ਬਲ ਦੇ ਨਾਲ ਮੌਕੇ ‘ਤੇ ਪਹੁੰਚੀ ਤੇ 25 ਗੈਰ-ਕਾਨੂੰਨੀ ਦੁਕਾਨਾਂ ਨੂੰ ਢਾਹ ਦਿੱਤਾ। ਇਸ ਦੌਰਾਨ ਉੱਥੇ ਦੁਕਾਨਦਾਰ ਵੀ ਮੌਜ਼ੂਦ ਸਨ। ਕਈ ਸਾਲਾਂ ਤੋਂ ਦੁਕਾਨਦਾਰੀ ਕਰ ਰਹੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਹੁਣ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਜਾਵੇਗਾ। ਕਾਰਵਾਈ ਦੇ ਦੌਰਾਨ ਤਹਿਸੀਲਦਾਰ, ਥਾਣਾ ਮਲੋਇਆ ਦੇ ਇੰਚਾਰਜ ਇੰਸਪੈਕਟਰ ਜਸਬੀਰ ਸਿੰਘ ਸਮੇਤ ਹੋਰ ਅਧਿਕਾਰੀ ਮੌਕੇ ‘ਤੇ ਮੌਜ਼ੂਦ ਰਹੇ। ਕਾਰਵਾਈ ਤੋਂ ਪਹਿਲਾਂ ਪੂਰਾ ਮਲੋਇਆ ਪਿੰਡ ਦੀ ਬਿਜਲੀ ਕੱਟ ਦਿੱਤੀ ਗਈ।
ਮੌਕੇ ‘ਤੇ ਮੌਜ਼ੂਦ ਇੱਕ ਦੁਕਾਨਦਾਰ ਨੇ ਕਿਹਾ ਕਿ ਜਦੋਂ ਉਹ ਮਲੋਇਆ ਆਏ ਸਨ ਤਾਂ ਇੱਕ ਛੋਟੇ ਬੱਚੇ ਸਨ। ਉਨ੍ਹਾਂ ਨੇ ਇੱਥੇ ਇੱਕ ਛੋਟੀ ਮੀਟ ਸ਼ਾਪ ਖੋਲ੍ਹੀ ਸੀ ਤੇ ਉਸ ਦੇ ਸਹਾਰੇ ਹੀ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਸਨ, ਹੁਣ ਦੁਕਾਨ ਟੁੱਟਣ ਤੋਂ ਬਾਅਦ ਉਨ੍ਹਾਂ ਦੀ ਰੋਜ਼ੀ-ਰੋਟੀ ‘ਤੇ ਸੰਕਟ ਆ ਗਿਆ ਹੈ।
ਪਹਿਲੇ ਹੀ ਜਾਰੀ ਕਰ ਦਿੱਤਾ ਗਿਆ ਸੀ ਨੋਟਿਸ
ਪ੍ਰਸ਼ਾਸਨ ਦੇ ਵੱਲੋਂ ਦੱਸਿਆ ਗਿਆ ਕਿ ਦੁਕਾਨਦਾਰਾਂ ਨੂੰ ਪਹਿਲੇ ਵੀ ਕਈ ਵਾਰ ਨੋਟਿਸ ਦਿੱਤੇ ਗਏ ਸਨ। ਹਾਲ ਹੀ ‘ਚ ਇੱਕ ਹੋਰ ਨੋਟਿਸ 3 ਜੂਨ ਨੂੰ ਜਾਰੀ ਕੀਤਾ ਗਿਆ ਸੀ ਤਾਂ ਕਿ ਉਹ ਆਪਣੀਆਂ ਦੁਕਾਨਾਂ ਹਟਾ ਲੈਣ, ਪਰ ਤੈਅ ਸਮੇਂ ‘ਤੇ ਦੁਕਾਨਾਦਾਰਾਂ ਨੇ ਆਪਣੀਆਂ ਦੁਕਾਨਾਂ ਨਹੀਂ ਚੁੱਕੀਆਂ। ਅਜਿਹੇ ‘ਚ ਮੰਗਲਵਾਰ ਨੂੰ ਪ੍ਰਸ਼ਾਸਨ ਜੇਸੀਬੀ ਲੈ ਕੇ ਪਹੁੰਚਿਆ ਤੇ ਦੁਕਾਨਾਂ ਨੂੰ ਤੋੜਨ ਦੀ ਕਾਰਵਾਈ ਸ਼ੁਰੂ ਕੀਤੀ।
ਪ੍ਰਸ਼ਾਸਨ ‘ਤੇ ਭੇਦਭਾਵ ਦਾ ਆਰੋਪ
ਕਾਰਵਾਈ ਤੋਂ ਬਾਅਦ ਦੁਕਾਨਦਾਰਾਂ ਨੂੰ ਨਿਰਾਸ਼ ਦੇਖਿਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਸਿਰਫ਼ ਮਲੋਇਆ ‘ਚ ਹੀ ਗੈਰ-ਕਾਨੂੰਨੀ ਨਿਰਮਾਣ ਹੀ ਕਿਉਂ ਨਜ਼ਰ ਆਉਂਦਾ ਹੈ। ਸ਼ਹਿਰ ਦੇ ਹੋਰ ਹਿੱਸਿਆਂ ‘ਚ ਵੀ ਗੈਰ-ਕਾਨੂੰਨੀ ਕਬਜ਼ੇ ਕੀਤੇ ਗਏ ਹਨ। ਲੋਕਾਂ ਨੇ ਪੱਕੀਆਂ ਇਮਾਰਤਾਂ ਬਣਾ ਲਈਆਂ ਹਨ, ਉਨ੍ਹਾਂ ‘ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ।