Case on Ram Rahim: ਜਲੰਧਰ ਵਿੱਚ ਡੇਰਾ ਮੁਖੀ ਖਿਲਾਫ ਦਰਜ ਹੋਇਆ ਕੇਸ
FIR Registered: ਰਵੀਦਾਸ ਟਾਈਗਰ ਫੋਰਸ ਦੇ ਮੁਖੀ ਜੱਸੀ ਤੱਲਣ ਵੱਲੋਂ ਰਾਮ ਰਹੀਮ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਜਲੰਧਰ ਨਿਊਜ: ਜਲੰਧਰ ਦੇਹਾਤ ਪੁਲਿਸ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ (Gurmeet Ram Rahim) ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਲੰਧਰ ਦੇਹਾਤ ਪੁਲਿਸ ਦੇ ਐਸਪੀਡੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਰਾਮ ਰਹੀਮ ਨੇ ਆਪਣੇ ਯੂਟਿਊਬ ਚੈਨਲ ‘ਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਅਤੇ ਕਬੀਰ ਮਹਾਰਾਜ ਖਿਲਾਫ ਇਤਰਾਜਯੋਗ ਟਿੱਪਣੀਆਂ ਕੀਤੀਆਂ ਸਨ।
ਕਿਉਂ ਦਰਜ ਹੋਈ ਰਾਮ ਰਹੀਮ ਖਿਲਾਫ ਐਫਆਈਆਰ
ਬੀਤੇ ਦਿਨੀਂ ਜੇਲ੍ਹ ਤੋਂ ਪੈਰੋਲ ਤੇ ਬਾਹਰ ਆਏ ਸਿਰਸਾ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਆਪਣੇ ਡੇਰੇ ਵਿਚ 5 ਫਰਵਰੀ ਨੂੰ ਸਤਿਸੰਗ ਦੌਰਾਨ ਇੱਕ ਕਥਾ ਸੁਣਾਈ ਸੀ । ਕਥਾ ਸੁਣਾਉਂਦੇ ਹੋਏ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਸਤਿਗੁਰੂ ਕਬੀਰ ਮਹਾਰਾਜ ਜੀ ਦੇ ਬਾਰੇ ਇਤਰਾਜਯੋਗ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਸੀ । ਰਾਮ ਰਾਹੀਮ ਡੇਰਾ ਸਿਰਸਾ ਹਰਿਆਣਾ ਨੇ ਆਪਣੇ ਪ੍ਰਵਚਨ ਨੂੰ ਆਪਣੇ ਇੱਕ ਨਿੱਜੀ ਯੂਟਿਊਬ ਚੈਨਲ ਤੇ ਅਪਲੋਡ ਕੀਤਾ ਸੀ। ਜਿਸ ਤੋਂ ਬਾਅਦ ਪੂਰਾ ਵਿਵਾਦ ਗਰਮਾ ਗਿਆ।
ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਨੇ ਦਰਜ ਕਰਵਾਈ ਐਫਆਈਆਰ
ਰਾਮ ਰਹੀਮ ਵੱਲੋਂ ਵਰਤੀ ਗਈ ਇਤਰਾਜਯੋਗ ਸ਼ਬਦਾਵਲੀ ਤੋਂ ਨਰਾਜ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਜੱਸੀ ਤੱਲ੍ਹਣ ਨੇ ਪੁਲਿਸ ਵਿੱਚ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਜੱਸੀ ਤੱਲ੍ਹਣ ਨੇ ਕਿਹਾ ਕਿ ਉਹ 5 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦਾ 646ਵਾਂ ਪ੍ਰਕਾਸ਼ ਉਤਸਵ ਮਨਾਉਣ ਲਈ ਬਨਾਰਸ ਦੇ ਕਾਂਸ਼ੀ ਗਏ ਹੋਏ ਸਨ । 5 ਫਰਵਰੀ ਨੂੰ ਹੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੇ ਆਪਣੇ ਸਤਿਸੰਗ ਦੌਰਾਨ ਸੰਗਤ ਨੂੰ ਕਥਾ ਸੁਣਾ ਕੇ ਸ੍ਰੀ ਗੁਰੂ ਰਵਿਦਾਸ ਮਾਹਰਾਜ ਜੀ ਅਤੇ ਸਤਿਗੁਰੂ ਕਬੀਰ ਮਹਾਰਾਜ ਜੀ ਦੇ ਖਿਲਾਫ ਇਤਰਾਜਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ । ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਦਰਜ ਕਰਵਾਉਣ ਲਈ ਉਨ੍ਹਾਂ ਨੂੰ ਥੋੜਾ ਸਮਾਂ ਜਰੂਰ ਲੱਗ ਗਿਆ ਪਰ ਪੁਲਿਸ ਨੇ ਉਨ੍ਹਾਂ ਦੀ ਸ਼ਿਕਾਇਤ ਤੇ ਮਾਮਲੇ ਤੇ ਐਕਸ਼ਨ ਲੈਂਦੇ ਹੋਏ ਡੇਰਾ ਮੁਖੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ।
ਰਾਮ ਰਹੀਮ ਤੋਂ ਪੁੱਛਗਿੱਛ ਲਈ ਸੁਨਾਰੀਆ ਜੇਲ੍ਹ ਜਾਵੇਗੀ ਪੁਲਿਸ ਦੀ ਟੀਮ
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਲੰਧਰ ਦੇ ਦਿਹਾਤੀ ਪੁਲਿਸ ਦੇ ਐਸਪੀਡੀ ਸਰਬਜੀਤ ਸਿੰਘ ਬਾਹੀਆ ਨੇ ਦਸਿਆ ਕਿ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਮੁਖੀ ਜੱਸੀ ਤੱਲ੍ਹਣ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ। ਰਾਮ ਰਹੀਮ ਵੱਲੋਂ ਅਪਲੋਡ ਕੀਤੀ ਵੀਡੀਓ ਦੀ ਜਾਂਚ ਕਰਦੇ ਹੋਏ ਤੱਥਾਂ ਦੇ ਅਧਾਰ ਤੇ ਡੇਰਾ ਸਿਰਸਾ ਦੇ ਮੁਖੀ ਦੇ ਖਿਲਾਫ਼ 295-ਏ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਡੁੰਘਾਈ ਨਾ ਜਾਂਚ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਲਈ ਪੁਲਿਸ ਦੀ ਇਕ ਟੀਮ ਸੁਨਾਰੀਆ ਜੇਲ੍ਹ ਰਵਾਨਾ ਹੋਵੇਗੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ