Invest Punjab Update: ਇਨਵੈਸਟ ਪੰਜਾਬ ਸੰਮੇਲਨ ਵਿੱਚ ਬੋਲੇ ਕਾਰੋਬਾਰੀ – “ਪੰਜਾਬ ਦੀ ਉਦਯੋਗਿਕ ਨੀਤੀ ਹੋਰਨਾਂ ਸੂਬਿਆਂ ਨਾਲੋਂ ਬਿਹਤਰ”
Invest Punjab Programme : ਸੂਬਾ ਸਰਕਾਰ ਮੁਤਾਬਕ, ਇਸ ਵੱਡੇ ਸਮਾਗਮ ਵਿੱਚ ਦੇਸ਼ ਦੇ ਨਾਲ-ਨਾਲ ਦੂਨੀਆ ਭਰ ਤੋਂ ਉਦਯੋਗਿਕ ਦਿੱਗਜ ਸ਼ਿਰਕਤ ਕਰਨ ਜਾ ਰਹੇ ਹਨ। ਸਰਕਾਰ ਨੂੰ ਇਸ ਸੰਮੇਲਨ ਰਾਹੀਂ 40 ਹਜਾਰ ਕਰੋੜ ਤੋਂ ਵੱਧ ਦਾ ਨਿਵੇਸ਼ ਆਉਣ ਦੀ ਉਮੀਦ ਹੈ।
ਮੋਹਾਲੀ ਨਿਊਜ: 5ਵਾਂ ਇਨਵੈਸਟ ਪੰਜਾਬ ਸਮਿਟ ਅੱਜ ਤੋਂ ਮੁਹਾਲੀ ਵਿੱਚ ਸ਼ੁਰੂ ਹੋ ਗਿਆ ਹੈ। ਇਸ ਕਾਨਫਰੰਸ ਵਿੱਚ ਦੇਸ਼ ਅਤੇ ਦੁਨੀਆ ਦੇ ਵੱਡੇ ਉਦਯੋਗਪਤੀ ਹਿੱਸਾ ਲੈ ਰਹੇ ਹਨ। ਕਾਨਫਰੰਸ ਵਿੱਚ ਪੁੱਜੇ ਸਨਅਤਕਾਰ ਪੰਜਾਬ ਸਰਕਾਰ ਨੂੰ ਆਪਣੀ ਰਾਏ ਦੇ ਰਹੇ ਹਨ ਤਾਂ ਜੋ ਸੂਬੇ ਵਿੱਚ ਉਦਯੋਗਾਂ ਲਈ ਬਿਹਤਰ ਹਾਲਾਤ ਪੈਦਾ ਕੀਤੇ ਜਾ ਸਕਣ।
ਕਾਰੋਬਾਰੀਆਂ ਨੇ ਸਰਕਾਰ ਨੂੰ ਰਾਏ
ਸੰਮੇਲਨ ਵਿੱਚ ਪਹੁੰਚੇ ਭਾਰਤੀ ਏਅਰਟੈੱਲ ਦੇ ਚੇਅਰਮੈਨ ਰਾਕੇਸ਼ ਭਾਰਤੀ ਮਿੱਤਲ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੂਬੇ ਵਿੱਚ ਟੈਲੀਕਾਮ ਲਈ ਟਾਵਰ ਲਗਾਉਣ ਲਈ ਨੀਤੀ ਲਿਆਂਦਾ ਜਾਵੇ। ਭਾਰਤੀ ਫਾਊਂਡੇਸ਼ਨ ਦੇਸ਼ ਵਿੱਚ ਸੱਤਿਆ ਭਾਰਤੀ ਸਕੂਲ ਵੀ ਚਲਾ ਰਹੀ ਹੈ। ਭਾਰਤੀ ਮਿੱਤਲ ਗਰੁੱਪ ਨੇ ਵੀ ਪੰਜਾਬ ਵਿੱਚ ਪਛੜੀਆਂ ਸ਼੍ਰੇਣੀਆਂ ਨੂੰ ਸਿਖਲਾਈ ਦੇਣ ਵਿੱਚ ਦਿਲਚਸਪੀ ਦਿਖਾਈ ਹੈ। ਰਾਕੇਸ਼ ਭਾਰਤੀ ਮਿੱਤਲ ਨੇ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਅੱਜ ਤੋਂ ਹੀ ਵਪਾਰੀਆਂ ਦੀਆਂ ਮੰਗਾਂ ‘ਤੇ ਕੰਮ ਸ਼ੁਰੂ ਕਰਨ ਤਾਂ ਜੋ ਅਗਲੀ ਕਾਨਫਰੰਸ ਤੋਂ ਪਹਿਲਾਂ ਉਨ੍ਹਾਂ ‘ਤੇ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਮਿਲ ਸਕੇ |
ਪੰਜਾਬ ਦੀ ਸਨਅਤੀ ਨੀਤੀ ਹੋਰਨਾਂ ਸੂਬਿਆਂ ਨਾਲੋਂ ਬਹੁਤ ਵਧੀਆ
ਆਈਟੀਸੀ ਦੇ ਐਮਡੀ ਸੰਜੀਵ ਪੁਰੀ ਨੇ ਸੰਮੇਲਨ ਵਿੱਚ ਕਿਹਾ ਕਿ ਕੂੜਾ ਪ੍ਰਬੰਧਨ ਈਕੋਸਿਸਟਮ ਵਿੱਚ ਅਪਾਰ ਸੰਭਾਵਨਾਵਾਂ ਹਨ ਅਤੇ ਸਾਡੀ ਕੰਪਨੀ ਇਸ ਵਿੱਚ ਨਿਵੇਸ਼ ਕਰਨ ਦੀ ਇੱਛੁਕ ਹੈ।ਉਨ੍ਹਾਂ ਨੇ ਸਰਕਾਰ ਨੂੰ ਇਸ ਉਦਯੋਗ ਪ੍ਰਤੀ ਨਰਮ ਨੀਤੀ ਲਿਆਉਣ ਦੀ ਅਪੀਲ ਕੀਤੀ। ਕਪੂਰਥਲਾ ਵਿੱਚ ਆਪਣੇ ਪਲਾਂਟ ਬਾਰੇ ਉਨ੍ਹਾਂ ਕਿਹਾ ਕਿ ਅਸੀਂ ਇਸ ਦੀ ਸਮਰੱਥਾ ਦੁੱਗਣੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਨਅਤੀ ਨੀਤੀ ਹੋਰਨਾਂ ਸੂਬਿਆਂ ਨਾਲੋਂ ਬਹੁਤ ਵਧੀਆ ਹੈ। ਉਨ੍ਹਾਂ ਦੱਸਿਆ ਕਿ ਕਪੂਰਥਲਾ ਵਿਖੇ ਪਲਾਂਟ ਤੋਂ ਇਲਾਵਾ ਕੰਪਨੀ ਨੇ ਸੂਬੇ ਵਿੱਚ ਦੋ ਹੋਟਲ ਵੀ ਖੋਲ੍ਹੇ ਹਨ। ਸੰਜੀਵ ਪੁਰੀ ਨੇ ਇਸ ਮੌਕੇ ਹਾਜ਼ਰ ਹੋਰਨਾਂ ਸਨਅਤਕਾਰਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਉਹ ਇੱਥੇ ਬਿਹਤਰ ਸਹੂਲਤਾਂ ਪ੍ਰਾਪਤ ਕਰ ਸਕਦੇ ਹਨ।
ਮੁੱਖ ਮੰਤਰੀ ਨੇ ਜਾਰੀ ਕੀਤੀ ਉਦਯੋਗਿਕ ਨੀਤੀ
ਸੰਮੇਲਨ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਉਦਯੋਗਿਕ ਨੀਤੀ ਜਾਰੀ ਕੀਤੀ, ਉੱਥੇ ਹੀ ਇਲੈਕਟ੍ਰਿਕ ਵਹੀਕਲ ਪਾਲਿਸੀ ਅਤੇ ਲੌਜਿਸਟਿਕਸ ਪਾਲਿਸੀ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਲਈ ਅਨਾਜ ਦੀ ਟੋਕਰੀ ਹੈ। ਅੱਜ ਪੰਜਾਬੀ ਦੁਨੀਆਂ ਭਰ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਰੋਬਾਰ ਕਰਨ ਵਿੱਚ ਸੌਖ ਦੇ ਮਾਮਲੇ ਵਿੱਚ ਪੰਜਾਬ ਪਹਿਲੇ ਪੰਜ ਰਾਜਾਂ ਵਿੱਚ ਸ਼ਾਮਲ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ