BJP ਨੇ ਪੰਜਾਬ ਦੇ ਸੀਨੀਅਰ ਆਗੂ ਤਰੁਣ ਚੁੱਘ ਨੂੰ MP ਤੋਂ ਰਾਜ ਸਭਾ ਉਮੀਦਵਾਰ ਐਲਾਨਿਆ, ਮਿਲ ਸਕਦੀ ਹੈ ਵੱਡੀ ਜਿੰਮੇਦਾਰੀ
ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਸੀਨੀਅਰ ਆਗੂ ਅਤੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੂੰ ਮੱਧ ਪ੍ਰਦੇਸ਼ ਤੋਂ ਰਾਜ ਸਭਾ ਲਈ ਆਪਣਾ ਉਮੀਦਵਾਰ ਐਲਾਨਿਆ ਹੈ। ਪਾਰਟੀ ਹਾਈਕਮਾਂਡ ਦਾ ਇਹ ਫੈਸਲਾ ਚੁੱਘ ਦੇ ਲੰਬੇ ਸਿਆਸੀ ਤਜਰਬੇ ਅਤੇ ਸੰਗਠਨ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਲਿਆ ਗਿਆ ਮੰਨਿਆ ਜਾ ਰਿਹਾ ਹੈ।
ਪੰਜਾਬ ਦੇ ਸੀਨੀਅਰ ਭਾਜਪਾ ਆਗੂ ਅਤੇ ਪਾਰਟੀ ਦੇ ਰਾਸ਼ਟਰੀ ਮਹਾਸਕੱਤਰ ਤਰੁਣ ਚੁੱਘ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਵੱਡੀ ਸੰਗਠਨਾਤਮਕ ਜ਼ਿੰਮੇਵਾਰੀ ਦੇਣ ਦੀ ਤਿਆਰੀ ਕਰ ਲਈ ਗਈ ਹੈ। ਭਾਜਪਾ ਦੀ ਕੇਂਦਰੀ ਚੋਣ ਕਮੇਟੀ ਨੇ ਵੱਖ-ਵੱਖ ਰਾਜਾਂ ਵਿੱਚ ਹੋਣ ਵਾਲੀਆਂ ਰਾਜ ਸਭਾ ਚੋਣਾਂ ਅਤੇ ਓਡੀਸ਼ਾ ਦੀ ਉਪ-ਚੋਣ 2026 ਲਈ ਆਪਣੇ ਅਧਿਕਾਰਤ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਅਹਿਮ ਸੂਚੀ ਮੁਤਾਬਕ, ਭਾਜਪਾ ਨੇ ਤਰੁਣ ਚੁੱਘ ਨੂੰ ਮੱਧ ਪ੍ਰਦੇਸ਼ ਤੋਂ ਆਪਣਾ ਰਾਜ ਸਭਾ ਉਮੀਦਵਾਰ ਨਾਮਜ਼ਦ ਕੀਤਾ ਹੈ।
ਰਾਸ਼ਟਰੀ ਪੱਧਰ ‘ਤੇ ਵੱਡੀ ਸੂਚੀ ਜਾਰੀ
ਭਾਜਪਾ ਦੇ ਰਾਸ਼ਟਰੀ ਮਹਾਸਕੱਤਰ ਅਤੇ ਮੁੱਖ ਦਫ਼ਤਰ ਇੰਚਾਰਜ ਅਰੁਣ ਸਿੰਘ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਰਾਹੀਂ ਇਹਨਾਂ ਨਾਵਾਂ ‘ਤੇ ਅੰਤਿਮ ਮੋਹਰ ਲਗਾਈ ਗਈ ਹੈ। ਪਾਰਟੀ ਨੇ ਇਸ ਵਾਰ ਕਈ ਦਿੱਗਜ ਚਿਹਰਿਆਂ ‘ਤੇ ਭਰੋਸਾ ਜਤਾਇਆ ਹੈ। ਜਾਰੀ ਕੀਤੀ ਗਈ ਸੂਚੀ ਵਿੱਚ ਤਰੁਣ ਚੁੱਘ ਦੇ ਨਾਲ-ਨਾਲ ਮੱਧ ਪ੍ਰਦੇਸ਼ ਤੋਂ ਰਜਨੀਸ਼ ਅਗਰਵਾਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ, ਰਾਜਸਥਾਨ ਤੋਂ ਸ੍ਰੀਮਤੀ (ਡਾ.) ਅਲਕਾ ਗੁਰਜਰ ਅਤੇ ਡਾ. ਸਤੀਸ਼ ਪੂਨੀਆ, ਗੁਜਰਾਤ ਤੋਂ ਰਾਜੂਭਾਈ ਸ਼ੁਕਲਾ, ਮੁਕੇਸ਼ਭਾਈ ਰਾਠਵਾ, ਮਾਨਸਿੰਘ ਪਰਮਾਰ ਅਤੇ ਜੀਤੇਂਦਰ ਮੇਘਜੀਭਾਈ ਕੰਜ਼ਾਰੀਆ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਅਰੁਣਾਚਲ ਪ੍ਰਦੇਸ਼ ਤੋਂ ਤਾਈ ਤਾਗਾ ਅਤੇ ਮਣੀਪੁਰ ਤੋਂ ਏ. ਸ਼ਾਰਦਾ ਦੇਵੀ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ।
ਕੈਬਨਿਟ ਮੰਤਰੀ ਬਣਨ ਦੀਆਂ ਸੰਭਾਵਨਾਵਾਂ
ਸਿਆਸੀ ਗਲਿਆਰਿਆਂ ਵਿੱਚ ਇਹ ਚਰਚਾ ਬੇਹੱਦ ਤੇਜ਼ ਹੈ ਕਿ ਜੇਕਰ ਤਰੁਣ ਚੁੱਘ ਇਸ ਸੀਟ ਤੋਂ ਜਿੱਤ ਕੇ ਰਾਜ ਸਭਾ ਵਿੱਚ ਪਹੁੰਚਦੇ ਹਨ, ਤਾਂ ਉਨ੍ਹਾਂ ਦਾ ਮੋਦੀ ਕੈਬਨਿਟ ਵਿੱਚ ਸ਼ਾਮਲ ਹੋਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਪੰਜਾਬ ਨਾਲ ਸਬੰਧਤ ਹੋਣ ਕਾਰਨ ਉਨ੍ਹਾਂ ਦੀ ਇਸ ਨਾਮਜ਼ਦਗੀ ਨੂੰ ਸੂਬੇ ਦੀ ਸਿਆਸਤ ਵਿੱਚ ਵੀ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪਾਰਟੀ ਨੇ ਓਡੀਸ਼ਾ ਸੂਬੇ ਵਿੱਚ ਹੋਣ ਵਾਲੀ ਰਾਜ ਸਭਾ ਦੀ ਉਪ-ਚੋਣ ਲਈ ਵੀ ਆਪਣੇ ਪੱਤੇ ਖੋਲ੍ਹ ਦਿੱਤੇ ਹਨ। ਓਡੀਸ਼ਾ ਵਿੱਚ ਭਾਜਪਾ ਨੇ ਦੇਬਾਸ਼ੀਸ਼ ਸਾਮੰਤਰਾਏ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ।
ਰਾਜਨੀਤਿਕ ਮਾਹਰਾਂ ਦਾ ਮੰਨਣਾ ਹੈ ਕਿ ਭਾਜਪਾ ਨੇ ਇਸ ਸੂਚੀ ਵਿੱਚ ਆਪਣੇ ਉਨ੍ਹਾਂ ਆਗੂਆਂ ਨੂੰ ਤਰਜੀਹ ਦਿੱਤੀ ਹੈ ਜੋ ਲੰਬੇ ਸਮੇਂ ਤੋਂ ਸੰਗਠਨ ਨਾਲ ਜੁੜੇ ਹੋਏ ਹਨ ਅਤੇ ਜਿਨ੍ਹਾਂ ਕੋਲ ਵੱਡਾ ਸਿਆਸੀ ਤਜ਼ਰਬੇ ਹੈ। ਇਨ੍ਹਾਂ ਸਾਰੇ ਰਾਜਾਂ ਵਿੱਚ ਆਉਣ ਵਾਲੇ ਦਿਨਾਂ ਅੰਦਰ ਨਾਮਜ਼ਦਗੀ ਦੀ ਪ੍ਰਕਿਰਿਆ ਰਸਮੀ ਤੌਰ ‘ਤੇ ਸ਼ੁਰੂ ਹੋਣ ਜਾ ਰਹੀ ਹੈ। ਪਾਰਟੀ ਦੇ ਇਸ ਕਦਮ ਨਾਲ ਵੱਖ-ਵੱਖ ਰਾਜਾਂ ਵਿੱਚ ਸੰਗਠਨ ਹੋਰ ਮਜ਼ਬੂਤ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
ਬਿੱਟੂ ਦਾ ਨਾਂ ਲਿਸਟ ‘ਚ ਨਹੀਂ ਹੈ ਸ਼ਾਮਲ
ਇਸ ਲਿਸਟ ਵਿੱਚ ਰਵਨੀਤ ਬਿੱਟੂ ਦਾ ਨਾਂ ਸ਼ਾਮਲ ਨਹੀਂ ਹੈ। ਉਨ੍ਹਾਂ ਦਾ ਰਾਜਸਭਾ ਮੈਂਬਰ ਵੱਜੋਂ ਕਾਰਜਕਾਲ 21 ਜੂਨ ਨੂੰ ਖਤਮ ਹੋ ਰਿਹਾ ਹੈ ਬੀਤੇ ਦਿਨ ਬਿੱਟੂ ਨੇ ਵਿਧਾਨਸਭਾ ਚੋਣ ਲੜਣ ਦੀ ਇੱਛਾ ਜਤਾਈ ਸੀ। ਜਿਸਤੋਂ ਬਾਅਦ ਲੱਗ ਰਿਹਾ ਹੈ ਕਿ ਬਿੱਟੂ ਹੁਣ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਹੋ ਜਾਣਗੇ। ਬਿੱਟੂ ਨੇ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਸਾਂਝੀਆਂ ਕਰਦਿਆਂ ਕਿਹਾ, “ਮੈਂ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਆਪਣੇ ਬੈਗ ਪੈਕ ਕਰਕੇ ਆਪਣੀਆਂ ਗੱਡੀਆਂ ਵਿੱਚ ਰੱਖ ਕੇ ਬੈਠੀ ਹੈ ਅਤੇ ਹੁਣ ਅਸੀਂ ਸਾਰੇ ਮਿਲ ਕੇ ਪੂਰੇ ਪੰਜਾਬ ਵਿੱਚ ਕੰਮ ਕਰਾਂਗੇ।” ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਦਿੱਲੀ ਵਿੱਚ 17 ਸਾਲ ਬਿਤਾਏ ਅਤੇ ਹੁਣ ਪੰਜਾਬ ਵਾਪਸ ਆ ਕੇ ਸੂਬੇ ਦੀ ਸੇਵਾ ਕਰਨਾ ਚਾਹੁੰਦੇ ਹਨ।
