ਭਾਰਤ ਭੂਸ਼ਣ ਆਸ਼ੂ ਵਿਰੁੱਧ 2 FIR ਰੱਦ, ਜਾਣੋ ਹੋਰ ਕਿਹੜੇ ਮਾਮਲੇ ਪੈਂਡਿੰਗ
ਕਥਿਤ ਟੈਂਡਰ ਘੁਟਾਲੇ ਵਿੱਚ ਫਸੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅੱਜ ਹਾਈਕੋਰਟ ਵੱਲੋਂ ਰਾਹਤ ਦਿੱਤੀ ਗਈ। ਜਿਸ ਤੋਂ ਬਾਅਦ ਪੰਜਾਬ ਵਿਜੀਲੈਂਸ ਵੱਲੋਂ ਲੁਧਿਆਣਾ ਤੇ ਨਵਾਂਸ਼ਹਿਰ ਵਿੱਚ ਦਰਜ ਐਫਆਈਆਰ ਰੱਦ ਕਰ ਦਿੱਤੀਆਂ ਗਈਆਂ। ਦੱਸ ਦਈਏ ਕਿ ਜਲੰਧਰ ਈਡੀ ਕੇਸ ਵਿੱਚ ਦਰਜ ਕੇਸ ਵਿਚਾਰ ਅਧੀਨ ਹਨ।
ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਅੱਜ ਹਾਈਕੋਰਟ ਵਿੱਚ ਸੁਣਵਾਈ ਹੋਈ। ਇਸ ਦੌਰਾਨ ਕੋਰਟ ਨੇ ਲੁਧਿਆਣਾ ਤੇ ਨਵਾਂਸ਼ਹਿਰ ਵਿੱਚ ਵਿਜੀਲੈਂਸ ਵੱਲੋਂ ਆਸ਼ੂ ਖ਼ਿਲਾਫ਼ ਦਰਜ ਐਫਆਈਆਰ ਰੱਦ ਕਰ ਦਿੱਤੀ ਹੈ, ਜਦੋਂ ਕਿ ਜਲੰਧਰ ਈਡੀ ਕੇਸ ਵਿੱਚ ਦਰਜ ਐਫਆਈਆਰ ਹਾਲੇ ਵਿਚਾਰ ਅਧੀਨ ਹੈ।
ਜਾਣੋ ਹੋਰ ਕਿਹੜੇ ਮਾਮਲੇ ਪੈਂਡਿੰਗ
ਖੁਲਾਸਾ ਐਡਵੋਕੇਟ ਮਨਦੀਪ ਸਚਦੇਵਾ ਨੇ ਦੱਸਿਆ ਕਿ ਇਸ ਮਾਮਲੇ ਦੀ ਸੁਣਵਾਈ 23 ਦਸੰਬਰ 2024 ਨੂੰ ਹੋਣੀ ਹੈ, ਹਾਲਾਂਕਿ ਇਸ ਮਾਮਲੇ ਵਿੱਚ ਆਸ਼ੂ ਨੂੰ ਜ਼ਮਾਨਤ ਮਿਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਜੋ ਕੇਸ ਸੈਸ਼ਨ ਕੋਰਟ ਵਿੱਚ ਰੱਖੇ ਗਏ ਸਨ, ਉਨ੍ਹਾਂ ਨੂੰ ਹਾਈ ਕੋਰਟ ਵਿੱਚ ਰੱਖਿਆ ਗਿਆ ਹੈ। ਜਿਸ ਤੋਂ ਬਾਅਦ ਅੱਜ ਹਾਈ ਕੋਰਟ ਨੇ ਲੁਧਿਆਣਾ ਤੇ ਨਵਾਂਸ਼ਹਿਰ ਵਿੱਚ ਦਰਜ ਐਫਆਈਆਰ ਰੱਦ ਕਰ ਦਿੱਤੀਆਂ ਹਨ, ਜਦੋਂਕਿ ਆਸ਼ੂ ਨੂੰ ਈਡੀ ਵੱਲੋਂ ਜਲੰਧਰ ਵਿੱਚ ਦਰਜ ਐਫਆਈਆਰ ਵਿੱਚ ਜ਼ਮਾਨਤ ਦੇ ਦਿੱਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਹਾਈਕੋਰਟ ਦੇ ਹੁਕਮਾਂ ਦੀ ਕਾਪੀ ਆਉਣ ਤੋਂ ਬਾਅਦ ਹੀ ਸਾਰੀ ਹਕੀਕਤ ਸਾਹਮਣੇ ਆ ਜਾਵੇਗੀ, ਅਦਾਲਤ ਵੱਲੋਂ ਹਾਲੇ ਹੀ ਹੁਕਮ ਜਾਰੀ ਕੀਤੇ ਗਏ ਹਨ। ਅਜਿਹੇ ‘ਚ ਭਾਰਤ ਭੂਸ਼ਣ ਆਸ਼ੂ ਹੁਣ ਇਨ੍ਹਾਂ ਦੋਵਾਂ ਮਾਮਲਿਆਂ ‘ਚ ਦੋਸ਼ੀ ਨਹੀਂ ਰਹੇ ਹਨ। ਜਲੰਧਰ ਈਡੀ ਮਾਮਲੇ ਬਾਰੇ ਵਕੀਲ ਸਚਦੇਵਾ ਨੇ ਕਿਹਾ ਕਿ ਹਾਈਕੋਰਟ ਦੇ ਹੁਕਮਾਂ ਦੀ ਕਾਪੀ ਆਉਣ ਤੋਂ ਬਾਅਦ ਹੀ ਇਸ ਮਾਮਲੇ ਵਿੱਚ ਅਦਾਲਤ ਵਿੱਚ ਅਰਜ਼ੀਆਂ ਦਾਇਰ ਕੀਤੀਆਂ ਜਾਣਗੀਆਂ।
ਆਸ਼ੂ ਦੇ ਜੇਲ੍ਹ ਤੋਂ ਬਾਹਰ ਆਉਣ ਬਾਰੇ ਵਕੀਲ ਨੇ ਕਿਹਾ ਕਿ ਮਾਮਲਾ ਹੁਕਮਾਂ ‘ਤੇ ਨਿਰਭਰ ਕਰਦਾ ਹੈ, ਜੇਕਰ ਹੁਕਮਾਂ ਦੀ ਕਾਪੀ ਜਲਦੀ ਆ ਜਾਂਦੀ ਹੈ ਤਾਂ ਅੱਜ ਹੀ ਜ਼ਮਾਨਤ ਦੇ ਕਾਗਜ਼ ਭਰੇ ਜਾਣਗੇ। ਉਨ੍ਹਾਂ ਦੱਸਿਆ ਕਿ ਪਰਗਟ ਸਿੰਘ ਵੱਲੋਂ ਜਲੰਧਰ ਵਿੱਚ ਜ਼ਮਾਨਤ ਦੇ ਪਰਚੇ ਦਾਖ਼ਲ ਕੀਤੇ ਜਾਣਗੇ।
ਇਹ ਵੀ ਪੜ੍ਹੋ
ਪਰਗਟ ਸਿੰਘ ਨੇ ਹਾਈਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ
ਜਲੰਧਰ ਛਾਉਣੀ ਦੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਜਦੋਂ ਵੀ ਏਜੰਸੀਆਂ ਦਬਾਅ ਹੇਠ ਕੰਮ ਕਰਦੀਆਂ ਹਨ ਤਾਂ ਅਜਿਹੇ ਹੀ ਹਾਲਾਤ ਦੇਖਣ ਨੂੰ ਮਿਲਦੇ ਹਨ। ਅੱਜ ਭਾਰਤ ਭੂਸ਼ਣ ਆਸ਼ੂ ਨੂੰ ਅਦਾਲਤ ਤੋਂ ਨਾ ਸਿਰਫ਼ ਜ਼ਮਾਨਤ ਮਿਲ ਗਈ ਸਗੋਂ 2 ਐਫਆਈਆਰ ਵੀ ਰੱਦ ਕਰ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਭਾਵੇਂ ਆਸ਼ੂ ਨੂੰ ਅਦਾਲਤ ਤੋਂ ਰਾਹਤ ਮਿਲ ਗਈ ਹੈ ਪਰ ਪਿਛਲੇ 4 ਮਹੀਨਿਆਂ ਤੋਂ ਜੇਲ੍ਹ ਵਿੱਚ ਰਹਿਣ ਦਾ ਮੁਆਵਜ਼ਾ ਕੌਣ ਦੇਵੇਗਾ।
ਅੱਜ ਦੀ ਸੁਣਵਾਈ ਦੌਰਾਨ ਸਾਰੇ ਪਹਿਲੂਆਂ ਨੂੰ ਦੇਖਣ ਤੋਂ ਬਾਅਦ ਅਦਾਲਤ ਨੇ ਨਾ ਤਾਂ ਆਸ਼ੂ ਨੂੰ ਜ਼ਮਾਨਤ ਦਿੱਤੀ ਹੈ ਸਗੋਂ ਦੋਵੇਂ ਐਫਆਈਆਰ ਰੱਦ ਕਰ ਦਿੱਤੀਆਂ ਹਨ, ਜਿਸ ਕਾਰਨ ਆਸ਼ੂ ‘ਤੇ ਦਬਾਅ ਮਿਟ ਗਿਆ ਹੈ। ਅੱਜ ਅਦਾਲਤ ਨੇ ਇਸ ਮਾਮਲੇ ਵਿੱਚ ਆਸ਼ੂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਪਰਗਟ ਸਿੰਘ ਨੇ ਵੀ ਹਾਈਕੋਰਟ ਦੇ ਫੈਸਲੇ ਦਾ ਸਮਰਥਨ ਕੀਤਾ।