Nagar Nigam Live Updates: ਲੁਧਿਆਣਾ ਵਿੱਚ ਵਰਕਰਾਂ ਨੂੰ ਮਿਲੇ ਰਾਜਾ ਵੜਿੰਗ, ਵਧਾਇਆ ਹੌਂਸਲਾ, ਵੋਟਿੰਗ ਜਾਰੀ
ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਅਤੇ ਫਗਵਾੜਾ ਦੀ ਨਗਰ ਨਿਗਮ ਲਈ ਵੋਟਿੰਗ ਜਾਰੀ ਹੈ। ਇਸ ਤੋਂ ਇਲਾਵਾ 44 ਨਗਰ ਕੌਂਸਲਾਂ ਵਿੱਚ ਵੀ ਵੋਟਿੰਗ ਹੋ ਰਹੀ ਹੈ। ਚੋਣ ਕਮਿਸ਼ਨ ਅਨੁਸਾਰ ਵੋਟਿੰਗ ਲਈ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਦਾ ਸਮਾਂ ਰੱਖਿਆ ਗਿਆ ਹੈ। ਸ਼ਾਮ ਨੂੰ 5 ਵਜੇ ਦੇ ਕਰੀਬ ਚੋਣਾਂ ਦੇ ਨਤੀਜ਼ਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ।
LIVE NEWS & UPDATES
-
ਪ੍ਰਸ਼ਾਸਨ ਨੇ ਰਾਹ ਕੀਤਾ ਬੰਦ
ਵੋਟਿੰਗ ਦੀ ਪ੍ਰੀਕ੍ਰਿਆ ਵਿਚਾਲੇ ਜਲੰਧਰ ਦੇ ਭਗਵਾਨ ਵਾਲਮੀਕਿ (ਜਯੋਤੀ ਚੌਕ) ਤੋਂ ਬਾਜ਼ਾਰ ਨੂੰ ਜਾਣ ਵਾਲੀ ਸੜਕ ‘ਤੇ ਪ੍ਰਸ਼ਾਸਨ ਨੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਬਜ਼ਾਰ ਚੌਕ ਨੇੜੇ ਸਥਿਤ ਸਰਕਾਰੀ ਸਕੂਲ ਵਿੱਚ ਵੋਟਾਂ ਪੈ ਰਹੀਆਂ ਹਨ, ਇਸ ਲਈ ਇਹ ਸੜਕ ਬੰਦ ਕਰ ਦਿੱਤੀ ਗਈ ਹੈ।
-
ਵਰਕਰਾਂ ਨੂੰ ਮਿਲੇ ਵੜਿੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੋਟਿੰਗ ਦੌਰਾਨ ਲੁਧਿਆਣਾ ਵਿੱਚ ਕਾਂਗਰਸੀ ਵਰਕਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਹਨਾਂ ਨੇ ਵਰਕਰਾਂ ਦਾ ਹੌਸਲਾ ਵਧਾਇਆ।
-
ਲੁਧਿਆਣਾ ਚ ਭਿੜੇ ਕਾਂਗਰਸੀ ਅਤੇ ਅਕਾਲੀ
ਲੁਧਿਆਣਾ ਦੇ ਮੁੱਲਾਂਪੁਰ ਨਗਰ ਕੌਂਸਲ ਤੇ ਹੋ ਰਹੀ ਵੋਟਿੰਗ ਵਿਚਾਲੇ ਕਾਂਗਰਸੀ ਅਤੇ ਅਕਾਲੀ ਲੀਡਰਾਂ ਵਿਚਾਲੇ ਹੱਥੋਪਾਈ ਹੋ ਗਈ।
-
ਬੂਥ ਦੇ ਬਾਹਰ ਪਿਸਤੌਲ ਲੈ ਕੇ ਘੁੰਮ ਰਿਹਾ ਸੀ ਵਿਅਕਤੀ
ਅੰਮ੍ਰਿਤਸਰ ਚ ਨਗਰ ਨਿਗਮ ਚੋਣਾਂ ਦੌਰਾਨ ਵਾਰਡ ਨੰਬਰ 85 ਤੇ ਹੋਇਆ ਜ਼ਬਰਦਸਤ ਹੰਗਾਮਾ, ਆਜ਼ਾਦ ਉਮੀਦਵਾਰ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਹੋਈ ਜ਼ਬਰਦਸਤ ਬਹਿਸ, ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇੱਕ ਹਥਿਆਰਬੰਦ ਵਿਅਕਤੀ ਨੂੰ ਕੀਤਾ ਗ੍ਰਿਫਤਾਰ
-
ਪੋਲਿੰਗ ਬੂਥ ਤੇ ਪਹੁੰਚੇ ਵਿਧਾਇਕ ਜੌੜਾਮਾਜਰਾ, ਭਾਜਪਾ ਆਗੂ ਨੇ ਜਤਾਇਆ ਇਤਰਾਜ
ਆਮ ਆਦਮੀ ਪਾਰਟੀ ਦੇ ਵਿਧਾਇਕ ਪਟਿਆਲਾ ਨਗਰ ਨਿਗਮ ਲਈ ਚੱਲ ਰਹੀ ਵੋਟਿੰਗ ਦੌਰਾਨ ਪੋਲਿੰਗ ਬੂਥ ਤੇ ਪਹੁੰਚੇ। ਜਿੱਥੇ ਭਾਜਪਾ ਆਗੂ ਜੈਇੰਦਰ ਕੌਰ ਨੇ ਵਿਰੋਧ ਜਾਹਿਰ ਕੀਤਾ।
-
ਸਾਨੇਵਾਲ ਦੇ ਬੂਥ ਨੰਬਰ 11 ਤੇ ਹੰਗਾਮਾ
ਲੁਧਿਆਣਾ ਦੇ ਸਾਨੇਵਾਲ ਦੇ ਵਾਰਡ ਨੰਬਰ 11 ਦੇ ਇੱਕ ਬੂਥ ਤੇ ਵੋਟਰ ਸੂਚੀ ਵਿੱਚੋਂ ਕੁੱਝ ਲੋਕਾਂ ਦੇ ਨਾਮ ਨਾ ਹੋਣ ਕਾਰਨ ਹੋਇਆ ਹੰਗਾਮਾ, ਵੋਟਿੰਗ ਜਾਰੀ
-
ਫਗਵਾੜਾ ‘ਚ ਭਾਜਪਾ ਉਮੀਦਵਾਰ ਨੇ ਕਾਂਗਰਸੀ ਉਮੀਦਵਾਰ ਖਿਲਾਫ ਪੁਲਸ ਨੂੰ ਦਿੱਤੀ ਸ਼ਿਕਾਇਤ
ਫਗਵਾੜਾ ਦੇ ਵਾਰਡ ਨੰਬਰ 48 ਤੋਂ ਕਾਂਗਰਸੀ ਉਮੀਦਵਾਰ ਅਸ਼ਵਨੀ ਸ਼ਰਮਾ ਖਿਲਾਫ ਭਾਜਪਾ ਉਮੀਦਵਾਰ ਪਰਮਜੀਤ ਸਿੰਘ ਖੁਰਾਣਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬੂਥ ਪੋਲਿੰਗ ਸਟੇਸ਼ਨ ਦੇ ਬਿਲਕੁਲ ਸਾਹਮਣੇ ਹੈ, ਜਿਸ ਕਾਰਨ ਉਹ ਵੋਟਰਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਇਸ ਤੇ ਕਾਰਵਾਈ ਕਰਦਿਆਂ ਡੀਐਸਪੀ ਭਾਰਤ ਭੂਸ਼ਣ ਨੇ ਅਸ਼ਵਨੀ ਸ਼ਰਮਾ ਦੇ ਬੂਥ ਨੂੰ ਉਥੋਂ ਹਟਾ ਦਿੱਤਾ। ਇਸ ਦੇ ਨਾਲ ਹੀ ਅਸ਼ਵਨੀ ਸ਼ਰਮਾ ਨੇ ਪਰਮਜੀਤ ਸਿੰਘ ਖੁਰਾਣਾ ‘ਤੇ ਲੋਕਾਂ ਨੂੰ ਜ਼ਬਰਦਸਤੀ ਆਪਣੇ ਹੱਕ ‘ਚ ਵੋਟਾਂ ਪਾਉਣ ਦਾ ਇਲਜ਼ਾਮ ਵੀ ਲਾਇਆ।
-
ਲੁਧਿਆਣਾ ਵਿੱਚ 9 ਵਜੇ ਤੱਕ 5.5 ਫੀਸਦ ਹੋਈ ਵੋਟਿੰਗ
ਲੁਧਿਆਣਾ ਨਗਰ ਨਿਗਮ ਲਈ ਵੋਟਿੰਗ ਜਾਰੀ ਹੈ। ਸਵੇਰੇ 9 ਵਜੇ ਤੱਕ 5.5 ਫੀਸਦ ਵੋਟਿੰਗ ਪੋਲ ਹੋਈ। ਦੂਜੇ ਪਾਸੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਨੇ ਗੰਭੀਰ ਇਲਜ਼ਾਮ ਲਗਾਏ।
-
ਹੁਸ਼ਿਆਰਪੁਰ ਦੇ ਬੂਥ ਨੰ 6 ਤੇ ਭਿੜੇ ਜਿੰਪਾ ਅਤੇ ਅਰੋੜਾ
ਹੁਸ਼ਿਆਰਪੁਰ ਦੇ ਬੂਥ ਨੰਬਰ 6 ਤੇ ਕਾਂਗਰਸੀ ਆਗੂ ਸ਼ਾਮ ਸੁੰਦਰ ਅਰੋੜਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਬ੍ਰਮ ਸ਼ੰਕਰ ਜਿੰਪਾ ਵਿਚਾਲੇ ਕਾਫੀ ਬਹਿਸ ਹੋਈ। ਗੱਲ ਤੂੰ ਤੂੰ- ਮੈਂ ਮੈਂ ਤੱਕ ਪਹੁੰਚ ਗਈ।
-
ਮਮਤਾ ਆਸ਼ੂ ਨੇ ਲਗਾਏ ਇਲਜ਼ਾਮ
ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਨੇ ਇਲਜ਼ਾਮ ਲਗਾਇਆ ਹੈ ਕਿ ਲੁਧਿਆਣਾ ਤੋਂ ਬਾਹਰਲੇ ਇਲਾਕੇ ਚੋ ਆਏ ਕੁਝ ਲੋਕ ਬੂਥਾਂ ‘ਤੇ ਵੋਟਰਾਂ ਨੂੰ ਡਰਾ ਧਮਕਾ ਕੇ ਉਨ੍ਹਾਂ ਦੇ ਆਪਣੇ ਹੱਕ ‘ਚ ਵੋਟ ਪਾਉਣ ਲਈ ਦਬਾਅ ਪਾ ਰਹੇ ਹਨ।
-
ਪਟਿਆਲਾ ਦੇ ਵਾਰਡ ਨੰਬਰ 40 ‘ਤੇ ਝੜਪ, ਚੱਲੇ ਇੱਟਾਂ ਰੋੜੇ
ਭਾਜਪਾ ਆਗੂ ਜੈ ਇੰਦਰ ਕੌਰ ਆਪਣੇ ਸਮਰਥਕਾਂ ਸਮੇਤ ਪਟਿਆਲਾ ਦੇ ਵਾਰਡ ਨੰਬਰ 40 ਵਿੱਚ ਪਹੁੰਚ ਗਈ ਹੈ। ਸਵੇਰੇ ਵੋਟਿੰਗ ਤੋਂ ਪਹਿਲਾਂ ਇੱਥੇ ਝੜਪ ਹੋ ਗਈ। ਝੜਪ ਦੀ ਇੱਕ ਵੀਡੀਓ ਵੀ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀ ਹੈ।
-
ਖੰਨਾ ਚ ਦਾਅ ਤੇ ਮੰਤਰੀ ਅਤੇ ਸਾਬਕਾ ਮੰਤਰੀ ਦੀ ਸਾਖ
ਕਾਂਗਰਸੀ ਕੌਂਸਲਰ ਗੁਰਮਿੰਦਰ ਸਿੰਘ ਲਾਲੀ ਦੀ ਮੌਤ ਤੋਂ ਬਾਅਦ ਖੰਨਾ ਨਗਰ ਕੌਂਸਲ ਦੇ ਵਾਰਡ ਨੰਬਰ 2 ਵਿੱਚ ਜ਼ਿਮਨੀ ਚੋਣ ਹੋ ਰਹੀ ਹੈ। ਖੰਨਾ ਵਿੱਚ ਇਸ ਵਾਰ ਪੰਚਾਇਤ ਤੇ ਉਦਯੋਗ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ਅਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੀ ਸਾਖ ਦਾਅ ਤੇ ਲੱਗੀ ਹੋਈ ਹੈ।
ਇਸ ਵਾਰਡ ਤੋਂ ਆਮ ਆਦਮੀ ਪਾਰਟੀ ਨੇ ਗੁਰਦੀਪ ਕੁਮਾਰ ਵਿੱਕੀ ਮਸ਼ਾਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਕਾਂਗਰਸ ਨੇ ਸਤਨਾਮ ਸਿੰਘ ਚੌਧਰੀ ਨੂੰ ਮੈਦਾਨ ਵਿੱਚ ਉਤਾਰਿਆ ਹੈ। ਪੰਜਾਬ ਭਾਜਪਾ ਦੇ ਬੁਲਾਰੇ ਇਕਬਾਲ ਸਿੰਘ ਚੰਨੀ ਦੇ ਪੁੱਤਰ ਹਸਨਦੀਪ ਸਿੰਘ ਭਾਜਪਾ ਵੱਲੋਂ ਚੋਣ ਲੜ ਰਹੇ ਹਨ। ਅਕਾਲੀ ਦਲ ਨੇ ਮਨਦੀਪ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਹੈ।
-
ਅਮਨ ਅਰੋੜਾ ਨੇ ਕੀਤੀ ਵੋਟ ਪਾਉਣ ਦੀ ਅਪੀਲ
ਲੋਕਤੰਤਰ ਦੀ ਸਭ ਤੋਂ ਹੇਠਲੀ ਪਰ ਸਭ ਤੋਂ ਮਜ਼ਬੂਤ ਨੀਂਹ ਮਿਉਂਸੀਪਲ ਚੋਣਾਂ ਅੱਜ ਸਮੁੱਚੇ ਪੰਜਾਬ ਵਿੱਚ ਹੋ ਰਹੀਆਂ ਹਨ।
ਮੇਰੀ ਸਮੁੱਚੇ ਪੰਜਾਬ ਦੇ ਸ਼ਹਿਰ ਨਿਵਾਸੀ ਵੋਟਰਾਂ ਨੂੰ ਅਪੀਲ ਹੈ ਕਿ ਆਪਣੇ ਇਸ ਅਧਿਕਾਰ ਦੀ ਵਰਤੋਂ ਵੱਧ ਚੜ ਕੇ ਪੂਰੇ ਅਮਨ-ਅਮਾਨ ਨਾਲ ਕਰੋ ਤਾਂ ਕਿ ਸ਼ਹਿਰੀ ਖੇਤਰਾਂ ਦੇ ਹੋਣ ਜਾ ਰਹੇ ਵਿਕਾਸ ਦਾ ਤੁਸੀਂ ਖ਼ੁਦ ਹਿੱਸਾ ਬਣ ਸਕੋਂ ।
— Aman Arora (@AroraAmanSunam) December 21, 2024
-
ਧਰਮਕੋਟ ਦੇ 8 ਵਾਰਡਾਂ ਦੀ ਚੋਣ ਤੇ ਰੋਕ
ਮੋਗਾ ਦੇ ਕਸਬਾ ਧਰਮਕੋਟ ਦੇ 8 ਵਾਰਡਾਂ ਵਿੱਚ ਅੱਜ ਵੋਟਿੰਗ ਨਹੀਂ ਹੋਵੇਗੀ। ਨਾਮਜ਼ਦਗੀਆਂ ਭਰਨ ਵਿੱਚ ਹੋਈਆਂ ਅਣ-ਗਹਿਲੀਆਂ ਤੋਂ ਬਾਅਦ ਇਹਨਾਂ ਵਾਰਡਾਂ ਵਿੱਚ ਵੋਟਿੰਗ ਤੇ ਰੋਕ ਲਗਾ ਦਿੱਤੀ ਗਈ ਸੀ।
-
ਅੰਮ੍ਰਿਤਸਰ ਚ ਖ਼ਰਾਬ ਹੋਈ EVM, ਵੋਟਿੰਗ ਚ ਦੇਰੀ
ਅੰਮ੍ਰਿਤਸਰ ਨਗਰ ਨਿਗਮ ਦੀ ਚੋਣਾਂ ਦੌਰਾਨ ਬੂਥ ‘ਤੇ ਮਸ਼ੀਨ ਖਰਾਬ ਹੋਣ ਕਾਰਨ ਵੋਟਿੰਗ ਸ਼ੁਰੂ ਹੋਣ ਵਿੱਚ ਦੇਰੀ ਹੋਈ ਜਾਣਕਾਰੀ ਅਨੁਸਾਰ ਵਾਰਡ 25 ਦੇ ਬੂਥ ਨੰਬਰ 2 ਵਿੱਚ ਆਈ ਹੋਈ ਮਸ਼ੀਨ ਖਰਾਬ ਹੋ ਗਈ। ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਕਰਮਚਾਰੀ ਮੌਕੇ ‘ਤੇ ਪਹੁੰਚੇ ਅਤੇ ਮਸ਼ੀਨ ਨੂੰ ਠੀਕ ਕੀਤਾ ਗਿਆ ।
-
ਪਟਿਆਲਾ ਦੇ 7 ਵਾਰਡਾਂ ਚ ਵੋਟਿੰਗ ਤੇ ਰੋਕ
ਪਟਿਆਲਾ ਨਗਰ ਨਿਗਮ ਦੇ ਸੱਤ ਵਾਰਡਾਂ ਵਿੱਚ ਅੱਜ ਵੋਟਿੰਗ ਨਹੀਂ ਹੋਵੇਗੀ। ਇਨ੍ਹਾਂ ਵਾਰਡਾਂ ਵਿੱਚ ਵਾਰਡ ਨੰਬਰ 1, 32, 33, 36, 41, 48 ਅਤੇ 50 ਸ਼ਾਮਿਲ ਹਨ। ਨਾਮਜ਼ਦਗੀ ਪ੍ਰਕਿਰਿਆ ਦੇ ਆਖਰੀ ਦਿਨ ਇਹਨਾਂ ਵਾਰਡਾਂ ਲਈ ਭਰੀਆਂ ਜਾ ਰਹੀਆਂ ਨਾਮਜ਼ਦਗੀਆਂ ਲਈ ਕਾਫੀ ਹੰਗਾਮਾ ਹੋਇਆ ਸੀ। ਜਿਸ ਤੋਂ ਮਾਮਲਾ ਹਾਈਕੋਰਟ ਤੱਕ ਪਹੁੰਚਿਆ ਸੀ।
-
ਅੰਮ੍ਰਿਤਸਰ ਚ ਸੁਰੱਖਿਆ ਪ੍ਰਬੰਧ ਸਖ਼ਤ
ਅੰਮ੍ਰਿਤਸਰ ਵਿੱਚ ਨਗਰ ਨਿਗਮ ਚੋਣਾਂ ਲਈ 85 ਵਾਰਡਾਂ ਬਣਾਏ ਗਏ ਹਨ। ਜਿੱਥੇ 811 ਬੂਥਾਂ ਤੇ ਵੋੋਟਿੰਗ ਹੋ ਰਹੀ ਹੈ। ਜਿਨ੍ਹਾਂ ਵਿੱਚੋਂ 300 ਨੂੰ ਸੰਵੇਦਨਸ਼ੀਲ ਅਤੇ 245 ਨੂੰ ਅਤਿ ਸੰਵੇਦਨਸ਼ੀਲ ਐਲਾਨਿਆ ਗਿਆ ਹੈ। ਇਨ੍ਹਾਂ ਬੂਥਾਂ ਤੋਂ ਇਲਾਵਾ ਪੂਰੇ ਅੰਮ੍ਰਿਤਸਰ ਵਿੱਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਨਤੀਜੇ ਐਲਾਨੇ ਜਾਣ ਤੱਕ ਸੁਰੱਖਿਆ ਬਲ ਤਾਇਨਾਤ ਰਹਿਣਗੇ।
-
ਜਲੰਧਰ ਚ 6 ਲੱਖ 83 ਹਜ਼ਾਰ 367 ਲੱਖ ਵੋਟਰ ਚੁਣਨਗੇ ਸ਼ਹਿਰੀ ਸਰਕਾਰ
ਜਲੰਧਰ ਨਗਰ ਨਿਗਮ ਚੋਣਾਂ ਵਿੱਚ 6 ਲੱਖ 83 ਹਜ਼ਾਰ 367 ਲੱਖ ਵੋਟਰ ਆਪਣੀ ਵੋਟ ਦਾ ਭੁਗਤਾਨ ਕਰਨਗੇ। ਜਿਸ ਵਿੱਚ 3 ਲੱਖ 54 ਹਜ਼ਾਰ 159 ਪੁਰਸ਼ ਅਤੇ 3 ਲੱਖ 29 ਹਜ਼ਾਰ 188 ਔਰਤਾਂ ਸ਼ਾਮਲ ਹਨ। ਇਹ ਵੋਟਿੰਗ 85 ਵਾਰਡਾਂ ਵਿੱਚ ਹੋਵੇਗੀ। ਜਦੋਂ ਕਿ ਨਗਰ ਕੌਂਸਲ ਭੋਗਪੁਰ, ਗੁਰਾਇਆ ਅਤੇ ਫਿਲੌਰ ਲਈ 24 ਹਜ਼ਾਰ 504 ਅਤੇ ਨਗਰ ਪੰਚਾਇਤ ਬਿਲਗਾ, ਸ਼ਾਹਕੋਟ ਅਤੇ ਮਹਿਤਪੁਰ ਲਈ 21ਹਜ਼ਾਰ 787 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।
-
ਲੁਧਿਆਣਾ ਦੇ 95 ਵਾਰਡਾਂ ਵਿੱਚ ਹੋ ਰਹੀ ਹੈ ਵੋਟਿੰਗ
ਲੁਧਿਆਣਾ ਦੇ 95 ਵਾਰਡਾਂ ਵਿੱਚ ਕੁੱਲ 16 ਲੱਖ 5ਹਜ਼ਾਰ 749 ਵੋਟਰ ਹਨ। ਜਿਸ ਵਿੱਚ 6 ਲੱਖ 24 ਹਜ਼ਾਰ 708 ਪੁਰਸ਼ ਵੋਟਰ ਹਨ ਜਦੋਂ ਕਿ 5 ਲੱਖ 40 ਹਜ਼ਾਰ 938 ਮਹਿਲਾ ਵੋਟਰ ਅਤੇ 103 ਤੀਜੇ ਲਿੰਗ ਵੋਟਰ ਸ਼ਾਮਲ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 11054 ਅਧਿਕਾਰੀ ਚੋਣ ਡਿਊਟੀ ਤੇ ਤਾਇਨਾਤ ਕੀਤੇ ਗਏ ਹਨ।
ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਅਤੇ ਫਗਵਾੜਾ ਦੀ ਨਗਰ ਨਿਗਮ ਲਈ ਵੋਟਿੰਗ ਜਾਰੀ ਹੈ। ਇਸ ਤੋਂ ਇਲਾਵਾ 44 ਨਗਰ ਕੌਂਸਲਾਂ ਵਿੱਚ ਵੀ ਵੋਟਿੰਗ ਹੋ ਰਹੀ ਹੈ। ਚੋਣ ਕਮਿਸ਼ਨ ਅਨੁਸਾਰ ਵੋਟਿੰਗ ਲਈ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਦਾ ਸਮਾਂ ਰੱਖਿਆ ਗਿਆ ਹੈ। ਸ਼ਾਮ ਨੂੰ 5 ਵਜੇ ਦੇ ਕਰੀਬ ਚੋਣਾਂ ਦੇ ਨਤੀਜ਼ਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ।